ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚ ਬਜ਼ੁਰਗਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੂੰ ਡਾਕ ਰਾਹੀਂ ਵੋਟ ਪਾਉਣ ਲਈ ਉਮਰ ਦੀ ਹੱਦ ਘਟਾ ਦਿੱਤੀ ਗਈ ਹੈ। ਭਾਰਤ ਵਿੱਚ ਕਰੋਨਾਵਾਇਰਸ ਫੈਲਣ ਤੋਂ ਬਾਅਦ ਬਿਹਾਰ ਰਾਜ ਅਜਿਹਾ ਪਹਿਲਾ ਰਾਜ ਹੈ ਜਿਥੇ ਵਿਧਾਨ ਸਭਾ ਵਿੱਚ ਚੋਣਾਂ ਹੋਣਗੀਆਂ ਅਤੇ ਬਿਹਾਰ ਦੇ ਵੋਟਰ ਸੋਧੇ ਨਿਯਮਾਂ ਦਾ ਲਾਭ ਲੈ ਸਕਦੇ ਹਨ।
ਅਕਤੂਬਰ 2019 ਵਿਚ ਕਾਨੂੰਨ ਮੰਤਰਾਲੇ ਨੇ ਚੋਣ ਨਿਯਮਾਂ ਵਿਚ ਸੋਧ ਕਰਕੇ ਅਪਾਹਜਾਂ ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਡਾਕ ਵੋਟ ਪਾਉਣ ਦੀ ਚੋਣ ਕਰਨ ਦੀ ਆਗਿਆ ਦਿੱਤੀ ਸੀ। ਹੁਣ 19 ਜੂਨ ਨੂੰ ਮੰਤਰਾਲੇ ਨੇ ਨਿਯਮਾਂ ਵਿਚ ਨਵੀਂ ਤਬਦੀਲੀ ਕੀਤੀ ਹੈ, ਜਿਸ ਨਾਲ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਡਾਕ ਰਾਹੀਂ ਵੋਟ ਪਾਉਣ ਦੀ ਵੀ ਆਗਿਆ ਦਿੱਤੀ ਗਈ।
ਚੋਣ ਕਮਿਸ਼ਨ ਦੇ ਸੁਝਾਅ ‘ਤੇ ਨਿਯਮਾਂ ਵਿਚ ਸੋਧ ਕਰਦੇ ਹੋਏ ਮੰਤਰਾਲੇ ਨੇ ਕੋਵਿਡ-19 ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਨੂੰ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਉਮਰ ਹੱਦ ਘਟਾ ਦਿੱਤੀ ਗਈ ਕਿਉਂਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਰੋਨਾ ਦਾ ਖਤਰਾ ਜ਼ਿਆਦਾ ਹੁੰਦਾ ਹੈ।