6103 ਭਾਰਤੀਆਂ ਨੇ 2014 ਤੋਂ ਹੁਣ ਤਕ ਆਸਟਰੇਲੀਆ ਵਿੱਚ ਪਨਾਹ ਮੰਗੀ – ਚਾਹਲ

ਸ: ਸਤਨਾਮ ਸਿੰਘ ਚਾਹਲ

ਮੈਲਬੌਰਨ (ਸਮਾਜਵੀਕਲੀ)  – ਸਾਲ 2014 ਤੋਂ ਲੈ ਕੇ ਹੁਣ ਤਕ 6103 ਭਾਰਤੀਆਂ ਨੇ ਆਸਟਰੇਲੀਆ ਵਿੱਚ  ਸਿਆਸੀ ਸ਼ਰਣ ਲਈ ਅਰਜ਼ੀ ਦਿੱਤੀ ਸੀ ਜਿਹਨ੍ਹਾਂ ਵਿੱਚ  1777 ਔਰਤਾਂ ਅਤੇ 4311 ਮਰਦ ਸ਼ਾਮਲ ਸਨ। ਇਹ ਪ੍ਰਗਟਾਵਾ ਸ: ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਅੱਜ ਇਥੇ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿੱਚ ਕੀਤਾ। ਸ: ਚਾਹਲ ਨੇ ਦਸਿਆ ਕਿ ਸਿਆਸੀ ਸ਼ਰਨ ਦੀ ਮੰਗ ਕਰ ਰਹੇ ਭਾਰਤੀਆਂ ਦੀ ਇਹ ਗਿਣਤੀ ਆਸਟਰੇਲੀਆ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਤੋਂ ਪ੍ਰਾਪਤ ਕੀਤੀ ਗਈ ਹੈ ਜੋ ਕਿ ਸਾਡੇ ਸਾਰਿਆਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਪਿੱਛੇ ਦਾ ਕਾਰਨ  ਦੇਸ਼ ਅੰਦਰ ਬੇਰੁਜ਼ਗਾਰੀ ਜਾਂ ਅਸਹਿਣਸ਼ੀਲਤਾ ਜਾਂ ਦੋਵੇਂ   ਸ਼ਾਮਲ ਹੋ ਸਕਦੇ ਹਨ ਪਰ ਜਿਹੜੇ ਸ਼ਰਨਾਰਥੀ  ਆਸਟਰੇਲੀਆ ਵਿੱਚ ਵੱਖ ਵੱਖ ਰੁਕਾਵਟਾਂ ਦੇ ਬਾਵਜੂਦ ਗੈਰ ਕਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ ਹਨ ਉਹਨਾਂ ਨੂੰ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਪ੍ਰਸ਼ਾਸਨ ਵੱਲੋਂ  ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਨਾਹ ਲੈਣ ਦੀ ਪ੍ਰਕਿਰਿਆ ਲੋਕਾਂ ਦੇ ਦੁੱਖਾਂ ਨੂੰ ਵਧਾ ਰਹੀ ਹੈ । ਉਹਨਾਂ ਨੇ ਅੱਗੇ ਕਿਹਾ ਕਿ ਆਸਟਰੇਲੀਆ ਵਿੱਚ ਗੈਰ ਕਨੂੰਨੀ ਤਰੀਕੇ ਨਾਲ ਦਾਖਲ ਹੋਣ ਤੋਂ ਬਾਅਦ ਇਹਨਾਂ ਵਿੱਚੋਂ ਬਹੁਤ ਸਾਰੇ ਪਨਾਹ ਲੈਣ ਵਾਲੇ ਪ੍ਰਾਈਵੇਟ ਅਟਾਰਨੀ ਕਿਰਾਏ ਤੇ ਲੈਂਦੇ ਹਨ ਜੋ ਉਹਨਾਂ ਤੋਂ ਫੀਸ ਲੈਂਦੇ ਹਨ  ਜਿਹੜੀਆਂ ਫੀਸਾਂ ਨੂੰ ਅਦਾ ਕਰ ਸਕਣਾ ਪਨਾਹ ਲੈਣ ਵਾਲੇ ਲੋਕਾਂ ਦੀ ਸਮਰੱਥਾ ਤੋਂ ਬਾਹਰ ਹੁੰਦਾ ਹੈ ।

ਸ: ਚਾਹਲ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਤੋਂ ਮਿਲੀ ਇਸ ਜਾਣਕਾਰੀ ਅਨੁਸਾਰ ਆਸਟਰੇਲੀਆ ਵਿਚ 2014 ਤੋਂ  ਲੈ ਕੇ ਹੁਣ ਤੱਕ 6103 ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀਆਂ  ਵਿਚੋਂ ਸਿਰਫ 188 ਭਾਰਤੀਆਂ ਨੂੰ ਹੀ ਰਾਜਨੀਤਿਕ ਸ਼ਰਨ ਦਿੱਤੀ ਗਈ ਸੀ ਜਿਸ ਵਿਚ 113 ਔਰਤਾਂ ਅਤੇ 75 ਪੁਰਸ਼ ਸ਼ਾਮਲ ਸਨ। ਇਸੇ ਤਰ੍ਹਾਂ ਇਸੇ ਹੀ ਸਮੇਂ ਦੌਰਾਨ ਆਸਟਰੇਲੀਆ ਸਰਕਾਰ ਵਲੋਂ 2247 ਭਾਰਤੀਆਂ ਨੂੰ ਰਾਜਨੀਤਿਕ ਸ਼ਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਵਿਚ 1644 ਆਦਮੀ ਅਤੇ 603 ਔਰਤਾਂ ਸ਼ਾਮਲ ਸਨ ਜਦੋਂਕਿ ਇਤਨੀ ਗਿਣਤੀਂ ਵਿਚੋਂ  56 ਔਰਤਾਂ ਤੇ 36 ਮਰਦਾਂ ਨੂੰ ਆਸਟਰੇਲੀਆ ਸਰਕਾਰ ਵਲੋਂ ਆਸਟਰੇਲੀਆ ਦੀ ਨਾਗਰਿਕਤਾ ਦਿੱਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਆਸਟਰੇਲੀਆ ਸਰਕਾਰ ਵੱਲੋਂ ਸਿਰਫ 68 ਭਾਰਤੀਆਂ ਨੂੰ ਆਸਟਰੇਲੀਆ ਵਿਚੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜਿਸ ਵਿੱਚ 63 ਪੁਰਸ਼ ਅਤੇ 5 ਭਾਰਤੀ ਔਰਤਾਂ ਸ਼ਾਮਲ ਹਨ। ਚਾਹਲ ਨੇ ਅੱਗੇ ਖੁਲਾਸਾ ਕੀਤਾ ਕਿ ਆਸਟਰੇਲੀਆ ਦੇ ਮਾਈਗ੍ਰੇਸ਼ਨ ਐਕਟ 1958 ਦੇ ਤਹਿਤ ਬਿਨਾਂ  ਵੀਜ਼ਾ ਤੋਂ ਆਸਟਰੇਲੀਆ ਪਹੁੰਚਣ ਵਾਲੇ ਸ਼ਰਣਾਰਥੀਆਂ ਨੂੰ  ਉਸ ਸਮੇਂ ਤਕ ਇਮੀਗ੍ਰੇਸ਼ਨ ਹਿਰਾਸਤ ਵਿਚ ਰੱਖਿਆ ਜਾਣਾ ਹੁੰਦਾ ਹੈ ਜਦ ਤਕ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਜਾਂਦਾ ਜਾਂ ਆਸਟਰੇਲੀਆ ਵਿਚੋਂ ਉਹਨਾਂ ਨੂੰ ਦੇਸ਼ ਨਿਕਾਲਾ ਨਹੀਂ ਦੇ ਦਿਤਾ ਜਾਂਦਾ । ਆਸਟਰੇਲੀਆਈ ਕਾਨੂੰਨ ਦੇ ਤਹਿਤ ਇਮੀਗ੍ਰੇਸ਼ਨ  ਨਜਰਬੰਦੀ ਲਈ  ਇਸ ਗਲ ਦੀ  ਸਮੇਂ ਦੀ ਕੋਈ ਸੀਮਾ ਨਹੀਂ ਹੁੰਦੀ ਕਿ  ਕਿਸੇ ਵਿਅਕਤੀ ਨੂੰ ਕਿਤਨੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਰੱਖਿਆ ਜਾ ਸਕਦਾ ਹੈ। ਸ: ਚਾਹਲ ਨੇ ਦਸਿਆ ਕਿ ਆਸਟਰੇਲੀਆ ਅੰਦਰ  ਪਨਾਹ ਮੰਗਣ ਵਾਲੇ  ਸ਼ਰਨਾਰਥੀ ਆਪਣੀ ਸ਼ਰਣ ਦੇ ਦਾਅਵੇ ਦਾ ਮੁਲਾਂਕਣ ਕੀਤੇ ਜਾਣ  ਤਕ ਲਈ  ਉਡੀਕ ਵਿਚ ਇੰਮੀਗ੍ਰੇਸ਼ਨ ਨਜ਼ਰਬੰਦੀ ਵਿਚ ਲੰਮੇਂ ਸਮੇਂ ਲਈ ਬਿਤਾਉਂਦੇ ਹਨ. ਸ: ਚਾਹਲ ਨੇ ਪੰਜਾਬ ਤੇ ਦੇਸ਼ ਭਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਨੂੰਨੀ ਤਰੀਕੇ ਨਾਲ ਹੀ ਕਿਸੇ ਦੇਸ਼ ਵਿਚ ਰੁਜਗਾਰ ਲਈ  ਆਉਣ ਤਾਂ ਕਿ ਉਹਨਾਂ ਨੂੰ ਆਪਣੀ ਪਸੰਦੀ ਦੇ ਦੇਸ਼ ਵਿਚ ਆਉਣ ਤੋਂ ਬਾਅਦ ਦਰ ਦਰ ਦੀਆਂ ਠੋਕਰਾਂ ਨਾ ਖਾਣ ਲਈ ਮਜਬੂਰ ਨਾਂ ਹੋਣਾ ਪਵੇ।

Previous articleਬੋਲ ਚਾਚੇ ਬੋਲ
Next articleਬਡਾਲਾ ਮਾਹੀ ਵਿਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ