ਵਾਸ਼ਿੰਗਟਨ, ਸਮਾਜ ਵੀਕਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਰਣਨੀਤਕ ਤੌਰ ’ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ’ਚ ਆਸਟਰੇਲੀਆ, ਭਾਰਤ, ਜਪਾਨ ਤੇ ਅਮਰੀਕਾ ਦਾ ਗ਼ੈਰ-ਰਸਮੀ ‘ਕੁਆਡ’ ਸਮੂਹ ਮੌਜੂਦਾ ਸਮੇਂ ਉੱਭਰੇ ਬਹੁਤ ਮਹੱਤਵਪੂਰਨ ਖੱਪਿਆਂ ਨੂੰ ਪੂਰਦਾ ਹੈ ਅਤੇ ਨਵੀਂ ਦਿੱਲੀ ਇਸ ’ਚ (ਕੁਆਡ) ’ਚ ਆਪਣੀ ਮੈਂਬਰਸ਼ਿਪ ਨੂੰ ਲੈ ਕੇ ਸਪੱਸ਼ਟ ਹੈ। ਕੁਆਡ ਦਾ ਟੀਚਾ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀਆਂ ਹਮਲਾਵਰ ਕਾਰਵਾਈਆਂ ਵਿਚਾਲੇ ਇਸ ਖੇਤਰ ’ਚ ਨਿਯਮ ਆਧਾਰਿਤ ਪ੍ਰਬੰਧ ਮਜ਼ਬੂਤ ਕਰਨਾ ਹੈ।
ਵਾਸ਼ਿੰਗਟਨ ’ਚ ਆਪਣੀਆਂ ਵਧੇਰੇ ਮੀਟਿੰਗਾਂ ਖਤਮ ਹੋਣ ਤੋਂ ਬਾਅਦ ਭਾਰਤੀ ਪੱਤਰਕਾਰਾਂ ਨੂੰ ਉਨ੍ਹਾਂ ਦੱਸਿਆ, ‘ਮੌਜੂਦਾ ਸਮੇਂ ਆਲਮੀ ਤੇ ਖੇਤਰੀ ਜ਼ਰੂਰਤਾਂ ਨੂੰ ਇੱਕ ਦੇਸ਼ ਪੂਰਾ ਨਹੀਂ ਕਰ ਸਕਦਾ ਅਤੇ ਇਸ ਅਹਿਮ ਪਾੜੇ ਨੂੰ ਅੱਜ ਕੁਆਡ ਪੂਰਦਾ ਹੈ। ਇਸ ਫਰਕ ਨੂੰ ਕਿਸੇ ਇੱਕ ਦੁਵੱਲੇ ਰਿਸ਼ਤੇ ਨਾਲ ਵੀ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਬਹੁ-ਪੱਖੀ ਪੱਧਰ ’ਤੇ ਵੀ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ।’ ਉਨ੍ਹਾਂ ਕਿਹਾ ਕਿ ਕੁਆਡ ’ਚ ਆਪਣੀ ਮੈਂਬਰਸ਼ਿਪ ਨੂੰ ਲੈ ਕੇ ਭਾਰਤ ਦਾ ਰੁਖ਼ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਮੂਹ ਦੀ ਪ੍ਰਗਤੀ ’ਚ ਨਿੱਜੀ ਤੌਰ ’ਤੇ ਸ਼ਾਮਲ ਰਹੇ ਹਨ ਜਦੋਂ ਤੋਂ ਉਹ ਭਾਰਤ ਦੇ ਵਿਦੇਸ਼ ਸਕੱਤਰ ਸਨ। ਆਪਣੀ ਯਾਤਰਾ ਦੌਰਾਨ ਉਨ੍ਹਾਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੱਖਿਆ ਮੰਤਰੀ ਲੌਇਡ ਆਸਟਿਨ ਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਉਨ੍ਹਾਂ ਦੀ ਮੀਟਿੰਗ ਸਾਰਥਕ ਰਹੀ ਅਤੇ ਇਸ ਦੌਰਾਨ ਉਨ੍ਹਾਂ ਦੁਵੱਲੇ ਸਬੰਧਾਂ, ਕੋਵਿਡ-19 ਤੋਂ ਰਾਹਤ ਲਈ ਕੋਸ਼ਿਸ਼ਾਂ, ਭਾਰਤ-ਚੀਨ ਸਰਹੱਦ ਦੀ ਸਥਿਤੀ ਤੇ ਅਫ਼ਗਾਨਿਸਤਾਨ ਬਾਰੇ ਚਰਚਾ ਕੀਤੀ ਅਤੇ ਸਾਂਝੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly