ਭਗਤ ਸਿੰਘ ਜੀ ਦਾ ਉਲ੍ਹਾਮਾਂ।

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਭਗਤ ਸਿੰਘ ਨੇ ਦਿੱਤਾ ਉਲ੍ਹਾਮਾਂ, ਸੁਪਨੇ ਦੇ ਵਿੱਚ ਆਕੇ।
ਕਰਤੇ ਖੜ੍ਹੇ ਰੌਂਗਟੇ ਮੇਰੇ, ਖਰੀਆਂ ਜਿਹੀਆਂ ਸੁਣਾਕੇ।
ਕਹਿੰਦੇ “ਸ਼ਹੀਦੀ ਦਿਨ ਮਨਾਇਆ, ਨਾਹਰੇ ਮੇਰੇ ਲਾਏ।
ਰਾਜਗੁਰੂ, ਸੁਖਦੇਵ ਦੱਸੋ ਪਰ ਕਿਹੜੇ ਖਾਤੇ ਪਾਏ।
ਉਹੀ ਦਿਨ, ਤਾਰੀਖ, ਸਮਾਂ ਸੀ, ਫੰਧੇ, ਤਖਤੇ, ਜੇਲ੍ਹ।
ਉਸੇ ਪਲ ਉਹਨਾਂ ਵੀ ਕੀਤਾ, ਮੌਤ ਲਾੜੀ ਨਾਲ਼ ਮੇਲ।
ਨਾਲ਼ੋ ਨਾਲ ਸੀ ਨਾਹਰੇ ਲਾਏ, ਕੱਠਿਆਂ ਤਾਣੀ ਹਿੱਕਾਂ।
ਦੱਸੋ ਤਾਂ ਸਹੀ ਭਲਿਉ ਰੱਖੀਆਂ, ਕਿਹੜੀ ਗੱਲੋਂ ਫਿੱਕਾਂ।”
ਲਿੱਸਾ ਜਿਆ ਮੈਂ ਹੋਕੇ ਆਖਿਆ, ਸਾਂਹ ਗਿਆ ਸੀ ਘੁੱਟਿਆ।
“ਵਿੱਚ ਹਾਲ ਦੇ ਭਗਤ ਸਿੰਘ ਜੀ, ਬੰਬ ਤੁਸੀ ਸੀ ਸੁੱਟਿਆ।
ਜੇਲ੍ਹ ਹੋਊਗੀ, ਕੇਸ ਚੱਲਣਗੇ, ਕੀਤੀ ਨਾ ਪਰਵਾਹ।
ਫਾਂਸੀ ਸਾਹਵੇਂ ਤੱਕ ਵੀ ਥੋਡਾ, ਜਜ਼ਬਾ ਸੀਗਾ ਅਥਾਹ।”
ਕਹਿੰਦੇ “ਫੋਲ ਕਹਾਣੀ ਨੂੰ ਤੇ, ਖੋਲ੍ਹ ਉਦੋਂ ਦਾ ਹਾਲ।
ਉਸ ਸਮੇਂ ਵੀ ਦੋ ਬੰਦੇ ਸਾਂ, ਬੀ.ਕੇ. ਦੱਤ ਸੀ ਨਾਲ।
ਆਇਆ ਸੀਗਾ ਬੰਗਾਲੋ ਬੀ.ਕੇ., ਕਿੱਡੀ ਦੂਰ ਲਾਹੌਰ।
ਲੋਕ ਉਪਰੇ, ਥਾਂ ਅਣਜਾਣੀ ਤੇ ਬੋਲੀ ਵੀ ਹੋਰ।”
ਜਾਗਿਆ ਮੈਂ ਘਬਰਾਕੇ ਤੱਕਿਆ, ਚੁੱਪ ਚੁਫ਼ੇਰੇ ਵਰਤੀ।
‘ਰੋਮੀਆਂ’ ਪਿੰਡ ‘ਘੜਾਮੇਂ’ ਦੇ ਵਿੱਚ, ਵੱਡੀ ਗਲਤੀ ਕਰਤੀ।
‘ਆਪਣੀ ਕੱਛ ਦੂਜੇ ਦੀ ਹੱਥ ਵਿੱਚ’, ਤੇਰੇ ਤੇ ਵੀ ਲਾਗੂ।
ਚੌਕੀਦਾਰ ਦੀ ਨੀਂਦ ਨਾ ਉਤਰੇ, ਕੀ ਕੋਈ ਦੱਸ ਜਾਗੂ।
ਹੱਥ ਬੰਨ੍ਹ ਕੇ ਮਾਫ਼ੀ ਸਭ ਤੋਂ, ਪੈਰਾਂ ਨੂੰ ਹੱਥ ਲਾ.. ਜੀ।
ਸੂਰਮੇ ਅਤੇ ਸ਼ਹੀਦਾਂ ਦੇ ਨਾਲ, ਹੋਈ ਵਿਤਕਰੇਬਾਜ਼ੀ।
ਡਾਹਢੀ ਹੋਈ ਵਿਤਕਰੇਬਾਜ਼ੀ।
ਬਾਹਲੀ ਹੋਈ ਵਿਤਕਰੇਬਾਜ਼ੀ।
ਰੋਮੀ ਘੜਾਮੇਂ ਵਾਲਾ।
            98552-81105
Previous articleਮਾਤਾ ਸੁਲੱਖਣੀ ਨਰਸਰੀ ਦੇ ਅਧਿਆਪਕਾਂ ਨੇ ਬੂਟੇ ਵੰਡਕੇ ਸ਼ਹੀਦੀ ਦਿਹਾੜਾ ਮਨਾਇਆ
Next articleਫਰਜ਼