ਕਪੂਰਥਲਾ ਜਿਲ੍ਹੇ ਵਿਚ ਦੂਜੇ ਪੜਾਅ ਤਹਿਤ 1740 ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ

ਕੈਪਸ਼ਨ- ਕਪੂਰਥਲਾ ਦੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਬੱਚਿਆਂ ਨੂੰ ਸਮਾਰਟ ਫੋਨ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਹੋਰ।

ਸਮਾਰਟ ਫੋਨ ਵਿਦਿਆਰਥੀਆਂ ਲਈ ਆਨਲਾਇਨ ਪੜਾਈ ‘ਚ ਹੋਣਗੇ ਸਹਾਈ-ਡਿਪਟੀ ਕਮਿਸ਼ਨਰ

ਕਪੂਰਥਲਾ  (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਪੰਜਾਬ ਸਰਕਾਰ ਵਲੋਂ ‘ ਪੰਜਾਬ  ਸਮਾਰਟ ਕੁਨੈਕਟ’ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਜਿਲ੍ਹੇ ਅੰਦਰ ਕੁੱਲ 1740 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਹੋਏ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਤੇ ਹੋਰਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵਲੋਂ  ਫੋਨ ਵੰਡਣ ਦੀ ਸ਼ੁਰੂਆਤ ਮੌਕੇ ਹੋਏ ਸਮਾਗਮ ਵਿਚ ਵਰਚੁਅਲ ਤਰੀਕੇ ਨਾਲ ਭਾਗ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ 4311 ਵਿਦਿਆਰਥੀਆਂ ਜਿਨਾਂ ਵਿੱਚ 2236 ਲੜਕੇ ਅਤੇ 2075 ਲੜਕੀਆਂ ਸਾਮਿਲ ਹਨ ਨੂੰ ਸਮਾਰਟ ਫੋਨ ਦਿੱਤੇ ਜਾਣੇ ਸਨ, ਜਿਨ੍ਹਾਂ ਵਿਚੋਂ ਦੂਜੇ ਪੜਾਅ ਤਹਿਤ ਅੱਜ 1740 ਫੋਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹੁਣ ਜਦ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਕੂਲ ਬੰਦ ਪਾਏ ਹਨ ਤਾਂ ਵਿਦਿਆਰਥੀਆਂ ਨੂੰ ਆਨਲਾਇਨ ਪੜਾਈ ਵਿੱਚ ਹਰ ਸੰਭਵ ਸਹਾਇਤਾ ਕਰਨ ਲਈ ਇਹ ਸਮਾਰਟ ਫੋਨ ਵੰਡੇ ਜਾ ਰਹੇ ਹਨ ।

ਇਸ ਸਮਾਰਟ ਫੋਨ ਵਿੱਚ ਦੋ ਜੀ ਬੀ ਰੈਮ, 1.5 ਗੀਗਾ ਪ੍ਰੋਸੈਸਰ, ਡਿਸਪਲੇ 5.45 ਇੰਚ, ਰੈਜੂਲੇਸਨ1280,720, ਬੈਟਰੀ 3000ਐਮਏਐਚ, ਰੀਅਰ ਕੈਮਰਾ 8 ਮੈਗਾ ਪਿਕਸਲ, ਫਰੰਟ ਕੈਮਰਾ 5 ਮੈਗਾ ਪਿਕਸਲ, 2ਜੀ, 3ਜੀ,4ਜੀ ਨੈਟਵਰਕ, ਓ.ਐਸ-9.0 ਐਨਰਾਇਡ, 16 ਜੀਬੀ ਰੋਮ ਜੋ ਕੇ 128 ਜੀਬੀ ਤੱਕ ਵਧਾਈ ਜਾ ਸਕਦੀ,ਪਾਵਰ ਅਡਾਪਟਰ, ਵਾਈ-ਫਾਈ, ਬਲੂਟੂਥ, ਜੀ.ਪੀ.ਐਸ.,ਹੈਡਫੋਨ ਸਮੇਤ ਜੈਕ, ਯੂ.ਐਸ.ਬੀ.ਕੇਬਲ ਅਤੇ ਡਲਿਵਰੀ ਮਿਲਣ ਉਪਰੰਤ ਇਕ ਸਾਲ ਦੀ ਵਾਰੰਟੀ ਵਾਲੀਆਂ ਵਿਸੇਸਤਾਵਾਂ ਮੌਜੂਦ ਹਨ। ਇਸ ਮੌਕੇ ਸਮਾਰਟ ਫੋਨ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਫੋਨ ਉਨ੍ਹਾਂ ਨੂੰ ਡਿਜੀਟਲ ਤਰੀਕੇ ਰਾਹੀਂ ਪੜਾਈ ਕਰਨ ਵਿਚ ਮਦਦਗਾਰ ਸਾਬਤ ਹੋਣਗੇ।

ਸਰਕਾਰੀ ਸਕੂਲ ਕਾਂਜਲੀ ਦੀ 12 ਵੀਂ ਕਲਾਸ ਦੀ ਵਿਦਿਆਰਥਣ ਰਾਬੀਆ ਨੇ ਕਿਹਾ ਕਿ ” ਸਮਾਰਟ ਫੋਨ ਨਾ ਹੋਣ ਕਰਕੇ ਕਰੋਨਾ ਦੌਰਾਨ ਆਨਲਾਇ ਪੜਾਈ ਵਿਚ ਉਨ੍ਹਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਉਹ ਖੁਸ਼ ਹੈ ਕਿ ਉਸ ਕੋਲ ਆਪਣਾ ਸਮਾਰਟ ਫੋਨ ਹੈ” ।  ਇਸ ਮੌਕੇ  ਐਸ ਡੀ ਐਮ ਵਰਿੰਦਰਪਾਲ ਸਿੰਘ ਬਾਜਵਾ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਭਜਨ ਸਿੰਘ ਤੇ ਹੋਰ ਵੀ ਹਾਜ਼ਰ ਸਨ।

Previous articleਅਜਾਦ ਭਾਰਤ
Next articleਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਨੇ ਹਾਸਿਲ ਕੀਤਾ ਬੈਸਟ ਪ੍ਰਫੋਰਮੈਂਸ ਅਵਾਰਡ