ਉੱਤਰਾਖੰਡ: 26 ਲਾਸ਼ਾਂ ਬਰਾਮਦ, 171 ਅਜੇ ਵੀ ਲਾਪਤਾ

ਦੇਹਰਾਦੂਨ (ਸਮਾਜ ਵੀਕਲੀ) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਰਫ਼ ਦੇ ਵੱਡੇ ਤੋਦੇ ਡਿੱਗਣ ਨਾਲ ਆੲੇ ਹੜ੍ਹ ਤੋਂ ਇਕ ਦਿਨ ਮਗਰੋਂ 19 ਹੋਰ ਲਾਸ਼ਾਂ ਮਿਲਣ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 26 ਹੋ ਗਈ ਹੈ, ਜਦੋਂਕਿ 171 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪਣਬਿਜਲੀ ਪ੍ਰਾਜੈਕਟ ਸਾਈਟ ’ਤੇ ਬਣੀ ਸੁਰੰਗ ਵਿੱਚ ਅਜੇ ਵੀ ਘੱਟੋ-ਘੱਟ 30 ਕਾਮੇ ਫਸੇ ਹੋੲੇ ਹਨ, ਜਿਨ੍ਹ੍ਵਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

ਆਈਟੀਬੀਪੀ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਪੂਰੀ ਰਾਤ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ ਜਦੋਂਕਿ ਭਾਰਤੀ ਹਵਾਈ ਸੈਨਾ ਵੀ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ’ਚ ਬਚਾਅ ਕਾਰਜਾਂ ’ਚ ਲੱਗੀ ਹੋਈ ਹੈ। ਚੇਤੇ ਰਹੇ ਕਿ ਅਲਕਨੰਦਾ ਨਦੀ, ਰਿਸ਼ੀ ਗੰਗਾ ਤੇ ਧੌਲੀ ਗੰਗਾ ਨਦੀਆਂ ’ਚ ਹੜ੍ਹ ਆਉਣ ਕਰਕੇ ਕਈ ਥਾਈਂ ਘਰ ਰੁੜ੍ਹ ਗਏ ਸਨ ਜਦੋਂਕਿ ਐੱਨਟੀਪੀਸੀ ਤਪੋਵਨ-ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਤੇ ਰਿਸ਼ੀ ਗੰਗਾ ਪਣਬਿਜਲੀ ਪ੍ਰਾਜੈਕਟ ਨੂੰ ਵੱਡਾ ਨੁਕਸਾਨ ਪੁੱਜਾ। ਪ੍ਰਾਜੈਕਟਾਂ ਵਿੱਚ ਬਣੀਆਂ ਸੁਰੰਗਾਂ ’ਚ ਪਾਣੀ ਭਰਨ ਕਰਕੇ ਵੱਡੀ ਗਿਣਤੀ ਮਜ਼ਦੂਰ ਇਨ੍ਹਾਂ ਵਿੱਚ ਫਸ ਗਏ ਹਨ। 171 ਲਾਪਤਾ ਵਿਅਕਤੀਆਂ ’ਚ ਪਣਬਿਜਲੀ ਪ੍ਰਾਜੈਕਟ ਸਾਈਟਾਂ ’ਤੇ ਕੰਮ ਕਰਦੇ ਕਾਮਿਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਇਸ ਜਲ-ਪਰਲੋ ’ਚ ਰੜ੍ਹ ਗਏ ਹਨ।

ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਕਿ ਤਪੋਵਨ ਵਿੱਚ 250 ਮੀਟਰ ਸੁਰੰਗ ਵਿੱਚ 30 ਤੋਂ 35 ਮਜ਼ਦੂਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਤਪੋਵਨ ਤੇ ਰੈਨੀ ਪਿੰਡਾਂ, ਜੋ ਹੜ੍ਹ ਕਰਕੇ ਹੋਰਨਾਂ ਨਾਲੋਂ ਕੱਟੇ ਗੲੇ ਸਨ, ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਭੇਜੀ ਜਾ ਰਹੀ ਹੈ। ਕੁਮਾਰ ਨੇ ਕਿਹਾ, ‘ਰੈਨੀ ਤੇ ਤਪੋਵਨ ਪਿੰਡਾਂ ’ਚ ਚਲਦੇ ਦੋਵੇਂ ਪਣਬਿਜਲੀ ਪ੍ਰਾਜੈਕਟਾਂ ਵਿੱਚ ਕੰਮ ਕਰਦੇ ਕੁੱਲ  153 ਲੋਕ ਲਾਪਤਾ ਹਨ….ਇਨ੍ਹਾਂ ਵਿੱਚੋਂ 10 ਲਾਸ਼ਾਂ ਮਿਲ ਗਈਆਂ ਹਨ ਜਦੋਂਕਿ 143 ਅਜੇ ਵੀ ਲਾਪਤਾ ਹਨ।’ ਮਲਬੇ, ਗਾਰ ਤੇ ਚਿੱਕੜ ਕਰਕੇ ਸੁਰੰਗ ਦਾ ਮੂੰਹ ਬੰਦ ਹੋ ਗਿਆ ਹੈ, ਜਿਸ ਕਰਕੇ ਰਾਹਤ ਤੇ ਬਚਾਅ ਦੇ ਕੰਮ ’ਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਵਾਤਾਵਰਨ ਪੱਖੋਂ ਨਾਜ਼ੁਕ ਇਹ ਪੂਰਾ ਪਹਾੜੀ ਇਲਾਕਾ ਸਲੇਟੀ ਰੰਗ ਦਾ ਹੋ ਗਿਆ ਹੈ ਤੇ ਕਈ ਇਮਾਰਤਾਂ ਹੜ੍ਹ ’ਚ ਰੁੜ੍ਹਨ ਕਰਕੇ ਗਾਰ ਹੇਠ ਦੱਬ ਗਈਆਂ ਹਨ।

ਆਈਟੀਬੀਪੀ ਦੇ ਤਰਜਮਾਨ ਵਿਵੇਕ ਕੁਮਾਰ ਪਾਂਡੇ ਨੇ ਕਿਹਾ, ‘ਸਾਡੀਆਂ ਟੀਮਾਂ ਸੁਰੰਗ ਵਿੱਚ ਫਸੇ 30 ਦੇ ਕਰੀਬ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਲੱਗੀਆਂ ਰਹੀਆਂ। ਅਜਿਹੇ ਅਪਰੇਸ਼ਨਾਂ ਲਈ ਵਿਸ਼ੇਸ਼ ਸਾਜ਼ੋ-ਸਾਮਾਨ ਵੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਹਰੇਕ ਜਾਨ ਨੂੰ ਬਚਾਉਣ ਲਈ ਆਸਵੰਦ ਹਾਂ।’ ਤਰਜਮਾਨ ਨੇ ਕਿਹਾ ਕਿ ਸੁਰੰਗ ਦੇ ਅੰਦਰ ਮਲਬਾ ਨਜ਼ਰ ਆਉਂਦਾ ਹੈ। 80 ਮੀਟਰ ਦੇ ਕਰੀਬ ਸੁਰੰਗ ਸਾਫ਼ ਕਰ ਲਈ ਗਈ ਹੈ ਤੇ ਲਗਦਾ ਹੈ ਕਿ 100 ਮੀਟਰ ਦੇ ਕਰੀਬ ਮਲਬੇ ਨੂੰ ਅਜੇ ਹੋਰ ਸਾਫ਼ ਕਰਨਾ ਪਏਗਾ। ਸੁਰੰਗ ਨਜ਼ਦੀਕ 300 ਦੇ ਕਰੀਬ ਆਈਟੀਬੀਪੀ ਦੇ ਜਵਾਨ ਤਾਇਨਾਤ ਹਨ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ‘ਹੈੱਡ ਰੇਸ ਟਨਲ’ ਜਾਂ ਐੱਚਆਰਟੀ ਵਿੱਚ 34 ਲੋਕਾਂ ਦੇ ਫਸੇ ਹੋਣ ਦਾ ਅਨੁਮਾਨ ਹੈ। ਐਤਵਾਰ ਸ਼ਾਮੀਂ ਛੋਟੀ ਸੁਰੰਗ ’ਚੋਂ ਸੁਰੱਖਿਅਤ ਕੱਢੇ ਕਾਮਿਆਂ ਨੂੰ ਜੋਸ਼ੀਮੱਠ ਦੇ ਆਈਟੀਬੀਪੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।

Previous articleਐੱਮਐੱਸਪੀ ਭਵਿੱਖ ’ਚ ਵੀ ਜਾਰੀ ਰਹੇਗਾ: ਮੋਦੀ
Next article70 missing from UP, Yogi sets up helplines