ਬਾਬਾ ਬਿਸ਼ਨਾ

ਮਨਦੀਪ ਕੌਰ ਦਰਾਜ

(ਸਮਾਜ ਵੀਕਲੀ)

ਅੱਧੀ ਧੁੱਪੇ ਅੱਧੀ ਛਾਵੇੰ ਇੱਕ ਬਾਣ ਦੀ ਮੰਜੀ ਉੱਤੇ ਬਿਸ਼ਨੇ ਨਾਂ ਦਾ ਬਾਬਾ ਪਾਣੀ ਮੰਗ ਰਿਹਾ ਸੀ । ਪਰ ਉਸ ਕੋਲ ਕੋਈ ਨਹੀਂ ਸੀ ਜੋ ਉਸ ਦੀ ਪੁਕਾਰ ਸੁਣ ਸਕੇ । ਮੈਂ ਅਚਾਨਕ ਹੀ ਉਥੋਂ ਕਿਸੇ ਕੰਮ ਲਈ ਲੰਘ ਰਹੀ ਸੀ, ਜਦੋਂ ਮੈਂ ਅਵਾਜ ਸੁਣੀ ਤਾਂ ਝੱਟ ਪਾਣੀ ਦਾ ਗਲਾਸ ਭਰ, ਬਾਬੇ ਨੂੰ ਬੈਠਾ ਕਰਕੇ ਪਾਣੀ ਪਿਆਇਆ । ਬਾਬੇ ਨੇ ਸਾਰਾ ਪਾਣੀ ਦਾ ਗਿਲਾਸ ਗਟ ਗਟ ਕਰਕੇ ਇਕ ਸਾਹ ਚ ਹੀ ਪੀ ਲਿਆ ਜਿਵੇਂ ਕਈ ਦਿਨਾਂ ਤੋਂ ਪਿਆਸਾ ਹੋਵੇ। ਉਸ ਨੇ ਮੇਰਾ ਸਿਰ ਪਲੋਸਿਆ ਤੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ।

ਮੈਂ ਵੀ ਉਸ ਸਮੇਂ ਵਿਹਲੀ ਸੀ, ਬਾਬੇ ਦੇ ਕਹਿਣ ਤੇ ਪਲ ਭਰ ਉੱਥੇ ਬੈਠ ਗਈ ਤਾਂ ਬਿਸ਼ਨਾ ਬਾਬਾ ਆਪਣੇ ਪੁਰਾਣੇ ਸਮੇਂ ਬਾਰੇ ਦੱਸਣ ਲੱਗਿਆ ।ਉਸ ਸਮੇਂ ਉਸ ਦੀਆਂ ਅੱਖਾਂ ਭਰ ਆਈਆਂ , ਉਸ ਨੇ ਕਿਹਾ ਕਿ ਪੁੱਤ ਰਿਸ਼ਤੇ ਤਾਂ ਕੱਚਿਆਂ ਘਰਾਂ ਵਿੱਚ ਹੀ ਪੱਕੇ ਸਨ। ਉਸ ਨੇ ਉਸ ਸਮੇਂ ਦੇ ਕੁਝ ਕਿੱਸੇ ਸੁਣਾਉਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਬਾਬੇ ਦੇ ਬੁੱਲ੍ਹਾਂ ਉੱਤੇ ਮਿੱਠਾ ਮਿੱਠਾ ਹਾਸਾ ਸੀ ਬਾਬੇ ਨੇ ਕਿਹਾ ਕਿ ਮੇਰੇ ਬਾਪੂ ਹੋਰੀਂ ਪੰਜ ਭਰਾ ਸੀ । ਤੇ ਅੱਗੇ ਅਸੀਂ ਪੰਜਾਂ ਭਰਾਵਾਂ ਦੇ ਦਸ ਜਵਾਕ ਸੀ ਤੇ ਸਾਰੇ ਜਣੇ ਇਕ ਹੀ ਛੱਤ ਹੇਠਾਂ ਰਹਿੰਦੇ ਸੀ ।

ਜਦੋਂ ਵੀ ਸਾਡੇ ਕਿਸੇ ਦੇ ਛੋਟੀ ਮੋਟੀ ਸੱਟ ਵੱਜਣੀ ਤਾਂ ਅਸੀਂ ਸਾਰੇ ਪਿੰਡ ਨੂੰ ਸਿਰ ਤੇ ਚੁੱਕ ਲੈਣਾ ਤੇ ਮਾਂ ਤੇ ਚਾਚੀਆਂ ਤਾਈਆਂ ਨੇ ਵੀ ਖੂਬ ਪਿਆਰ ਦੇਣਾ । ਫਿਰ ਮਾਂ ਦੀ ਮਾਰੀ ਇੱਕ ਫੂਕ ਨਾਲ ਹੀ ਸਾਰਾ ਦਰਦ ਗਾਇਬ ਹੋ ਜਾਣਾ। ਸ਼ਾਮ ਪਈ ਤੋਂ ਸਾਰੇ ਬੱਚਿਆਂ ਦਾ ਇਕੱਠੇ ਹੋ ਕੇ ਭੱਠੀ ਤੇ ਦਾਣੇ ਭੁੰਨਾਉਣ ਜਾਣਾ ਤੇ ਘੰਟਿਆਂ ਬੱਧੀ ਭੱਠੀ ਵਾਲੀ ਚਾਚੀ ਨਾਲ ਗੱਲਾਂ ਮਾਰਦੇ ਰਹਿਣਾ ਤੇ ਰਸਤੇ ਚ ਆਉਂਦਿਆਂ ਹੀ ਅਸੀਂ ਸਾਰੇ ਦਾਣੇ ਚੱਬ ਜਾਣੇ। ਸਾਡੇ ਸਾਰੇ ਭੈਣ ਭਰਾਵਾਂ ਦਾ ਗੁੱਲੀ ਡੰਡਾ ,ਖਿੱਦੋ ਖੂੰਡੀ ਖੇਡਣਾ ਤੇ ਜਦੋਂ ਰਾਤੀਂ ਵਾਪਸ ਆਉਂਦੇ ਤਾਂ  ਰੋਟੀ ਅਸੀਂ ਨਾਲ ਦੇ ਆੜੀਆਂ ਦੇ ਘਰ ਹੀ ਖਾਣੀ ਤੇ ਮਾਂ ਨੂੰ ਘਰ ਆ ਕੇ ਕਹਿਣਾ ਸਾਨੂੰ ਤਾਂ ਭੁੱਖ ਨਹੀਂ ,ਮਾਂ ਨੇ ਫ਼ਿਕਰ ਕਰਦਿਆਂ ਕਦੇ ਸੇਵੀਆਂ ਕਦੇ ਖੀਰ ਬਣਾ ਕੇ ਦੇਣੀ ਤੇ ਕਹਿਣਾ ਮੇਰਾ ਪੁੱਤ ਭੁੱਖਾ ਨਾ ਸੌਂ ਜਾਵੇ ।

ਪਰ ਹੁਣ ਸਾਲਾਂ ਦੇ ਬੀਤਣ ਨਾਲ ਹੁਣ ਮਾਂ ਦੀ ਬਹੁਤ ਯਾਦ ਆਉਂਦੀ ਹੈ ਜਦੋਂ ਹੁਣ ਬਿਨਾਂ ਰੋਟੀ ਖਾਧੀ ਹੀ ਸੌੰ ਜਾਈਦਾ । ਬਾਬੇ ਨੇ ਦੱਸਿਆ ਕਿ ਉਨ੍ਹਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਪਿਆਰ ਸੀ ਪਰ ਫਿਰ ਵਾਰੀ ਵਾਰੀ ਵਿਆਹ ਹੋ ਗਏ ਸਿਰ ਤੋੰ ਮਾਂ ਬਾਪ ਦਾ ਸਾਇਆ ਵੀ ਉੱਠ ਗਿਆ। ਜੁਆਕਾਂ ਨੂੰ ਪੜ੍ਹਾਇਆ ਉਨਾਂ ਨੇ ਜ਼ਿੱਦ ਕੀਤੀ ਕਿ ਸ਼ਹਿਰ ਜਾ ਕੇ ਪੜ੍ਹਨਾ ਹੈ ਤਾਂ ਸਾਨੂੰ ਦਿਲਾਂ ਦੇ ਜਜ਼ਬਾਤ ਮਾਰ ਕੇ ਸ਼ਹਿਰ ਆਉਣਾ ਪਿਆ। ਬਾਬੇ ਬਿਸ਼ਨੇ ਦੀਆਂ ਅੱਖਾਂ ਚੋਂ ਉਸ ਸਮੇਂ ਤਿੱਪ ਤਿੱਪ ਪਾਣੀ ਚੋਣ ਲੱਗ ਪਿਆ ਜਦੋਂ ਉਸ ਨੇ ਕਿਹਾ ਕਿ ਪੁੱਤ ਇਨ੍ਹਾਂ ਪੱਥਰਾਂ ਦੇ ਘਰਾਂ ਵਿੱਚ ਲੋਕਾਂ ਦੇ ਦਿਲ ਵੀ ਪੱਥਰ ਹੋ ਗਏ ਹਨ।

ਬਾਬੇ ਨੇ ਦੱਸਿਆ ਕਿ ਉਸ ਦੀ ਰੋਟੀ ਖਾਧੀ ਨੂੰ ਵੀ ਕਈ ਦਿਨ ਹੋ ਗਏ ਹਨ । ਉਸ ਦਾ ਮੁੰਡਾ ਤੇ ਨੂੰਹ ਆਪਣੇ ਬੱਚੇ ਨੂੰ ਲੈ ਕੇ ਘੁੰਮਣ ਗਏ ਹੋਏ ਹਨ ਤੇ ਘਰ ਵਿਚ ਖਾਣਾ ਬਣਾਉਣ ਲਈ ਵੀ ਕੋਈ ਨਹੀਂ ਸੀ। ਉਸੇ ਸਮੇਂ ਮੈਂ ਵੀ ਆਪਣਾ ਰੋਣਾ ਨਾ ਰੋਕ ਸਕੀ ਜਦੋਂ ਉਸ ਨੇ ਦੱਸਿਆ ਕਿ ਜੇ ਮੈਂ ਕਿਸੇ ਰਿਸ਼ਤੇਦਾਰ ਕੋਲੋਂ ਕੁਝ ਬੋਲ ਵੀ ਦੇਵਾ ਤਾਂ ਮੇਰਾ ਮੁੰਡਾ ਤੇ ਨੂੰਹ ਮੈਨੂੰ ਕੁੱਟਦੇ ਮਾਰਦੇ ਹਨ ਹਾਲਾਂਕਿ ਮੇਰਾ ਪੋਤਾ ਪੋਤੀ ਇਹ ਸਭ ਦੇਖ ਕੇ ਕਹਿੰਦੇ ਹਨ ਕਿ ਦਾਦਾ ਜੀ ਨਾਲ ਏਦਾਂ ਨਾ ਕਰੋ ਮੰਮੀ ਪਾਪਾ ਤੁਸੀਂ ਵੀ ਇੱਕ ਦਿਨ ਬੁੱਢੇ ਹੋਣਾ ਹੈ। ਮੈਂ ਦੋ ਕੁ ਘੰਟੇ ਉੱਥੇ ਬੈਠੀ ਇਨੇ ਵਿੱਚ ਬਾਬੇ ਨੂੰ ਮੈਂ ਕੁਝ ਖਾਣ ਲਈ ਬਣਾ ਕੇ ਦਿੱਤਾ ਤੇ ਉੱਧਰ ਬਾਬੇ ਦੇ ਨੂੰਹ ਪੁੱਤ ਵੀ ਆ ਗਏ ਪਰ ਮੈਂ ਬਾਬੇ ਨੂੰ ਫ਼ਤਿਹ ਬੁਲਾਈ ਤੇ ਉਥੋਂ ਤੁਰ ਪਈ।

ਮੈੰ ਲਗਾਤਾਰ ਬਾਬੇ ਦੀਆਂ ਗੱਲਾਂ ਬਾਰੇ ਸੋਚਦੀ ਰਹੀ ਕਿ ਬਾਬਾ ਸੱਚ ਹੀ ਬੋਲ ਰਿਹਾ ਸੀ ਇਨ੍ਹਾਂ ਪੱਕੇ ਘਰਾਂ ਵਿੱਚ ਰਹਿ ਕੇ ਅਸੀਂ ਲੋਕ ਕਠੋਰ ਹੋ ਗਏ ਹਾਂ ਤੇ ਘਰ ਦੀ ਪਰਿਭਾਸ਼ਾ ਭੁੱਲਗਏ ਹਾਂ ਜ਼ਿੰਦਗੀ ਦੀ ਅੱਗੇ ਦੀ ਦੌੜ ਵਿੱਚ ਅਸੀਂ ਕਈ ਰਿਸ਼ਤਿਆਂ ਨੂੰ ਪਿੱਛੇ ਸੁੱਟਦੇ ਆ ਰਹੇ ਹਾਂ। ਆਪਣੇ ਪਰਿਵਾਰ ਨਾਲੋਂ ਜ਼ਿਆਦਾ ਸਮਾਂ ਇੰਟਰਨੈੱਟ ਤੇ ਬਤੀਤ ਕਰਕੇ ਅਸੀਂ ਖ਼ੁਦ ਨੂੰ ਖੋਖਲਾ ਬਣਾ ਰਹੇ ਹਾਂ ਹਾਲਾਂਕਿ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਇੰਟਰਨੈੱਟ ਤੇ ਦੋਸਤਾਂ ਨਾਲੋਂ ਪਰਿਵਾਰ ਨੇ ਹੀ ਸਾਥ ਦੇਣਾ ਹੈ।ਮੇਰੀ ਇਹ ਸੋਚਾਂ ਦੀ ਦੌੜ ਹਮੇਸ਼ਾ ਚਲਦੀ ਰਹਿੰਦੀ ਹੈ ਕਿ ਸਾਡੇ ਲੋਕ ਘਰ ਦੇ ਅਸਲ ਮਹੱਤਵ ਨੂੰ ਕਦੋੰ ਸਮਝਣਗੇ ।

                  ਮਨਦੀਪ ਕੌਰ ਦਰਾਜ
                  98775-67020

Previous articleXiaomi Mi 11 gets an A+ from DisplayMate, with perfect colour accuracy
Next articleਪੰਜਾਬ ਦੀਆਂ ਦਿੱਲੀ ਨਾਲ਼ ਗੱਲਾਂ