(ਸਮਾਜ ਵੀਕਲੀ)
ਜਦ ਪੁੱਤ ਸੀਰੀ ਦਾ
ਪੜ੍ਹ ਲਿਖ ਕੇ,
ਅਫ਼ਸਰ ਬਣ ਜਾਉਗਾ।
ਜਦ ਮਿਹਨਤ ਉਸਦੀ ਨੂੰ ਭੁੱਲ,
ਕੋਈ ਕੋਟੇ ਦਾ ਰਾਗ ਨਾ ਗਾਉਗਾ।
ਜਦ ਕਿਰਤੀ,ਮਜ਼ਦੁਰ,ਕਿਸਾਨ
ਸਭ ਇਕੋ ਮਾਨਸ ਹੋ ਜਾਉਗਾ,
ਉਸ ਦਿਨ ਸਾਥੀ,
ਮੇਰੇ ਵਤਨ ਦਾ ਸੂਰਜ
ਸੰਗ ਖ਼ੁਸ਼ੀਆਂ ਰੁਸ਼ਨਾਉਗਾ।
ਹੁਣ ਅੱਗ ਉਗਲਦਾ ਲੱਗਦਾ ਹੈ,
ਵਿੱਚ ਭੱਠਿਆਂ ਮਜ਼ਦੁਰਾਂ ਤੇ ,
ਹੁਣ ਰੰਗ ਖੂਨ ਦਾ ਚੜ੍ਹਦਾ ਜਾਂਦਾ,
ਥਾਈਂ ਪੂੰਝੇ ਸੰਦੂਰਾਂ ਤੇ,
ਜਦ ਜੱਗ ਨੂੰ ਜੱਮਣ ਵਾਲੀ ਦਾ
ਮੁੱਲ ਜੱਗ ਇਹ ਪਾਉਗਾ,
ਉਦੋਂ ਵਤਨ ਮੇਰੇ ਦਾ ਕਣ-ਕਣ
ਸਾਥੀ, ਮਾਂ ਦੀ ਮਹੀਮਾਂ ਗਾਉਗਾ।
ਜਦ ਪੈ ਮਜ਼ਬੂਰੀ ਹੱਥ,
ਕਿਸਾਨ ਫਾਹਾ ਨਹੀਂ ਲਾਉਗਾ,
ਜਦ ਮੁੱਲ ਫ਼ਸਲ ਦਾ ਉਗਾਉਣ ਵਾਲਾ,
ਆਪੇ ਤੈਅ ਕਰ ਪਾਉਗਾ,
ਇਹਨਾਂ ਮੰਤਰੀ ਸੰਤਰੀਆਂ ਦਾ ਜਦ
ਨਕਲੀ ਚਿਹਰਾ ਸਾਹਮਣੇ ਆਉਗਾ,
ਉਦੋਂ ਦੇਸ਼ ਮੇਰੇ ਦਾ ਅੰਨਦਾਤਾ ਸਾਥੀ
ਢਿੱਡ ਭਰ ਕੇ ਖਾਉਗਾ।
ਅਜ ਲੋੜ ਸਮੇਂ ਦੀ ਇਹੋ ਆ
ਸਭ ਇਕ ਹੋ ਜਾਈਏ ਜੀ,
ਬੰਨ ਕਾਫ਼ਲੇ ਤੁਰੀਏ
ਸੱਤਾ ਦਿੱਲੀ ਦੀ ਡਾਹੀਏ ਜੀ,
ਇਸ ਸਰਮਾਏਦਾਰੀ ਦੇ,
ਗੱਲ ਫਾਹਾ ਪਾਈਏ ਜੀ।
ਨਾਨਕ ਦੀਆਂ ਪੈੜਾਂ ਤੇ ਚਲਦਿਆਂ,
ਕਿਰਤ ਨੂੰ ਉੱਚ ਮੰਨੀਏ,
ਫਿਰ ਜਾਤ ਪਾਤ ਦਾ ਮਸਲਾ ਵੀ
ਸਾਥੀ ਹੱਲ ਹੋ ਜਾਉਗਾ,
ਫਿਰ ਘਰ-ਘਰ ਦੇ ਵਿੱਚ ਸੂਰਜ
ਖ਼ੁਸ਼ੀਆਂ ਦਾ ਰੁਸ਼ਨਾਉਗਾ।
ਖ਼ੁਸ਼ੀਆਂ ਦਾ ਰੁਸ਼ਨਾਉਗਾ।
ਚਰਨਜੀਤ ਸਿੰਘ ਰਾਜੌਰ
8427929558