ਅਮਿਤ ਸ਼ਾਹ ਦੀ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਰਹੀ ਬੇਸਿੱਟਾ

ਨਵੀਂ ਦਿੱਲੀ (ਸਮਾਜ ਵੀਕਲੀ) : ਨਵੇਂ ਖੇਤੀ ਕਾਨੂੰਨਾਂ ਨੂੰ ਮਨਸੂਖ਼ ਕਰਨ ’ਤੇ ਅੜੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨੁਮਾਇੰਦਿਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਦੇਰ ਰਾਤ ਹੋਈ ਮੀਟਿੰਗ ਵੀ ਇਸ ਮੁੱਦੇ ਨੂੰ ਕਿਸੇ ਤਣ-ਪੱਤਣ ਨਹੀਂ ਲਾ ਸਕੀ। ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਤਜਵੀਜ਼ ਨੂੰ ਉੱਕਾ ਹੀ ਰੱਦ ਕਰ ਦਿੱਤਾ ਹੈ। ਸ਼ਾਹ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਲਈ ਤਾਂ ਤਿਆਰ ਹੈ, ਪਰ ਕਾਨੂੰਨਾਂ ਨੂੰ ਕਿਸੇ ਵੀ ਕੀਮਤ ’ਤੇ ਵਾਪਸ ਨਹੀਂ ਲਿਆ ਜਾਵੇਗਾ।

ਸਰਕਾਰ ਦੇ ਇਸ ਦੋ-ਟੁੱਕ ਜਵਾਬ ਮਗਰੋਂ ਕਿਸਾਨ ਆਗੂਆਂ ਨੇ ਭਲਕੇ ਬੁੱਧਵਾਰ ਨੂੰ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ 6ਵੇਂ ਗੇੜ ਦੀ ਮੀਟਿੰਗ ਤੋਂ ਨਾਂਹ ਕਰ ਦਿੱਤੀ ਹੈ। ਸ਼ਾਹ ਨਾਲ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਹੁਣ ਬੁੱਧਵਾਰ ਨੂੰ ਦਿਨੇ 12 ਵਜੇ ਮੀਟਿੰਗ ਹੋਵੇਗੀ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਮਤਿਆਂ ’ਤੇ ਵਿਚਾਰ ਚਰਚਾ ਮਗਰੋਂ ਅਗਲੀ ਰਣਨੀਤੀ ਉਲੀਕੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 10 ਦਸੰਬਰ ਨੂੰ ਮੀਟਿੰਗ ਰੱਖਣ ਦਾ ਵੀ ਸੁਝਾਅ ਦਿੱਤਾ, ਪਰ ਉਨ੍ਹਾਂ ਸਾਫ਼ ਕਰ ਦਿੱਤਾ ਕਿ ਇਸ ਬਾਰੇ ਸਰਕਾਰ ਦੇ ਮਤਿਆਂ ਨੂੰ ਵੇਖਣ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਮੀਟਿੰਗ ਵਿੱਚ ਸ਼ਾਹ ਤੋਂ ਇਲਾਵਾ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਯੂਨੀਅਨਾਂ ਦੇ ਕੁਝ ਚੋਣਵੇਂ ਆਗੂਆਂ ਨਾਲ ਸਵਾ ਦੋ ਘੰਟੇ ਦੇ ਕਰੀਬ ਗ਼ੈਰ-ਰਸਮੀ ਮੁਲਾਕਾਤ ਕੀਤੀ। ਇਨ੍ਹਾਂ ਚੋਣਵੇਂ ਆਗੂਆਂ ਵਿੱਚੋਂ ਅੱਠ ਕਿਸਾਨ ਆਗੂ ਪੰਜਾਬ ਤੇ ਪੰਜ ਹੋਰਨਾਂ ਦੇਸ਼ਵਿਆਪੀ ਜਥੇਬੰਦੀਆਂ ਨਾਲ ਸਬੰਧਤ ਸਨ। ਇਸ ਤੋਂ ਪਹਿਲਾਂ ਕੁਝ ਕਿਸਾਨ ਆਗੂਆਂ ਵੱਲੋਂ ਸ਼ਾਹ ਦੀ ਸਰਕਾਰੀ ਰਿਹਾਇਸ਼ ’ਤੇ ਮੀਟਿੰਗ ਲਈ ਨਾਂਹ ਕੀਤੇ ਜਾਣ ਕਰਕੇ ਐਨ ਆਖਰੀ ਮੌਕੇ ਮੀਟਿੰਗ ਦੀ ਥਾਂ ਨੂੰ ਪੂਸਾ ਇੰਸਟੀਚਿਊਟ ਸਥਿਤ ‘ਆਈਸੀਏਆਰ’ ਦੇ ਗੈਸਟ ਹਾਊਸ ਵਿੱਚ ਤਬਦੀਲ ਕਰਨਾ ਪਿਆ, ਜਿਸ ਕਰਕੇ ਮੀਟਿੰਗ ਸੱਤ ਵਜੇ ਦੇ ਤਜਵੀਜ਼ਤ ਸਮੇਂ ਦੀ ਥਾਂ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ।

ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਰਾਕੇਸ਼ ਟਿਕੈਤ, ਕਿਸਾਨ ਆਗੂ ਹਨਨ ਮੁੱਲ੍ਹਾ, ਰੁਲਦੂ ਸਿੰਘ ਮਾਨਸਾ, ਸ਼ਿਵ ਕੁਮਾਰ ਕੱਕਾ, ਜਗਜੀਤ ਸਿੰਘ ਡੱਲੇਵਾਲ, ਬੋਘ ਸਿੰਘ ਮਾਨਸਾ ਤੇ ਹੋਰ ਆਗੂ ਮੌਜੂਦ ਸੀ। ਕਿਸਾਨ ਆਗੂ ਜਦੋਂ ਸਿੰਘੂ ਬਾਰਡਰ ਤੋਂ ਸ਼ਾਹ ਦੀ ਰਿਹਾਇਸ਼ ਵਲ ਆ ਰਹੇ ਸਨ ਤਾਂ ਰਾਹ ਵਿੱਚ ਪੁਲੀਸ ਵੱਲੋਂ ਥਾਂ-ਥਾਂ ’ਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੇ ਜਾਣ ਕਰਕੇ ਉਹ ਖਫ਼ਾ ਹੋ ਗਏ।

Previous articleਕਿਸਾਨਾਂ ਦੇ ਬੰਦ ਨੂੰ ਭਰਵਾਂ ਹੁੰਗਾਰਾ
Next article‘ਆਪ’ ਵੱਲੋਂ ਕੇਜਰੀਵਾਲ ਦੇ ਨਜ਼ਰਬੰਦ ਹੋਣ ਦਾ ਦਾਅਵਾ