ਸ਼੍ਰੋਮਣੀ ਕਮੇਟੀ ਸਥਾਪਨਾ ਸ਼ਤਾਬਦੀ: ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ

ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਸਥਾਪਨਾ ਸ਼ਤਾਬਦੀ ਦੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ ਅਤੇ ਇਸ ਨੂੰ ਸਮਰਪਿਤ ਮੁੱਖ ਸਮਾਗਮ 17 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ। ਇਸ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ ਸ਼ਨਿੱਚਰਵਾਰ ਚਿੱਤਰ ਪ੍ਰਦਰਸ਼ਨੀ ਨਾਲ ਕੀਤੀ ਗਈ ਅਤੇ ਇਸੇ ਤਹਿਤ ਹੀ ਅੱਜ ਸ੍ਰੀ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ, ਜਿਸ ਦੇ ਭੋਗ 17 ਨਵੰਬਰ ਨੂੰ ਪੈਣਗੇ।

ਅਖੰਡ ਪਾਠ ਦੀ ਆਰੰਭਤਾ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਜ਼ਿਰਯੋਗ ਹੈ ਕਰੋਨਾ ਮਹਾਮਾਰੀ ਦਾ ਪਰਛਾਵਾਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਸ਼ਤਾਬਦੀ ਸਮਾਗਮਾਂ ’ਤੇ ਵੀ ਪਿਆ ਹੈ, ਜਿਸ ਕਾਰਨ ਇਸ ਵਰ੍ਹੇ ਦੀ ਥਾਂ ਅਗਲਾ ਵਰ੍ਹਾ 2021 ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਕੀਤਾ ਜਾਵੇਗਾ। ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਪਣੇ ਸੌ ਸਾਲ ਦੇ ਸਫ਼ਰ ਦੌਰਾਨ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ।

ਇਸ ਦੌਰਾਨ ਕੌਮੀ ਮਸਲਿਆਂ ਦੀ ਪੈਰਵੀ ਅਤੇ ਸਿਹਤ, ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ। ਇਸ ਤੋਂ ਇਲਾਵਾ ਲੋਕ ਭਲਾਈ ਦੇ ਕਾਰਜ ਵੀ ਸਿੱਖ ਸੰਸਥਾ ਨੇ ਕੀਤੇ ਹਨ। ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਨਿਰੰਤਰ ਯਤਨਸ਼ੀਲ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਾਰਜਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਸ਼ਤਾਬਦੀ ਮੌਕੇ ਮੁੱਖ ਸਮਾਗਮ ਵਿੱਚ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ 15 ਨਵੰਬਰ 1920 ਨੂੰ ਹੋਈ ਸੀ। ਸਿੱਖ ਸੰਸਥਾ ਦੇ 100 ਸਾਲਾਂ ਦੇ ਸਫਰ ਵਿੱਚ 42 ਪ੍ਰਧਾਨਾਂ ਨੇ ਕੰਮ ਕੀਤਾ ਹੈ। ਸੁੰਦਰ ਸਿੰਘ ਮਜੀਠੀਆ ਇਸ ਦੇ ਪਹਿਲੇ ਪ੍ਰਧਾਨ ਬਣੇ ਸਨ। ਸਿੱਖ ਗੁਰਦੁਆਰਾ ਐਕਟ 1925 ਲਾਗੂ ਹੋਣ ਮਗਰੋਂ ਸਿੱਖ ਸੰਸਥਾ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਬਣੇ, ਜਿਨ੍ਹਾਂ ਲੱਗਪਗ ਚਾਰ ਸਾਲ ਪ੍ਰਧਾਨ ਵਜੋਂ ਸੇਵਾ ਕੀਤੀ।

ਉਨ੍ਹਾਂ ਮਗਰੋਂ ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਪ੍ਰਤਾਪ ਸਿੰਘ ਸ਼ੰਕਰ, ਜਥੇਦਾਰ ਮੋਹਨ ਸਿੰਘ ਨਾਗੋਕੇ, ਜਥੇਦਾਰ ਊਧਮ ਸਿੰਘ ਨਾਗੋਕੇ, ਚੰਨਣ ਸਿੰਘ, ਪ੍ਰੀਤਮ ਸਿੰਘ ਖੁੜੰਜ, ਈਸ਼ਰ ਸਿੰਘ ਮਝੈਲ, ਬਾਵਾ ਹਰਿਕ੍ਰਿਸ਼ਨ ਸਿੰਘ, ਗਿਆਨ ਸਿੰਘ, ਪੇ੍ਮ ਸਿੰਘ ਲਾਲਪੁਰਾ, ਅਜੀਤ ਸਿੰਘ ਬਾਲਾ, ਸੰਤ ਚੰਨਣ ਸਿੰਘ, ਗੁਰਚਰਨ ਸਿੰਘ ਟੌਹੜਾ, ਕਾਬਲ ਸਿੰਘ, ਬਲਦੇਵ ਸਿੰਘ ਸਿਬੀਆ, ਬੀਬੀ ਜਗੀਰ ਕੌਰ, ਜਗਦੇਵ ਸਿੰਘ ਤਲਵੰਡੀ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਲਵਿੰਦਰਪਾਲ ਸਿੰਘ ਪੋਖਕੇ, ਅਵਤਾਰ ਸਿੰਘ ਮੱਕੜ ਇਸ ਦੇ ਪ੍ਰਧਾਨ ਰਹੇ। ਮੌਜੂਦਾ ਸਮੇਂ ਨਵੰਬਰ 2017 ਤੋਂ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਸਿੱਖ ਸੰਸਥਾ ਦੇ 42ਵੇਂ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।

Previous articleਪੰਜਾਬ ’ਚ ਪਰਾਲੀ ਸਾੜਨ ਦੀਆਂ 73 ਹਜ਼ਾਰ ਤੋਂ ਵੱਧ ਘਟਨਾਵਾਂ
Next articleਯੂਕੇ: ਬਿਰਧ ਸਿੱਖ ਵਿਧਵਾ ਨੂੰ ਡਿਪੋਰਟ ਕਰਨ ਦਾ ਵਿਰੋਧ