ਮੁੰਬਈ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਦਾਕਾਰਾ ਰੀਆ ਚੱਕਰਵਰਤੀ ਤੋਂ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 10 ਘੰਟੇ ਪੁੱਛ-ਪੜਤਾਲ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਸੀਬੀਆਈ ਵਲੋਂ ਸੁਸ਼ਾਂਤ ਦੀ ਮੌਤ ਸਬੰਧੀ ਮਾਮਲੇ ਵਿੱਚ ਰੀਆ ਚੱਕਰਵਰਤੀ (28) ਤੋਂ ਪੁੱਛ-ਪੜਤਾਲ ਕੀਤੀ ਗਈ ਹੈ।
ਅਧਿਕਾਰੀਆਂ ਅਨੁਸਾਰ ਸੀਬੀਆਈ ਦੀ ਜਾਂਚ ਟੀਮ ਨੇ ਰੀਆ ਨੂੰ ਸ਼ੁੱਕਰਵਾਰ ਸਵੇਰੇ 10.30 ਵਜੇ ਲਈ ਤਲਬ ਕੀਤਾ ਸੀ। ਸੁਸ਼ਾਂਤ ਦੀ ਮਹਿਲਾ ਮਿੱਤਰ ਰੀਆ ਸਵੇਰੇ ਕਰੀਬ 10 ਵਜੇ ਆਪਣੇ ਘਰੋਂ ਨਿਕਲੀ ਅਤੇ ਸਾਂਤਾ ਕਰੂਜ਼ ਸਥਿਤ ਡੀਆਰਡੀਓ ਦੇ ਗੈਸਟ ਹਾਊਸ ਪੁੱਜੀ। ਇਸ ਗੈਸਟ ਹਾਊਸ ਵਿੱਚ ਸੀਬੀਆਈ ਟੀਮ ਰੁਕੀ ਹੋਈ ਹੈ।
ਅਧਿਕਾਰੀਆਂ ਅਨੁਸਾਰ ਰੀਆ ਚੱਕਰਵਰਤੀ ਦੇ ਪਹੁੰਚਣ ਤੋਂ ਪਹਿਲਾਂ ਸੁਸ਼ਾਂਤ ਨਾਲ ਫਲੈਟ ਵਿੱਚ ਰਹਿੰਦਾ ਊਸ ਦਾ ਦੋਸਤ ਸਿਧਾਰਥ ਪਿਠਾਨੀ ਅਤੇ ਮੈਨੇਜਰ ਸੈਮੂਅਲ ਮਿਰਾਂਡਾ ਡੀਆਰਡੀਓ ਦੇ ਗੈਸਟ ਹਾਊਸ ਪੁੱਜ ਗੲੇ ਸਨ। ਬੀਤੇ ਦਿਨ ਸੀਬੀਆਈ ਟੀਮ ਨੇ ਰੀਆ ਦੇ ਭਰਾ ਸ਼ੋਵਿਕ ਚੱਕਰਵਰਤੀ ਦੇ ਬਿਆਨ ਦਰਜ ਕੀਤੇ ਸਨ। ਊਸ ਤੋਂ ਕਰੀਬ ਅੱਠ ਘੰਟਿਆਂ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ ਗਈ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਨੀ-ਲੌਂਡਰਿੰਗ ਅਤੇ ਨਸਿ਼ਆਂ ਦੇ ਮਾਮਲੇ ’ਚ ਗੋਆ ਦੇ ਕਾਰੋਬਾਰੀ ਗੌਰਵ ਆਰਿਆ ਨੂੰ 31 ਅਗਸਤ ਨੂੰ ਤਲਬ ਕੀਤਾ ਹੈ।