ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਖੇਤੀ ਸੁਧਾਰਾਂ ਦੇ ਮੁੱਦੇ ’ਤੇ ਅਚਾਨਕ ਲਏ ਗਏ ‘ਯੂ-ਟਰਨ’ ਲਈ ਵਿਰੋਧੀ ਪਾਰਟੀਆਂ ਨੂੰ ਵੀ ਘੇਰਿਆ। ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨਾਂ ਪਿਛਲੀਆਂ ਤਾਕਤਾਂ ’ਤੇ ਵਰ੍ਹਦਿਆਂ ਕਿਹਾ ਕਿ ਮੁਲਕ ’ਚ ਪ੍ਰਦਰਸ਼ਨਕਾਰੀਆਂ ਦੀ ਨਵੀਂ ‘ਜਮਾਤ’ ‘ਅੰਦੋਲਨ ਜੀਵੀ’ ਪੈਦਾ ਹੋ ਗਈ ਹੈ ਜਿਹੜੀ ਪ੍ਰਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਅਤੇ ਲੋਕਾਂ ਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਨਵੀਂ ਐੱਫਡੀਆਈ (ਵਿਦੇਸ਼ੀ ਵਿਨਾਸ਼ਕਾਰੀ ਵਿਚਾਰਧਾਰਾ) ਵੀ ਆ ਗਈ ਹੈ ਅਤੇ ‘ਸਾਨੂੰ ਅਜਿਹੀ ਵਿਚਾਰਧਾਰਾ ਤੋਂ ਮੁਲਕ ਨੂੰ ਬਚਾਉਣ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ।’ ਖੱਬੇ-ਪੱਖੀ ਧਿਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਲੈਫ਼ਟ ਵਾਲੇ ਕਾਂਗਰਸ ਸਰਕਾਰਾਂ ਵੇਲੇ ਵੀ ਰੋੜੇ ਅਟਕਾਉਂਦੇ ਰਹੇ ਸਨ ਅਤੇ ਹੁਣ ਵੀ ਉਹ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ।
ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ’ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਸਦਨ ’ਚ ਬੈਠੇ ਆਗੂਆਂ ਨੂੰ ਕਿਹਾ,‘‘ਮੈਂ ਤੁਹਾਨੂੰ ਅੱਗੇ ਆਉਣ ਦਾ ਸੱਦਾ ਦਿੰਦਾ ਹਾਂ ਅਤੇ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸੁਧਾਰਾਂ ਬਾਰੇ ਸਮਝਾ ਕੇ ਖੇਤੀਬਾੜੀ ਸੈਕਟਰ ਦੀਆਂ ਸਮੱਸਿਆਵਾਂ ਦਾ ਹੱਲ ਕੱਢੀਏ। ਆਓ ਰਲ ਕੇ ਅੱਗੇ ਵਧੀਏ।’’ ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਕਿਸਾਨਾਂ ਨਾਲ ਲਗਾਤਾਰ ਵਾਰਤਾ ਕਰ ਰਹੇ ਹਨ ਅਤੇ ਦੋਵੇਂ ਧਿਰਾਂ ਇਕ-ਦੂਜੇ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਲਈ ਅਜੇ ਤੱਕ ਤਣਾਅ ਵਾਲੀ ਕੋਈ ਗੱਲ ਨਹੀਂ ਹੈ। ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ,‘‘ਭਾਵੇਂ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਹੱਕ ਹੈ, ਪਰ ਬਜ਼ੁਰਗਾਂ ਦਾ ਧਰਨਿਆਂ ’ਤੇ ਬੈਠਣਾ ਠੀਕ ਨਹੀਂ ਹੈ। ਉਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਹੈ। ਉਹ ਅੰਦੋਲਨ ਖ਼ਤਮ ਕਰਨ ਅਤੇ ਅਸੀਂ ਰਲ ਕੇ ਮਸਲੇ ਦਾ ਹੱਲ ਕੱਢਾਂਗੇ ਕਿਉਂਕਿ ਵਾਰਤਾ ਲਈ ਸਾਰੇ ਦਰ ਖੁੱਲ੍ਹੇ ਹਨ। ਮੈਂ ਇਸ ਸਦਨ ਰਾਹੀਂ ਉਨ੍ਹਾਂ ਨੂੰ ਵਾਰਤਾ ਦਾ ਮੁੜ ਸੱਦਾ ਦਿੰਦਾ ਹਾਂ।’’
ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਨ੍ਹਾਂ ਸੁਧਾਰਾਂ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਖੇਤੀ ਸੁਧਾਰਾਂ ਨਾਲ ਕੋਈ ਬਦਲਾਅ ਆਉਂਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਖਾਮੀਆਂ ਨੂੰ ਦੂਰ ਕਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਮੰਡੀਆਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ‘ਇਹੋ ਹੀ ਨਹੀਂ, ਸਗੋਂ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਮਿਲ ਰਿਹਾ ਹੈ, ਰਹੇਗਾ ਅਤੇ ਅੱਗੇ ਵੀ ਜਾਰੀ ਰਹੇਗਾ। 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਸਸਤਾ ਰਾਸ਼ਨ ਮਿਲਣਾ ਜਾਰੀ ਰਹੇਗਾ। ਕਿਰਪਾ ਕਰਕੇ ਕੂੜ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਨਾ ਕਰੋ।
ਸਾਨੂੰ ਕਿਸਾਨਾਂ ਦੀ ਆਮਦਨ ਵਧਾਉਣ ਦੇ ਰਾਹ ਮਜ਼ਬੂਤ ਕਰਨ ਦੀ ਵੀ ਲੋੜ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਪਾਰਟੀਆਂ ਸਿਆਸੀ ਗਿਣਤੀਆਂ-ਮਿਣਤੀਆਂ ’ਤੇ ਅੜੀਆਂ ਰਹੀਆਂ ਤਾਂ ਸੁਧਾਰਾਂ ’ਚ ਹੋਰ ਦੇਰੀ ਹੋਵੇਗੀ ਅਤੇ ਕਿਸਾਨਾਂ ਨੂੰ ਹੋਰ ਹਨੇਰੇ ਵੱਲ ਧੱਕ ਦਿੱਤਾ ਜਾਵੇਗਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਖੇਤੀ ਖੇਤਰ ’ਚ ਸੁਧਾਰਾਂ ਦੀ ਲੋੜ ਬਾਰੇ ਦਿੱਤੇ ਗਏ ਪੁਰਾਣੇ ਬਿਆਨ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਕਾਂਗਰਸ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਮੋਦੀ ਉਹ ਕਰਨ ਜਾ ਰਿਹਾ ਹੈ ਜੋ ਉਨ੍ਹਾਂ ਦੀ ਪਾਰਟੀ ਦਾ ਸਾਬਕਾ ਪ੍ਰਧਾਨ ਮੰਤਰੀ ਕਰਨਾ ਚਾਹੁੰਦਾ ਸੀ। ਸ੍ਰੀ ਮੋਦੀ ਨੇ ਕਿਹਾ ਕਿ 2014 ਤੋਂ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਖੇਤੀ ਖੇਤਰ ’ਚ ਕਈ ਬਦਲਾਅ ਕੀਤੇ ਹਨ। ਉਨ੍ਹਾਂ ਫ਼ਸਲ ਬੀਮਾ ਅਤੇ ਪੀਐੱਮ-ਕਿਸਾਨ ਯੋਜਨਾਵਾਂ ਦਾ ਹਵਾਲਾ ਵੀ ਦਿੱਤਾ।
ਉਨ੍ਹਾਂ ਕੋਵਿਡ-19 ਮਹਾਮਾਰੀ ਨਾਲ ਸਿੱਝਣ ਲਈ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਗਈ ਆਲੋਚਨਾ ਬਾਰੇ ਕਿਹਾ ਕਿ ਮੁਲਕ ਨੇ ਖ਼ਦਸ਼ੇ ਜਤਾਉਣ ਵਾਲਿਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਸਨ ਕਿ ਕਰੋੜਾਂ ਲੋਕ ਕਰੋਨਾ ਤੋਂ ਪੀੜਤ ਹੋ ਜਾਣਗੇ ਅਤੇ ਲੱਖਾਂ ਹੀ ਉਸ ਦੇ ਸ਼ਿਕਾਰ ਹੋ ਜਾਣਗੇ ਪਰ ਹੁਣ ਪੂਰੀ ਦੁਨੀਆ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰ ਰਹੀ ਹੈ। ਇਹ ਸਾਰਾ ਕੁਝ ਕਿਸੇ ਸਰਕਾਰ ਜਾਂ ਵਿਅਕਤੀ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਨਹੀਂ ਹੈ ਸਗੋਂ ਇਸ ਦਾ ਸਿਹਰਾ ਪੂਰੇ ਹਿੰਦੁਸਤਾਨ ਨੂੰ ਜਾਂਦਾ ਹੈ।
ਸ੍ਰੀ ਮੋਦੀ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਦੀ ਸ਼ਲਾਘਾ ਕਰਦਿਆਂ ਕਿਹਾ,‘‘ਆਜ਼ਾਦ ਸਾਹਿਬ ਹਮੇਸ਼ਾ ਨਰਮ ਭਾਸ਼ਾ ਦੀ ਵਰਤੋਂ ਕਰਦੇ ਹਨ। ਉਨ੍ਹਾਂ ਜੰਮੂ ਕਸ਼ਮੀਰ ’ਚ ਚੋਣਾਂ ਦੀ ਤਾਰੀਫ਼ ਕੀਤੀ ਹੈ ਪਰ ਮੈਨੂੰ ਡਰ ਲਗਦਾ ਹੈ। ਤੁਹਾਡੀ ਪਾਰਟੀ (ਕਾਂਗਰਸ) ਇਸ ਨੂੰ ਸਹੀ ਅਰਥਾਂ ’ਚ ਲਵੇਗੀ। ਕਿਤੇ ਜੀ-23 ਦੀ ਰਾਏ ਮੰਨ ਕੇ ਇਸ ਦਾ ਪੁੱਠਾ ਹੀ ਮਤਲਬ ਨਾ ਕੱਢ ਲਵੇ।’’ ਉਨ੍ਹਾਂ ਹਲਕੇ-ਫੁਲਕੇ ਅੰਦਾਜ਼ ’ਚ ਕਿਹਾ ਕਿ ਜਦੋਂ ਤੱਕ ਮੋਦੀ ਹੈ ਤਾਂ ਵਿਰੋਧੀ ਧਿਰ ਮੌਕੇ ਦਾ ਪੂਰਾ ਲਾਹਾ ਲੈਂਦਿਆਂ ਉਨ੍ਹਾਂ ਨੂੰ ਭੰਡ ਸਕਦੀ ਹੈ ਅਤੇ ਉਹ ਇਸ ਦੀ ਕੋਈ ਪਰਵਾਹ ਨਹੀਂ ਕਰਨਗੇ।