ਕੋਲਕਾਤਾ, ਸਮਾਜ ਵੀਕਲੀ: ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਅੱਜ ਦੋਸ਼ ਲਾਇਆ ਕਿ ਚੱਕਰਵਾਤੀ ਤੂਫ਼ਾਨ ‘ਯਾਸ’ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਲਈ ਹੋਈ ਮੀਟਿੰਗ ’ਚ ਸ਼ਾਮਲ ਨਾ ਹੋ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕੀਤੀ ਹੈ। ਭਾਜਪਾ ਵਿਧਾਇਕ ਨੇ ਡਿਜੀਟਲ ਪੱਤਰਕਾਰ ਸੰਮੇਲਨ ’ਚ ਕਿਹਾ, ‘ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਮੁੱਖ ਸਕੱਤਰ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕੀਤੀ ਹੈ, ਉਸ ਦੀ ਆਲੋਚਨਾ ਲਈ ਮੇਰੇ ਕੋਲ ਸ਼ਬਦ ਨਹੀਂ ਹਨ।’ ਅਧਿਕਾਰੀ ਨੇ ਦਾਅਵਾ ਕੀਤਾ ਕਿ ਬੈਨਰਜੀ ਨੇ ਬੀਤੇ ਦਿਨ ਪੱਛਮੀ ਮੇਦਨੀਪੁਰ ਦੇ ਜ਼ਿਲ੍ਹੇ ਦੇ ਕਲਾਈਕੁੰਡਾ ਏਅਰ ਬੇਸ ’ਚ ਹੋਈ ਮੀਟਿੰਗ ’ਚ ਉਨ੍ਹਾਂ ਦੀ ਮੌਜੂਦਗੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਉਨ੍ਹਾਂ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਚੱਕਰਵਾਤ ਪ੍ਰਭਾਵਿਤ ਨੰਦੀਗ੍ਰਾਮ ਦੇ ਵਿਧਾਇਕ ਵਜੋਂ ਸੱਦਾ ਦਿੱਤਾ ਗਿਆ ਸੀ। ਭਾਜਪਾ ਆਗੂ ਨੇ ਕਿਹਾ, ‘ਉਹ (ਬੈਨਰਜੀ) ਆਪਣੇ ਵਤੀਰੇ ਰਾਹੀਂ ਆਪਣਾ ਹੰਕਾਰ ਦਿਖਾਉਣ ਤੇ ਹੋਛੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’
ਇਸੇ ਦੌਰਾਨ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਵੱਲੋਂ ਸੂਬੇ ਲਈ 20 ਹਜ਼ਾਰ ਕਰੋੜ ਦੀ ਰਾਹਤ ਰਾਸ਼ੀ ਮੰਗਣਾ ਗ਼ੈਰ-ਵਾਜਿਬ ਹੈ ਕਿਉਂਕਿ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿਚਾਲੇ ਛੱਡ ਦਿੱਤੀ ਤੇ ਮੰਗ ਦੇ ਵੇਰਵੇ ਪੇਸ਼ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉੜੀਸਾ ਨੂੰ ਚੱਕਰਵਾਤੀ ਤੂਫ਼ਾਨ ਦੀ ਵੱਧ ਮਾਰ ਪਈ ਹੈ ਜਦਕਿ ਪੱਛਮੀ ਬੰਗਾਲ ਦਾ ਕਾਫੀ ਹੱਦ ਤੱਕ ਬਚਾਅ ਰਿਹਾ ਹੈ ਤੇ ਉਹ (ਮਮਤਾ) 20 ਹਜ਼ਾਰ ਕਰੋੜ ਰੁਪਏ ਮੰਗ ਰਹੇ ਹਨ। ਉਹ ਪ੍ਰਧਾਨ ਮੰਤਰੀ ਨਾਲ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਆਪਣੀਆਂ ਝੂਠੀਆਂ ਮੰਗਾਂ ਦੇ ਵੇਰਵੇ ਪੇਸ਼ ਨਹੀਂ ਕਰ ਸਕਦੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly