ਨਿਮਨ ਵਰਗ ਦੇ ਲੋਕਾਂ ਦੀ ਬੁਲੰਦ ਅਵਾਜ਼- ਪ੍ਰੇਮ ਗੋਰਖੀ

ਜਲੰਧਰ /ਚੰਡੀਗੜ੍ਹ (ਚੁੰਬਰ) (ਸਮਾਜ ਵੀਕਲੀ) – ਸੰਸਾਰ ਪ੍ਰਸਿੱਧੀ ਪ੍ਰਾਪਤ ਕਹਾਣੀਕਾਰ ਸਵ. ਪ੍ਰੇਮ ਗੋਰਖੀ ਜੀ ਜੋ ਕਿ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ, ਦੀ ਅੰਤਮ ਅਰਦਾਸ 10 ਮਈ 2021 ਨੂੰ ਜ਼ੀਰਕਪੁਰ ਗੁਰਦੁਆਰਾ ਸਿੰਘ ਸਭਾ ਵਿਖੇ 12.00 ਤੋਂ 2.00 ਤੱਕ  ਹੋਵੇਗੀ ਜਿਸ ਵਿੱਚ ਕਰੋਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਿੱਘੀ ਤੇ ਪਿਆਰ ਭਰੀ ਸ਼ਰਧਾਂਜਲੀ ਘਰੋਂ ਹੀ ਭੇੇਂਟ ਕਰਨ ਲਈ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਹੈ।

ਪਿਛਲੀ ਦਿਨੀਂ ਉਹਨਾਂ ਦੀ ਅਚਾਨਕ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਿਆ। ਗੋਰਖੀ ਜੀ ਸਿਰਫ਼ ਇੱਕ ਚੰਗੇ ਸੁਲਝੇ ਹੋਏ ਲੇਖਕ ਹੀ ਨਹੀਂ ਬਲਕਿ ਆਪਣੇ ਨਾਂ ਵਾਂਗ ਪ੍ਰੇਮ ਦੇ ਪੁੰਜ ਵੀ ਸਨ। ਉਨ੍ਹਾਂ ਨੂੰ ਇਕ ਵਾਰ ਮਿਲਣ ਵਾਲਾ ਸਦਾ ਲਈ ਉਨ੍ਹਾਂ ਨਾਲ ਜੁੜ ਜਾਂਦਾ ਸੀ। ਉਹਨਾਂ ਦੀ ਪਤਨੀ ਗੁਰਦੀਪ ਕੌਰ ਦਾ ਉਨ੍ਹਾਂ ਨੂੰ ਇੱਕ ਪੇਂਡੂ ਗਰੀਬ ਰਹਿਤਲ ਤੋਂ ਇੱਥੋਂ ਤੱਕ ਪਹੁੰਚਣ ਵਿੱਚ ਬਹੁਤ ਸਹਿਯੋਗ ਰਿਹਾ। ਉਹਨਾਂ ਦੇ ਤੁਰ ਜਾਣ ਨਾਲ ਜਿੱਥੇ ਸਾਹਿਤ ਜਗਤ ਨੂੁੰ ਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉੱਥੇ ਉਨ੍ਹਾਂ ਦੇ ਮਿੱਤਰ-ਪਿਆਰਿਆਂ ਨੂੁੰ ਵੀ ਅਸਹਿ ਤੇ ਅਕਹਿ ਦੁੱਖ ਪੁੱਜਿਆ ਹੈ।

ਗੋਰਖੀ ਜੀ ਮੂਲ ਰੂਪ ਵਿੱਚ ਲਾਡੋਵਾਲੀ, ਜਲੰਧਰ ਤੋਂ ਸਨ। ਉਹਨਾਂ ਦਾ ਜਨਮ 15 ਜੂਨ, 1974 ਨੂੰ ਮਾਤਾ ਸ੍ਰੀਮਤੀ ਰੱਖੀ ਦੇਵੀ ਜੀ ਦੇ ਕੁੱਖੋਂ ਹੋਇਆ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਅਰਜਨ ਦਾਸ ਸੀ। ਉਹਨਾਂ ਨੇ ਹਮੇਸ਼ਾ ਨਿਮਨ ਵਰਗ ਦੇ ਲੋਕਾਂ ਲਈ ਬੁਲੰਦ ਅਵਾਜ਼ ਉਠਾਈ ਤੇ ਮਜ਼ਦੂਰ ਵਰਗ ਨੂੰ ਜਾਗ੍ਰਤਿ ਕੀਤਾ। ਉਹਨਾਂ ਦੀ ਹਰ ਕਹਾਣੀ ਵਿੱਚ ਮਿਹਨਤ ਸੱਚਾਈ ਤੇ ਇਮਾਨਦਾਰੀ ਸੀ ਤੇ ਜੋ ਉਹਨਾਂ ਨੇ ਆਪ ਵੀ ਹਮੇਸ਼ਾ ਬਣਾਈ ਰੱਖੀ। ਉਹਨਾਂ ਨੇ ਆਪਣੀ ਕਲਮ ਰਾਹੀਂ ਕਹਾਣੀ-ਸੰਗ੍ਰਹਿ-  ‘ਮਿੱਟੀ ਰੰਗੇ ਲੋਕ’ ਜੀਣ-ਮਰਨ,  ਅਰਜਨ ਸਫੈਦੀ ਵਾਲਾ, ਧਰਤੀ-ਪੁੱਤਰ, ਜਨਰੇਸ਼ਨ ਗੈਪ , ਰਾਮ ਪ੍ਰਸਾਦ ਬਿਸਮਿਲ (ਜੀਵਨੀ) ਨਾਵਲਿਟ : ਤਿੱਤਰ ਖੰਭੀ ਜੂਹ, ਬੁੱਢੀ ਰਾਤ ਤੇ ਸੂਰਜ, ਵਣ-ਬੇਲਾ, ਗ਼ੈਰ ਹਾਜ਼ਰ ਆਦਮੀ (ਸਵੈਜੀਵਨੀ), ਅਸੀਂ ਜਵਾਬ ਦਿੰਦੇ ਹਾਂ (ਦੂਜੇ ਲੇਖਕਾਂ ਦੀਆਂ ਕਹਾਣੀਆਂ)  ਪੰਜਾਬੀ ਕਹਾਣੀ-1993 (ਚੋਣਵੀਆਂ ਕਹਾਣੀਆਂ) ਅਨੁਵਾਦ : ਕਿੱਸਾ ਗੁਲਾਮ (ਰਮੇਸ਼ ਚੰਦਰ ਸ਼ਾਹ) ਅਦਾਰਾ ‘ਕਥਾ’ ਹਿੰਦੀ (ਦਿੱਲੀ) ਵੱਲੋਂ ਕਹਾਣੀ ‘ਭਲਾ ਇਉਂ ਵੀ ਕੋਈ ਜਿਊਂਦੈ’ ਨੂੰ 9ਵਾਂ ਕਥਾ ਐਵਾਰਡ।

ਆਜ਼ਾਦੀ ਤੋਂ ਬਾਅਦ ਦੀਆਂ ਹਿੰਦੀ ਕਹਾਣੀਆਂ-ਸੰਪਾਦਕ ਕਮਲੇਸ਼ਵਰ ਆਦਿ ਕਿਤਾਬਾਂ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਤੇ ਨਾਲ ਦੇਸ਼ ਵਿਦੇਸ਼ ਤੋਂ ਇਲਾਵਾ ਪੰਜਾਬ ਦੀਆਂ ਸਾਹਤਿਕ  ਸਭਾਵਾਂ ਵੱਲੋਂ ਉਹਨਾਂ ਨੂੰ  ਅਨੇਕਾਂ ਵਾਰ ਸਨਮਾਨ ਕੀਤਾ ਗਿਆ।  ਉਹਨਾਂ  ਨੇ ਕੁੰਭ ਮੈਗਜ਼ੀਨ ਵੀ ਕੱਢਿਆ ਜੋ ਬਹੁਤ ਹੀ ਮਸ਼ਹੂਰ ਹੋਇਆ ਤੇ ਫਿਰ ਰਾਸ਼ੀ ਸਹਾਇਤਾ ਨਾ ਮਿਲਣ ਕਰਕੇ ਬੰਦ ਹੋ ਗਿਆ। ਅੱਜ ਕੱਲ ਉਹ ਇਕ ਨਾਵਲ ਲਿਖ ਰਹੇ ਸਨ ਜੋ ਕਾਫੀ ਹੱਦ ਤੱਕ ਟਾਈਪ ਹੋਇਆ ਹੈ। ਉਹਨਾਂ ਨੇ ਨਵਾਂ ਜ਼ਮਾਨਾ, ਰੋਜ਼ਾਨਾ ਅਜੀਤ, ਜੱਗ ਬਾਣੀ ਪੰਜਾਬੀ ਟ੍ਰਿਬਿਊਨ ਤੇ ਦੇਸ ਸੇਵਕ  ਅਖ਼ਬਾਰਾਂ ਵਿੱਚ ਸੀਨੀਅਰ ਪੱਤਰਕਾਰ ਵਜੋਂ ਕੰਮ ਕੀਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਗਮਗਾ ਰਹੀ ਸਿਹਤ ਪ੍ਰਣਾਲੀ ਨੂੰ ਸੰਭਾਲਣਾ ਮੌਜੂਦਾ ਸਮੇਂ ਦੀ ਮੱੁਖ ਲੋੜ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਮਦਰ ਡੇ ਸੰਬੰਧੀ ਸਮਾਗਮ