ਕਿਸਾਨਾਂ ਦੇ ਬੰਦ ਨੂੰ ਭਰਵਾਂ ਹੁੰਗਾਰਾ

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ ਪੂਰਾ ਦੇਸ਼

  • ਦੇਸ਼ ਦੇ ਬਹੁਤੇ ਹਿੱਸਿਆਂ ’ਚ ਬੈਂਕ ਰਹੇ ਖੁੱਲ੍ਹੇ, ਦਿੱਲੀ ਸਰਹੱਦ ’ਤੇ ਲਾੲੇ ਧਰਨਿਆਂ ’ਚ ਲੋਕਾਂ ਦੀ ਸ਼ਮੂਲੀਅਤ ਵਧੀ
  • ਉੜੀਸਾ, ਝਾਰਖੰਡ, ਬਿਹਾਰ, ਮਹਾਰਾਸ਼ਟਰ ਵਿੱਚ ਬੰਦ ਦਾ ਵੱਡਾ ਅਸਰ 

ਨਵੀਂ ਦਿੱਲੀ/ਚੰਡੀਗੜ੍ਹ (ਸਮਾਜ ਵੀਕਲੀ) : ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਰਕੇ ਦੇਸ਼ ਦੇ ਕਈ ਹਿੱਸਿਆਂ ’ਚ ਆਮ ਜ਼ਿੰਦਗੀ ਲੀਹੋਂ ਲਹਿ ਗਈ। ਰਾਜਸਥਾਨ ਦੇ ਜੈਪੁਰ ਵਿੱਚ ਸੱਤਾਧਾਰੀ ਕਾਂਗਰਸ ਤੇ ਭਾਜਪਾ ਵਰਕਰਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਤੇ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਘੇਰਨ ਜਾਂਦੇ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਤੋਂ ਛੁੱਟ ਕਿਸੇ ਵੱਡੀ ਹਿੰਸਕ ਝੜਪ ਤੋਂ ਬਚਾਅ ਰਿਹਾ। ਦੁਕਾਨਾਂ ਤੇ ਹੋਰ ਵਪਾਰਕ ਕਾਰੋਬਾਰ ਬੰਦ ਰਹੇ ਤੇ ਸੜਕਾਂ ’ਤੇ ਆਵਾਜਾਈ ਵੀ ਅਸਰਅੰਦਾਜ਼ ਹੋਈ। ਕਿਸਾਨਾਂ ਤੇ ਉਨ੍ਹਾਂ ਦੀ ਹਮਾਇਤ ’ਚ ਨਿੱਤਰੇ ਲੋਕਾਂ ਨੇ ਅਹਿਮ ਸੜਕਾਂ ਤੇ ਰੇਲ ਮਾਰਗਾਂ ’ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਚੱਕਾ ਜਾਮ ਰੱਖਿਆ।

ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ਵਿਆਪੀ ਬੰਦ ਦਾ ਅਸਰ 25 ਰਾਜਾਂ ਵਿੱਚ ਦਸ ਹਜ਼ਾਰ ਦੇ ਕਰੀਬ ਵੱਖ ਵੱਖ ਥਾਵਾਂ ’ਤੇ ਨਜ਼ਰ ਆਇਆ। ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਛੋਟ ਦਿੱਤੀ ਗਈ ਜਦੋਂਕਿ ਬੈਂਕਾਂ ਨੇ ਪੂਰੇ ਦੇਸ਼ ਵਿੱਚ ਆਮ ਵਾਂਗ ਕੰਮਕਾਜ ਜਾਰੀ ਰੱਖਿਆ। ਕਿਸਾਨ ਪ੍ਰਦਰਸ਼ਨਾਂ ਦੇ ਕੇਂਦਰ ਬਿੰਦੂ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਇਲਾਵਾ ਉੜੀਸਾ, ਮਹਾਰਾਸ਼ਟਰ, ਬਿਹਾਰ ਤੇ ਝਾਰਖੰਡ ਵਿੱਚ ਵੀ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਮਹਾਮਾਰੀ ਦੇ ਬਾਵਜੂਦ ਵੱਡੀ ਗਿਣਤੀ ਲੋਕ ਸੜਕਾਂ ’ਤੇ ਉੱਤਰੇ, ਹਾਲਾਂਕਿ ਇਸ ਦੌਰਾਨ ਸੂਬਿਆਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਪ੍ਰਦਰਸ਼ਨਕਾਰੀਆਂ ਨੇ ਥਾਂ ਥਾਂ ਧਰਨੇ ਲਾ ਕੇ ਮੁਜ਼ਾਹਰੇ ਕੀਤੇ। ਇਸ ਦੌਰਾਨ ਦਿੱਲੀ ਨੂੰ ਵੱਖ ਵੱਖ ਥਾਵਾਂ ਤੋਂ ਘੇਰੀ ਬੈਠੇ ਕਿਸਾਨ ਦੇ ਧਰਨਿਆਂ ਵਿੱਚ ਵੀ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ। ਦਿੱਲੀ ਦੀ ਟਿੱਕਰੀ ਸਰਹੱਦ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲੱਗੇ। ਪ੍ਰਦਰਸ਼ਨਕਾਰੀਆਂ ਨੇ ਪੱਛਮੀ ਬੰਗਾਲ, ਬਿਹਾਰ ਤੇ ਉੜੀਸਾ ਵਿੱਚ ਕਈ ਥਾਈਂ ਰੇਲ ਮਾਰਗਾਂ ਨੂੰ ਬਲਾਕ ਕੀਤਾ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ‘ਮੰਡੀਆਂ’ ਬੰਦ ਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸ ਦੌਰਾਨ ਸੱਤਾਧਾਰੀ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਣ ਦੀ ਵੀ ਰਿਪੋਰਟ ਹੈ। ਪੰਜਾਬ ਤੇ ਹਰਿਆਣਾ ਵਿੱਚ ਵੀ ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ਤੋਂ ਇਲਾਵਾ ਪੈਟਰੋਲ ਪੰਪ ਮੁਕੰਮਲ ਰੂਪ ਵਿੱਚ ਬੰਦ ਰਹੇ।

ਕਿਸਾਨਾਂ ਨੇ ਕੌਮੀ ਸ਼ਾਹਰਾਹਾਂ ਤੇ ਹੋਰਨਾਂ ਅਹਿਮ ਸੜਕਾਂ ਨੂੰ ਸਵੇਰੇ ਤੋਂ ਹੀ ਘੇਰੀ ਰੱਖਿਆ। ਪੰਜਾਬ ਦੀਆਂ ਤਿੰਨੋਂ ਪ੍ਰਮੁੱਖ ਪਾਰਟੀਆਂ ਸੱਤਾਧਾਰੀ ਕਾਂਗਰਸ, ਆਪ ਤੇ ਸ਼੍ਰੋਮਣੀ ਅਕਾਲੀ ਦਲ ਨੇ ਖੁੱਲ੍ਹ ਕੇ ‘ਭਾਰਤ ਬੰਦ’ ਦੇ ਸੱਦੇ ਨੂੰ ਹਮਾਇਤ ਦਿੱਤੀ। ਪੰਜਾਬ ਸਰਕਾਰ ਦੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਸਮੂਹਿਕ ਰੂਪ ਵਿੱਚ ਕੈਜ਼ੂਅਲ ਛੁੱਟੀ ਲੈ ਕੇ ਕਿਸਾਨਾਂ ਦੀ ਹਮਾਇਤ ਕੀਤੀ। ਹਰਿਆਣਾ ਵਿੱਚ ਵਿਰੋਧੀ ਪਾਰਟੀਆਂ ਕਾਂਗਰਸ ਤੇ ਇਨੈਲੋ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ।

ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕਾਂਗਰਸ ਤੇ ਖੱਬੀਆਂ ਪਾਰਟੀਆਂ ਨਾਲ ਮਿਲ ਕੇ ‘ਭਾਰਤ ਬੰਦ’ ਦੀ ਹਮਾਇਤ ਕੀਤੀ, ਹਾਲਾਂਕਿ ਟੀਐੱਮਸੀ ਨੇ ਇਸ ਨੂੰ ਅਮਲ ਵਿੱਚ ਲਿਆਉਣ ਤੋਂ ਹੱਥ ਪਿਛਾਂਹ ਖਿੱਚੀ ਰੱਖੇ। ਕਾਂਗਰਸ ਤੇ ਖੱਬੇਪੱਖੀ ਪਾਰਟੀ ਵਰਕਰਾਂ ਨੇ ਸੂਬੇ ਭਰ ਦੇ ਰੇਲਵੇ ਟਰੈਕਾਂ ਤੇ ਸੜਕਾਂ ਨੂੰ ਜਾਮ ਕੀਤਾ।

ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੁੱਲ੍ਹਾ ਨੇ ਬੰਦ ਨੂੰ ਕਿਸਾਨਾਂ ਦੀ ਤਾਕਤ ਦਾ ਮੁਜ਼ਾਹਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘ਅਸੀਂ ਆਪਣੀਆਂ ਮੰਗਾਂ ’ਤੇ ਅਟੱਲ ਹਾਂ। ਅਸੀਂ ਚਾਹੁੰਦੇ ਹਾਂ ਕਿ ਤਿੰਨੋਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਰੱਦ ਹੋਣ। ਅਸੀ ਕੋਈ ਵੀ ਬਨਾਉਟੀ ਬਦਲ ਸਵੀਕਾਰ ਨਹੀਂ ਕਰਾਂਗੇ….ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਪਣੇ ਅੰਦੋਲਨ ਨੂੰ ਅਗਲੇ ਪੜਾਅ ’ਤੇ ਲਿਜਾਵਾਂਗੇ।’ ਬਿਹਾਰ ਵਿੱਚ ਵੀ ਬੰਦ ਦਾ ਅਸਰ ਨਜ਼ਰ ਆਇਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਮਾਰਗਾਂ, ਸ਼ਾਹਰਾਹਾਂ ਤੇ ਅੰਦਰੂਨੀ ਸੜਕਾਂ ’ਤੇ ਆਵਾਜਾਈ ਨੂੰ ਠੱਪ ਰੱਖਿਆ। ਉੜੀਸਾ ਵਿੱਚ ਵੀ ਰੇਲ ਸੇਵਾਵਾਂ ਅਸਰਅੰਦਾਜ਼ ਰਹੀਆਂ।

ਕਿਸਾਨ ਜੱਥੇਬੰਦੀਆਂ ਦੇ ਆਗੂਆਂ, ਟਰੇਡ ਯੂਨੀਅਨਾਂ ਤੇ ਸਿਆਸੀ ਪਾਰਟੀਆਂ ਨੇ ਭੁਬਨੇਸ਼ਵਰ, ਕਟਕ, ਭੱਦਰਕ ਤੇ ਬਾਲਾਸੌਰ ਵਿੱਚ ਰੇਲ ਮਾਰਗਾਂ ’ਤੇ ਧਰਨੇ ਦਿੱਤੇ। ਕਾਂਗਰਸ ਦੀ ਅਗਵਾਈ ਵਾਲੇ ਛੱਤੀਸਗੜ੍ਹ ਵਿੱਚ ਬਹੁਤੇ ਕਾਰੋਬਾਰੀ ਅਦਾਰਿਆਂ ’ਚ ਸੁੰਨ ਪੱਸਰੀ ਰਹੀ। ਬੰਦ ਦਾ ਅਸਰ ਸਰਕਾਰੀ ਟਰਾਂਸਪੋਰਟ ’ਤੇ ਵੀ ਨਜ਼ਰ ਆਇਆ। ਮਹਾਰਾਸ਼ਟਰ, ਜਿੱਥੇ ਬੰਦ ਨੂੰ ਸੱਤਾਧਾਰੀ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਦੀ ਹਮਾਇਤ ਸੀ, ਵਿੱਚ ਪੁਣੇ, ਨਾਸਿਕ, ਨਾਗਪੁਰ ਤੇ ਔਰੰਗਾਬਾਦ ਜਿਹੇ ਪ੍ਰਮੁੱਖ ਸ਼ਹਿਰਾਂ ’ਚ ਥੋਕ ਮਾਰਕੀਟਾਂ ਬੰਦ ਰਹੀਆਂ ਤੇ ਕਈ ਸ਼ਹਿਰਾਂ ਵਿੱਚ ਪ੍ਰਚੂਨ ਦੁਕਾਨਦਾਰਾਂ ਨੇ ਸ਼ਟਰ ਸੁੱਟ ਕੇ ਆਪਣਾ ਰੋਸ ਜਤਾਇਆ।

ਸੂਬੇ ਦੇ ਕਈ ਹਿੱਸਿਆਂ ਵਿੱਚ ਏਪੀਐੱਮਸੀ ਵੀ ਬੰਦ ਰਹੀਆਂ। ਅਸਾਮ ਵਿੱਚ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਨੂੰ ਬਲਾਕ ਕੀਤਾ ਹਾਲਾਂਕਿ ਇਸ ਦੌਰਾਨ ਬਹੁਤੇ ਦਫ਼ਤਰਾਂ ਵਿੱਚ ਆਮ ਵਾਂਗ ਕੰਮਕਾਜ ਜਾਰੀ ਰਿਹਾ। ਪੁਲੀਸ ਨੇ ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ। ਇਸੇ ਤਰ੍ਹਾਂ ਤਿਲੰਗਾਨਾ, ਤਾਮਿਲ ਨਾਡੂ, ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ, ਕਰਨਾਟਕ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਗੋਆ, ਹਿਮਾਚਲ ਪ੍ਰਦੇਸ਼, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਬੰਦ ਨੂੰ ਮੱਠਾ ਹੁੰਗਾਰਾ ਰਿਹਾ।

Previous articleਅਮਰੀਕੀ ਸੰਸਦ ਮੈਂਬਰ ਵੱਲੋਂ ਭਾਰਤੀ ਕਿਸਾਨਾਂ ਦਾ ਸਮਰਥਨ
Next articleਅਮਿਤ ਸ਼ਾਹ ਦੀ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਰਹੀ ਬੇਸਿੱਟਾ