(ਸਮਾਜ ਵੀਕਲੀ)
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਸਿੱਖਾਂ, ਦਲਿਤਾਂ ਅਤੇ ਪੱਛੜੀਆਂ ਜਾਤਾਂ ਵਲੋਂ ਆਪਣਾ ਮੀਡੀਆ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪਹਿਲਾਂ ਮੀਡੀਆ ਤੇ ਕੁਝ ਵੱਡੇ ਘਰਾਣਿਆਂ ਅਤੇ ਸਰਕਾਰਾਂ ਦਾ ਕਬਜ਼ਾ ਸੀ; ਅੱਜ ਵੱਡੀ ਗਿਣਤੀ ਵਿਚ ਸਿੱਖ-SC-BC ਜਾਤਾਂ, ਆਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ।
ਸਿੱਖ ਤਾਂ ਮੀਡਿਆ ਚ’ ਕਾਫੀ ਹੱਦ ਤੱਕ ਸਵੈ-ਨਿਰਭਰ ਹੋ ਚੁਕੇ ਹਨ। ਉਹ ਆਪਣੀਆਂ ਮਸਲਿਆਂ ਨੂੰ ਉਠਾਉਣ ਲਈ ਬ੍ਰਾਹਮਣਵਾਦੀ ਮੀਡੀਆ ਦੇ ਮੋਹਤਾਜ ਨਹੀਂ ਰਹੇ। SC-BC ਜਾਤਾਂ ਵੀ ਇਸ ਵੱਲ ਯਤਨਸ਼ੀਲ ਹਨ।
Facebook-YouTube ਤੇ ਇਹ ਸਾਰੇ ਵਰਗ ਅੱਛੀ ਪਕੜ ਬਣਾ ਚੁਕੇ ਹਨ। Twitter, ਜੋ ਇਸ ਵਕਤ ਸਭ ਤੋਂ ਜ਼ਿਆਦਾ ਅਸਰਦਾਰ ਸੋਸ਼ਲ ਮੀਡੀਆ ਮੰਨਿਆ ਜਾਂਦਾ ਹੈ, ਉਸ ‘ਤੇ ਵੀ ਸਰਗਰਮ ਹੋਣ ਦੀ ਲੋੜ ਹੈ। ਕੌਮੀ ਪੱਧਰ ਤੇ ਮੀਡੀਆ ਉਨ੍ਹਾਂ ਮਸਲਿਆਂ ਨੂੰ ਪਹਿਲ ਦਿੰਦਾ ਹੈ, ਜੋ Twitter ਤੇ Trend ਕਰਦੇ ਹਨ।
ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 60% ਅਤੇ ਦਲਿਤਾਂ ਦੀ 35% ਦੇ ਕਰੀਬ ਹੈ। ਮੀਡੀਆ ਵਿਚ ਇਨ੍ਹਾਂ ਦੀ ਹਿੱਸੇਦਾਰੀ ਵੀ ਇੰਝ ਹੀ ਹੋਣੀ ਚਾਹੀਦੀ ਹੈ ਨਹੀਂ ਤਾਂ ਇਨ੍ਹਾਂ ਦੇ ਮਸਲਿਆਂ ਨੂੰ ਬ੍ਰਾਹਮਣਵਾਦੀ ਮੀਡੀਆ ਤੋੜ-ਮਰੋੜ ਕੇ ਹੀ ਪੇਸ਼ ਕਰਦਾ ਰਹੇਗਾ।
ਮਹਾਨ ਅਫ਼੍ਰੀਕੀ-ਅਮਰੀਕੀ ਆਗੂ ਮੈਲਕਮ X ਨੇ ਕਿਹਾ ਸੀ ਕਿ,
“ਜੇਕਰ ਤੁਸੀਂ ਸੁਚੇਤ ਨਾ ਰਹੇ ਤਾਂ ਮੀਡੀਆ ਤੁਹਾਨੂੰ ਉਨ੍ਹਾਂ ਨਾਲ ਪਿਆਰ ਕਰਨਾ ਸਿਖਾ ਦੇਵੇਗਾ, ਜੋ ਜ਼ੁਲਮ ਕਰਦੇ ਹਨ ਅਤੇ ਉਨ੍ਹਾਂ ਨਾਲ ਨਫਰਤ, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਹੈ। ਮੀਡੀਆ ਦੁਨੀਆਂ ਦੀ ਸਭ ਤੋਂ ਤਾਕਤਵਰ ਚੀਜ਼ ਹੈ ਕਿਉਂਕਿ ਇਹ ਲੋਕਾਂ ਦੇ ਦਿਮਾਗਾਂ ਨੂੰ ਕੰਟਰੋਲ ਕਰਦੀ ਹੈ।”
ਮੀਡੀਆ ਤੁਹਾਡੇ ਸੋਚਣ ਦੇ ਤਰੀਕੇ ਨੂੰ ਤਾਂ ਬਹੁਤੇਰੇ ਪ੍ਰਭਾਵਿਤ ਨਹੀਂ ਕਰਦਾ; ਪਰ ਤੁਸੀਂ ਕਿਸ ਵਿਸ਼ੇ ਤੇ ਸੋਚਦੇ ਹੋ, ਇਹ ਫੈਸਲਾ ਕਰ ਦਿੰਦਾ ਹੈ। ਜਿਵੇਂ, ਪੰਜਾਬ ਵਿਚ ਸਿਹਤ-ਸਿੱਖਿਆ ਦੇ ਨਾਮ ਤੇ ਲੁੱਟ ਹੋ ਰਹੀ ਹੈ; ਪਰ ਮੀਡੀਆ ਕਹੇਗਾ ਕਿ ਦੇਸ਼ ਨੂੰ ਪਾਕਿਸਤਾਨ ਤੋਂ ਖਤਰਾ ਹੈ। ਜੋ ਬੁਨਿਆਦੀ ਮੁੱਦਾ ਸੀ, ਉਹ ਅੱਖੋਂ-ਪਰੋਲੇ ਹੋ ਗਿਆ; ਜੋ ਮੁੱਦਾ ਸੀ ਹੀ ਨਹੀਂ, ਉਸ ਤੇ ਚਰਚਾ ਛਿੜ ਗਈ।
ਸ਼ੁਰੂਆਤੀ ਦੌਰ ਵਿਚ ਹੋਣ ਕਰਕੇ, ਬਹੁਜਨ ਮੀਡਿਆ ਇਸ ਵਕਤ ਬੁਨਿਆਦੀ ਖਬਰਾਂ ਤੱਕ ਸੀਮਿਤ ਹੈ। ਉੱਮੀਦ ਹੈ ਜਲਦੀ ਹੀ ਖ਼ਬਰਾਂ ਨਾਲ ਜੁੜੇ ਹੋਰ ਬਹੁਤ ਸਾਰੇ ਪਹਿਲੂ ਵੀ ਸ੍ਹਾਮਣੇ ਆਉਣਗੇ।
ਖਾਸਕਰ ਜਰੂਰੀ ਵਿਸ਼ਿਆਂ ਤੇ ਸਾਰੇ ਵਰਗਾਂ ਵਿਚਕਾਰ ਬਹਿਸ ਕਰਵਾਉਣਾ।
ਸਿੱਖਾਂ-ਦਲਿਤਾਂ-ਪੱਛੜੀਆਂ ਦੇ ਅੰਦਰੂਨੀ ਮਸਲੇ ਹੋਣ ਯਾ ਫਿਰ ਸਵਰਨਾਂ ਨਾਲ ਟਾਕਰੇ ਦੇ, ਇਨ੍ਹਾਂ ਸਭ ਤੇ ਗੱਲਬਾਤ ਹੋਣੀ ਚਾਹੀਦੀ ਹੈ।
85% ਤੋਂ ਜ਼ਿਆਦਾ ਆਬਾਦੀ ਹੋਣ ਦੇ ਬਾਵਜੂਦ, ਬਹੁਜਨ ਸਮਾਜ(OBC, SC, ST, Minorities) ਦੀ ਪ੍ਰਸ਼ਾਸਨ, ਅਦਾਲਤਾਂ, ਕਾਰੋਬਾਰਾਂ ਅਤੇ ਹੋਰ ਅਦਾਰਿਆਂ ਵਿਚ ਬਣਦੀ ਹਿੱਸੇਦਾਰੀ ਕਿਉਂ ਨਹੀਂ ਹੈ ? ਲੋਕਤੰਤਰ ‘ਚ ਸਭ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਫਿਰ 10-15% ਆਬਾਦੀ ਵਾਲਾ ਸਵਰਨ ਵਰਗ ਹਰ ਖੇਤਰ ‘ਚ ਹਾਵੀ ਕਿਉਂ ਹੈ ?
ਇਸ ਤਰ੍ਹਾਂ ਦੇ ਹੋਰ ਵੀ ਗੰਭੀਰ ਮਸਲਿਆਂ ਤੇ ਵਿਚਾਰ-ਵਟਾਂਦਰੇ ਦੀ ਸਖ਼ਤ ਲੋੜ ਹੈ।
ਆਉਣ ਵਾਲੇ ਸਮੇਂ ਵਿਚ ਜੰਗਾਂ ਹਥਿਆਰਾਂ ਨਾਲ ਨਹੀਂ, ਬਲਕਿ ਮੀਡੀਆ ਵਰਗੇ ਪ੍ਰਚਾਰ ਦੇ ਸਾਧਨਾ ਨਾਲ ਲੜੀਆਂ ਜਾਣਗੀਆਂ। ਜਿਸ ਸਮਾਜ ਦੇ ਕੋਲ ਜਿੰਨੇ ਜ਼ਿਆਦਾ ਇਮਾਨਦਾਰ-ਸੂਝਵਾਨ ਆਗੂ ਅਤੇ ਮਜ਼ਬੂਤ ਮੀਡੀਆ ਹੋਵੇਗਾ, ਉਸਦੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਉਤਨੀਆਂ ਹੀ ਪ੍ਰਬਲ ਹੋਣਗੀਆਂ।
ਪੰਜਾਬ ਅਤੇ ਪੂਰੇ ਭਾਰਤ ਵਿਚ ਕਬਜ਼ਾ ਜਮਾਈ ਬੈਠੇ ਬ੍ਰਾਹਮਣਵਾਦੀ ਮੀਡੀਆ ਦਾ ਮੁਕਾਬਲਾ, ਛੋਟੇ-ਮੋਟੇ ਸਾਧਨਾਂ ਨਾਲ ਕਰਨਾ ਕੋਈ ਖੇਡ ਨਹੀਂ। ਫਿਰ ਵੀ ਐਨੇ ਜ਼ਰੂਰੀ ਪਹਿਲੂ ਤੇ ਕੀਤੀਆਂ ਜਾ ਰਹੀਆਂ ਇਹ ਕੋਸ਼ਿਸ਼ਾਂ ਸ਼ਲਾਘਾਯੋਗ ਹਨ।
ਸਾਹਿਬ ਕਾਂਸ਼ੀ ਰਾਮ ਕਿਹਾ ਕਰਦੇ ਸਨ ਕੀ ਭਾਰਤ ਦੇ ਲੋਕਤੰਤਰ ਨੂੰ ਤਿੰਨ “M”s ਤੋਂ ਬਹੁਤ ਵੱਢਾ ਖਤਰਾ ਹੈ; Money, Media ਤੇ Mafia. ਉਹ Money-Mafia ਦਾ ਮੁਕਾਬਲਾ ਕਰਨ ਵਿਚ ਕਾਮਯਾਬ ਰਹੇ ਪਰ Media ‘ਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ।
ਬਹੁਜਨ ਸਮਾਜ ਨੂੰ ਇਹ ਕਮੀ ਹੁਣ ਪੂਰੀ ਕਰ ਦੇਣੀ ਚਾਹੀਦੀ ਹੈ।