ਲਾਸਾਨੀ ਸ਼ਹਾਦਤ ਦੀ ਅਦੁੱਤੀ ਮਿਸਾਲ- ਸਾਕਾ ਸਰਹੰਦ

(ਸਮਾਜ ਵੀਕਲੀ)

ਸਿੱਖ ਇਤਿਹਾਸ ਕੁਰਬਾਨੀਆਂ ਦੀ ਮਿਸਾਲ ਹੈ। ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਚਾਰ ਸਾਹਿਬਜ਼ਾਦੇ ਵੀ ਇਸੇ ਸ਼ਹੀਦੀ ਮਾਲਾ ਦੇ ਸੁੱਚੇ ਮੋਤੀ ਹਨ। ਸਮਾਜਿਕ ਤੌਰ ਤੇ ਦੇਖਿਆ ਜਾਏ ਕਿ ਕਿਸੇ ਵੀ ਪਰਿਵਾਰ ਦਾ ਨਾਂ ਉਸ ਪਰਿਵਾਰ ਦੇ ਵੱਡੇ-ਵਡੇਰੇ ਜਾਂ ਸੁਲੱਗ ਨਿਕਲੀ ਔਲਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਭਾਵ ਕਿਸੇ ਪਰਿਵਾਰ ਦਾ ਨਾਂ ਦਾਦੇ/ਪਿਤਾ/ਪੁੱਤਰ ਜਾਂ ਪੋਤਿਆਂ ਚੋਂ ਕਿਸੇ ਇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸੀ ਕਿ ਜਿਸ ਵਿੱਚ ਦਾਦੇ-ਪੜਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਸਾਰਿਆਂ ਨੂੰ ਹੀ ਉਹ ਸਥਾਨ ਪ੍ਰਾਪਤ ਹੋਇਆ ਜੋ ਅੱਜ ਤੱਕ ਕਿਸੇ ਨੂੰ ਨਾਂ ਮਿਲ ਸਕਿਆ। ਪਿਛਲੇ ਸਾਲ ਆਲੇ-ਦੁਆਲੇ ਤੋਂ ਜਾਣਕਾਰੀ ਹਾਸਲ ਕਰ ਚਮਕੌਰ ਦੀ ਜੰਗ ਬਾਰੇ ਲਿਖ ਉਸ ਲਾਸਾਨੀ ਕੁਰਬਾਨੀ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰ ਉਹਨਾਂ ਨਿੱਕੀਆਂ ਜਿੰਦਾ ਬਾਰੇ ਲਿਖਣ ਦਾ ਹੌਸਲਾ ਕਰ ਰਿਹਾ ਹਾਂ ਜਿਹਨਾਂ ਦੇ ਹੌਸਲੇ ਦੀ ਮਿਸਾਲ ਸਦਕਾ ਅੱਜ ਦੁਨੀਆਂ ਭਰ ਵਿੱਚ ਸਿੱਖ ਇਤਿਹਾਸ ਨੂੰ ਮਾਣ-ਸਤਿਕਾਰ ਸਹਿਤ ਪੜਿਆ-ਲਿਖਿਆ ਜਾਂਦਾ ਹੈ। ਗਲਤੀ-ਭੁੱਲ ਲਈ ਸ਼ੁਰੂ ਤੋਂ ਹੀ ਮੁਆਫ਼ੀ ਮੰਗ ਰਿਹਾ ਹਾਂ।

ਸਿੱਖ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ 22 ਵਰਿਆਂ ਦੀ ਉਮਰ ਵਿਚ ਹੀ ਪਹਿਲੀ ਜੰਗ ਲੜੀ,ਜਿਸ ਵਿੱਚ ਉਹ ਜੇਤੂ ਹੋ ਕੇ ਨਿਕਲੇ। 1699 ਵਿੱਚ ਖਾਲਸੇ ਦੀ ਸਾਜਨਾ ਨੇ ਤਾਂ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਦੋ ਸਾਲ ਬਾਅਦ ਹੀ ਲੜਾਈਆਂ ਦਾ ਦੌਰ ਚੱਲ ਪਿਆ। ਪਹਾੜੀ ਰਾਜਿਆਂ ਨੇ ਸੱਤਾ ਖੁੱਸਣ ਦੇ ਡਰ ਕਾਰਨ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।ਔਰੰਗਜ਼ੇਬ ਨੇ ਆਨੰਦਪੁਰ ਦੇ ਕਿਲੇ ਤੇ ਹਮਲਾ ਕਰਨ ਦੇ ਹੁਕਮ ਦਿੱਤੇ। ਗੁਰੂ ਸਾਹਿਬ ਦੀਆਂ ਫੌਜਾਂ ਡਟ ਕੇ ਮੁਕਾਬਲਾ ਕਰਦੀਆਂ ਰਹੀਆਂ। ਕਿਲੇ ਦੀ ਘੇਰਾਬੰਦੀ ਨੂੰ ਲੱਗਭੱਗ 8 ਮਹੀਨੇ ਹੋ ਚੁੱਕੇ ਸਨ। ਮੁਗਲਾਂ ਨੇ ਕਿਲੇ ਦਾ ਰਾਸ਼ਣ-ਪਾਣੀ ਵੀ ਬੰਦ ਕਰ ਦਿੱਤਾ ਸੀ। ਸਿੱਖਾਂ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਕਿਲ੍ਹਾ ਛੱਡ ਦਿੱਤਾ ਜਾਵੇ ਪਰ ਗੁਰੂ ਸਾਹਿਬ ਕਿਲ੍ਹਾ ਛੱਡਣ ਦੇ ਰੌਂਅ ਵਿੱਚ ਨਹੀਂ ਸਨ ਪਰ ਸਿੱਖਾਂ ਦੀ ਭੁੱਖ ਤੇ ਧਾਰਮਿਕ ਚਿੰਨ੍ਹਾ ਦਾ ਸਨਮਾਨ ਦੇਖਦੇ ਹੋਏ ਅਖੀਰ ਕਿਲ੍ਹਾ ਛੱਡ ਦਿੱਤਾ।

ਪਰਿਵਾਰ ਸਮੇਤ ਲੱਗਭਗ 1500 ਸਿੰਘਾਂ ਦਾ ਕਾਫਲਾ ਨਾਲ ਸੀ। 6 ਪੋਹ ਨੂੰ ਕਿਲ੍ਹਾ ਛੱਡਣ ਵੇਲੇ ਮੁਗਲਾਂ ਨੇ ਜੋ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ,ਉਹਨਾਂ ਨੂੰ ਤੋੜ ਸਰਸਾ ਨਦੀ ਤੇ ਪਹੁੰਚਣ ਤੇ ਗੁਰੂ ਜੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਇੱਕ ਪਾਸੇ ਚੜ੍ਹੀ ਹੋਈ ਸਰਸਾ ਤੇ ਦੂਜੇ ਪਾਸੇ ਉੱਚ-ਉੱਚੇ ਪਹਾੜ। ਪਰ ਗੁਰੂ ਦੀਆਂ ਫੌਜਾਂ ਨੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ। ਕੁਝ ਸਿੰਘਾਂ ਨੇ ਹਿੰਮਤ ਦਿਖਾਈ। ਉਹ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਸਾ ਪਾਰ ਲੈ ਗਏ। ਸਰਸਾ ਪਾਰ ਕਰਨ ਉਪਰੰਤ ਸਾਰੇ ਸਿੱਖ ਅਜੇ ਇਕੱਠੇ ਵੀ ਨਹੀਂ ਹੋਏ ਸਨ ਕਿ ਰੋਪੜ ਦੇ ਰੰਗੜਾਂ ਨੇ ਫਿਰ ਧਾਵਾ ਬੋਲ ਦਿੱਤਾ। ਇੱਥੇ ਹੀ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਝ ਸਿੱਖਾਂ ਨਾਲ ਚਮਕੌਰ ਦੀ ਗੜ੍ਹੀ ਵੱਲ,ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਦੇ ਜੱਥੇ ਨਾਲ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਅਲੱਗ ਦਿਸ਼ਾ ਵੱਲ ਚਲੇ ਗਏ। ਹਨੇਰੇ ਜੰਗਲ ਬੀਆਬਾਨ ਚੋਂ ਲੰਘਦੇ ਹੋਏ ਉਹਨਾਂ ਨੂੰ ਇੱਕ ਦੀਵੇ ਦੀ ਲੋਅ ਦਿਖਾਈ ਦਿੰਦੀ ਹੈ।

ਮਾਤਾ ਜੀ ਅੱਗੇ ਹੋ ਕਿ ਦੇਖਦੇ ਹਨ ਕਿ ਛੰਨ ਨੁਮਾਂ ਝੌਂਪੜੀ ਵਿੱਚ ਕੋਈ ਵਿਅਕਤੀ ਹੈ। ਪੈਰਾਂ ਦੇ ਖੜਾਕ ਨਾਲ ਉਹ ਉੱਠ ਕੇ ਬਾਹਰ ਆਉਂਦਾ ਹੈ ਤਾਂ ਮਾਤਾ ਜੀ ਸਾਰਾ ਕੁਝ ਉਸ ਨੂੰ ਦੱਸਦੇ ਹਨ। ਕੁੰਮਾ ਮਾਸਕੀ ਜੋ ਉਸ ਛੰਨ ਵਿੱਚ ਰਹਿੰਦਾ ਸੀ ਤੇ ਰਾਹੀਆਂ ਨੂੰ ਆਪਣੀ ਬੇੜੀ ਰਾਹੀਂ ਨਦੀ ਪਾਰ ਕਰਵਾਉਂਦਾ ਸੀ। ਉਸ ਨੇ ਆਉਂਦੇ-ਜਾਂਦੇ ਰਾਹੀਆਂ ਤੋ ਸੁਣਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਗਰੀਬਾਂ-ਮਜਲੂਮਾ ਨਾਲ ਖੜਦੇ ਹਨ ਤੇ ਗਊ-ਗਰੀਬ ਦੀ ਰੱਖਿਆ ਕਰਦੇ ਹਨ। ਉਸ ਨੇ ਮਾਤਾ ਜੀ ਤੇ ਬੱਚਿਆਂ ਨੂੰ ਛੰਨ ਅੰਦਰ ਆਉਣ ਲਈ ਕਿਹਾ। ਉਸ ਨੇ ਸੁੱਕਾ ਘਾਹ ਵਿਛਾ ਬੈਠਣ ਲਈ ਥਾਂ ਤਿਆਰ ਕੀਤਾ ਤੇ ਮਾੜਾ-ਮੋਟਾ ਕੱਪੜਾ ਜੋ ਕੋਲ ਸੀ,ਠੰਢ ਤੋਂ ਬਚਣ ਲਈ ਬੱਚਿਆਂ ਲਈ ਪੇਸ਼ ਕੀਤਾ। ਮਖਮਲੀ ਸੇਜਾਂ ਤੇ ਸੌਣ ਵਾਲਿਆਂ ਲਾਲਾਂ ਨੇ ਘਾਹ-ਫੂਸ ਦੀ ਛੰਨ ਵਿੱਚ ਕਿਵੇਂ ਰਾਤ ਕੱਟੀ ਹੋਵੇਗੀ,ਇਹ ਉਹ ਦੋ ਜਹਾਨ ਦਾ ਬਾਲੀ ਹੀ ਬਿਆਨ ਕਰ ਸਕਦਾ ਹੈ। ਕੁੰਮੇ ਮਾਸਕੀ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਮੇਰੇ ਕੋਲ ਤਾਂ ਤੁਹਾਨੂੰ ਖਵਾਉਣ ਲਈ ਵੀ ਕੁਝ ਨਹੀਂ? ਥੋੜੀ ਦੂਰ ਇੱਕ ਪਰਿਵਾਰ ਰਹਿੰਦਾ ਹੈ। ਮੈਂ ਜਾ ਕੇ ਉਸ ਪਰਿਵਾਰ ਤੋਂ ਤੁਹਾਡੇ ਖਾਣ ਲਈ ਕੁਝ ਮੰਗ ਕੇ ਲਿਆਉਂਦਾ ਹਾਂ।

ਮਾਤਾ ਜੀ ਦੇ ਰੋਕਣ ਦੇ ਬਾਵਜੂਦ ਵੀ ਉਹ ਹਨੇਰੇ ਵਿੱਚ ਹੀ ਨਿਕਲ ਗਿਆ। ਜਾ ਕੇ ਉਸ ਪਰਿਵਾਰ ਦਾ ਦਰਵਾਜ਼ਾ ਖੜਕਾਇਆ। ਅੰਦਰੋਂ ਇੱਕ ਮਾਈ ਨਿਕਲੀ,ਜਿਸ ਨੂੰ ਉਸ ਨੇ ਸਾਰੀ ਕਹਾਣੀ ਦੱਸੀ। ਉਹ ਮਾਈ ( ਇਤਿਹਾਸਕਾਰ ਉਸ ਦਾ ਨਾਂ ਮਾਈ ਲੱਛਮੀ ਦੱਸਦੇ ਹਨ) ਗੁਰੂ ਜੀ ਪ੍ਰਤੀ ਸ਼ਰਧਾ ਰੱਖਦੀ ਸੀ। ਘਰ ਜੋ ਰੁੱਖਾ-ਮਿੱਸਾ ਪਿਆ ਸੀ,ਉਹ ਨਾਲ ਲੈ ਕੇ ਤੁਰ ਪਈ ਕਿ ਨਾਲੇ ਤਾਂ ਗੁਰੂ ਜੀ ਦੇ ਬੱਚਿਆਂ ਤੇ ਮਾਤਾ ਜੀ ਦੇ ਦਰਸ਼ਨ ਕਰ ਆਵਾਂਗੀ ਤੇ ਨਾਲੇ ਉਹਨਾਂ ਦੀ ਸੇਵਾ ਕਰ ਆਵਾਂਗੀ।ਥੋੜੀ ਦੇਰ ਬਾਅਦ ਉਹ ਦੋਨੋਂ ਮਾਤਾ ਜੀ ਤੇ ਬੱਚਿਆਂ ਕੋਲ ਪਹੁੰਚ ਦੇ ਹਨ। ਉਹਨਾਂ ਨੂੰ ਰੁੱਖਾ-ਮਿੱਸਾ ਛਕਾਉਂਦੇ ਹਨ। ਮਾਤਾ ਗੁਜਰੀ ਜੀ ਨੇ ਕੁੰਮੇ ਮਾਸਕੀ ਨੂੰ ਕੁਝ ਸੋਨਾ ਇਨਾਮ ਵਜੋਂ ਵੀ ਦਿੱਤਾ ਦੱਸਿਆ ਜਾਂਦਾ ਹੈ।

ਕੁੰਮੇ ਮਾਸਕੀ ਦਾ ਨਾਂ ਅੱਜ ਤੱਕ ਸਤਿਕਾਰ ਤੇ ਸ਼ਰਧਾ ਨਾਲ ਲਿਆ ਜਾਂਦਾ ਹੈ। ( ਇਹ ਉਹੀ ਕੁੰਮਾ ਮਾਸਕੀ ਸੀ,ਜਿਸ ਨੂੰ ਸੱਤਾ ਦੀ ਅੰਨੀ ਕੀਤੀ ਮੁਗਲ ਹਕੂਮਤ ਨੇ ਜਬਰੀ ਮੁਸਲਮਾਨ ਬਣਾਇਆ ਸੀ ਤੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੇਲ ਹੋਣ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਸੀ ਤੇ ਉਹਨਾਂ ਦੇ ਜੱਥੇ ਵਿੱਚ ਰਲ ਗਿਆ ਸੀ ਤੇ ਜਾਬਰਾਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦ ਹੋ ਗਿਆ ਸੀ)।ਮੂੰਹ ਹਨੇਰੇ ਹੀ ਮਾਤਾ ਗੁਜਰੀ ਜੀ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਹਨ ਤਾਂ ਸਰਸਾ ਦੇ ਕੰਢੇ ਤੇ ਗੰਗੂ ਰਸੋਈਏ ਨਾਲ ਉਹਨਾਂ ਦਾ ਮੇਲ ਹੁੰਦਾ ਹੈ। ਗੰਗੂ ਨੂੰ ਮਿਲ ਕੇ ਉਹ ਵੀ ਖੁਸ਼ ਹੁੰਦੇ ਹਨ ਕਿ ਚਲੋ ਪਰਿਵਾਰ ਦਾ ਇਕ ਜੀਅ ਤਾਂ ਮਿਲਿਆ। ਉਧਰ ਗੰਗੂ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ। ਯਾਦ ਰਹੇ ਗੰਗੂ ਇਸ ਸਮੇਂ ਤੱਕ ਬੇਈਮਾਨ ਨਹੀਂ ਸੀ।

ਉਧਰ ਵੱਡੇ ਸਾਹਿਬਜ਼ਾਦੇ ਤੇ ਤਿੰਨ ਪਿਆਰੇ ( ਭਾਈ ਸਾਹਿਬ ਸਿੰਘ,ਭਾਈ ਹਿੰਮਤ ਸਿੰਘ ਤੇ ਭਾਈ ਮੋਹਕਮ ਸਿੰਘ ਜੀ) ਚਮਕੌਰ ਦੀ ਬੇਜੋੜ ਜੰਗ ਵਿੱਚ ਸ਼ਹੀਦ ਹੋ ਚੁੱਕੇ ਹੁੰਦੇ ਹਨ।

ਗੰਗੂ ਦੇ ਘਰ ਪਹੁੰਚ ਕਰ ਮਾਤਾ ਜੀ ਸੋਚਦੇ ਹਨ ਕਿ ਪਤਾ ਨਹੀਂ ਇੱਥੇ ਕਿੰਨੇ ਕੁ ਦਿਨ ਰੁਕਣਾ ਪਵੇਗਾ? ਇਹ ਸੋਚ ਉਹ ਆਪਣੇ ਨਾਲ ਲਿਆਏ ਕੁਝ ਕੱਪੜੇ-ਸਮਾਨ ਵਗੈਰਾ ਠੀਕ ਕਰ ਰੱਖਦੇ ਹਨ। ਥੈਲੇ ਵਿੱਚੋਂ ਮੋਹਰਾਂ ਦੀ ਥੈਲੀ ਕੱਢ ਉਹ ਸਿਰਹਾਣੇ ਰੱਖਦੇ ਹਨ,ਜਿਸ ਦਾ ਖੜਾਕ ਗੰਗੂ ਸੁਣ ਲੈਂਦਾ ਹੈ।
ਗੁਰਬਾਣੀ ਦਾ ਕਥਨ ਹੈ ,
ਬਿਨੁ ਸਿਮਰਨ ਕੂਕਰ ਹਰਕਾਇਆ। ।
ਲੋਭ ਬਿਕਾਰ ਜਿਨਾ ਮਨ ਲਾਗਾ
ਹਰਿ ਬਿਸਰਿਆ ਪੁਰਖਿ ਚੰਗੇਰਾ। ।

ਧਨ ਦਾ ਲੋਭ ਚੰਗੇ-ਚੰਗੇ ਬੰਦਿਆਂ ਦੀ ਮੱਤ ਮਾਰ ਦਿੰਦਾ ਹੈ। ਹੁਣ ਗੰਗੂ ਦੇ ਮਨ ਵਿੱਚ ਲਾਲਚ ਆਇਆ ਕਿ ਰਾਤ ਨੂੰ ਮੋਹਰਾਂ ਚੁਰਾ ਕੇ ਆਪਣੇ ਹੱਥ ਹੇਠ ਕਰ ਲਈਆਂ ਜਾਣ। ਉਹ ਰਾਤ ਨੂੰ ਮੋਹਰਾਂ ਚੁਰਾ ਲੈਂਦਾ ਹੈ। ਚੋਰੀ ਕੀਤੀਆਂ ਮੋਹਰਾਂ ਜਦ ਉਹ ਬਾਹਰ ਕਿਧਰੇ ਲੁਕਾਉਣ ਲਈ ਜਾਂਦਾ ਹੈ ਤਾਂ ਉਸ ਦੇ ਕੰਨੀ ਅਵਾਜ ਪੈਂਦੀ ਹੈ ਕਿ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਦੇਵੇਗਾ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ। ਮੋਹਰਾਂ ਤਾਂ ਕੋਲ ਹੀ ਹਨ, ਕਿਉਂ ਨਾਂ ਇਨਾਮ ਵੀ ਪ੍ਰਾਪਤ ਕਰ ਲਿਆ ਜਾਵੇ? ਇਹ ਸੋਚ ਉਹ ਉਹਨਾਂ ਸਿਪਾਹੀਆਂ ਨੂੰ ਸਾਰੀ ਗੱਲ ਦੱਸ ਦਿੰਦਾ ਹੈ। ਗਾਨੀ ਖਾਂ ਤੇ ਮਾਨੀ ਖਾਂ ਨਾਂ ਦੇ ਸਿਪਾਹੀ ਦਿਨ ਚੜ੍ਹਦੇ ਹੀ ਗੰਗੂ ਨੂੰ ਨਾਲ ਲੈ ਉਸ ਦੇ ਘਰ ਦਾ ਦਰਵਾਜਾ ਖੜਕਾ ਦਿੰਦੇ ਹਨ। ਉਧਰ ਦਰਵਾਜਾ ਖੜਕਦੇ ਸਾਰ ਹੀ ਮਾਤਾ ਗੁਜਰੀ ਜੀ ਸੋਚਦੇ ਹਨ ਕਿ ਇਸ ਸਮੇਂ ਕੌਣ ਹੋ ਸਕਦਾ ਹੈ? ਸੁਖ ਹੋਵੇ! ਗੰਗੂ ਵੀ ਰਾਤ ਦਾ ਘਰ ਨਹੀਂ ਵੜਿਆ ! ਜਦੋਂ ਉਹ ਦਰਵਾਜਾ ਖੋਲਦੇ ਹਨ ਤਾਂ ਅੱਗੋਂ ਦੋਨੋਂ ਸਿਪਾਹੀ ਖੜ੍ਹੇ ਹੁੰਦੇ ਹਨ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਉਹ ਮੋਰਿੰਡੇ ਥਾਣੇ ਵਿੱਚ ਲੈ ਜਾਂਦੇ ਹਨ।

ਉਧਰ ਸੂਬਾ ਸਰਹੰਦ ਵਜੀਰ ਖਾਂ ਸਾਰੇ ਪਾਸਿਆਂ ਤੋਂ ਹਾਰ ਖਾ ਬਹੁਤ ਨਿਰਾਸ਼ ਤੇ ਗੁੱਸੇ ਵਿੱਚ ਹੁੰਦਾ ਹੈ। ਗੰਗੂ ਸਿਪਾਹੀਆਂ ਨੂੰ ਨਾਲ ਲੈ ਇਨਾਮ ਮਿਲਣ ਦੇ ਲਾਲਚ ਵੱਸ ਸੂਬਾ ਸਰਹੰਦ ਨੂੰ ਸਾਰੀ ਵਾਰਤਾ ਦੱਸਣ ਲਈ ਚਲਾ ਜਾਂਦਾ ਹੈ। ਸੂਬੇ ਦੇ ਦਰਬਾਰੀ ਉਸ ਦੇ ਗੁੱਸੇ ਤੇ ਨਿਰਾਸ਼ ਹੋਣ ਬਾਰੇ ਦੱਸਦੇ ਹਨ ਕਿ ਉਹ ਕਿਸੇ ਨੂੰ ਵੀ ਨਹੀਂ ਮਿਲ ਸਕਦੇ। ਪਰ ਇਹ ਕਹਿੰਦੇ ਹਨ ਕਿ ਉਹਨਾਂ ਦੀ ਸਾਰੀ ਨਿਰਾਸ਼ਤਾ ਤੇ ਗੁੱਸਾ ਦੂਰ ਹੋ ਜਾਵੇਗਾ,ਜਦੋਂ ਤੁਸੀਂ ਸਾਨੂੰ ਇੱਕ ਵਾਰ ਮਿਲਾ ਦੇਵੋਗੇ? ਜਦੋਂ ਉਹ ਸੂਬਾ ਸਰਹੰਦ ਨੂੰ ਮਿਲ ਕੇ ਮਾਤਾ ਜੀ ਤੇ ਬੱਚਿਆਂ ਬਾਰੇ ਦੱਸਦੇ ਹਨ ਤਾਂ ਸੂਬਾ ਬੜਾ ਖੁਸ਼ ਹੁੰਦਾ ਹੈ। ਉਹ ਬੱਚਿਆਂ ਤੇ ਮਾਤਾ ਜੀ ਨੂੰ ਲਿਆਉਣ ਦੀ ਤਾਕੀਦ ਕਰਦਾ ਹੈ।

ਮੋਰਿੰਡੇ ਵਾਪਸ ਆਉਂਦਿਆਂ ਨੂੰ ਉਹਨਾਂ ਨੂੰ ਰਾਤ ਪੈ ਜਾਂਦੀ ਹੈ। ਉਹ ਰਾਤ ਮੋਰਿੰਡੇ ਥਾਣੇ ਕੱਟਣ ਉਪਰੰਤ ਦੂਜੇ ਦਿਨ ਉਹਨਾਂ ਨੂੰ ਸੂਬਾ ਸਰਹੰਦ ਕੋਲ ਪੇਸ਼ ਕਰਨ ਲਈ ਲਿਜਾਇਆ ਜਾਂਦਾ ਹੈ। ਉਧਰ ਸੂਬਾ ਸਰਹੰਦ ਕਚਹਿਰੀ ਲਾ ਆਪਣੇ ਅਸਰ ਰਸੂਖ ਰੱਖਣ ਵਾਲੇ ਲੋਕਾਂ ਨਾਲ ਬੈਠਾ ਹੁੰਦਾ ਹੈ। ਪਹਿਲਾਂ ਇਕੱਲੇ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ ਤਾਂ ਜੋ ਉਹ ਦਾਦੀ ਤੋਂ ਅਲੱਗ ਹੋ ਡਰ ਜਾਣਗੇ ਤੇ ਮੇਰਾ ਹੁਕਮ ਮੰਨਣਗੇ। ਪਰ ਬੱਚਿਆਂ ਨੇ ਆਉਣ ਸਾਰ ਹੀ ਗੱਜ ਕੇ ਫਤਹਿ ਬੁਲਾ ਦਿੱਤੀ। ਜਿਸ ਤੋਂ ਸੂਬਾ ਅੱਗ ਬਬੂਲਾ ਹੋ ਉੱਠਿਆ। ਬੱਚਿਆਂ ਨੂੰ ਅਨੇਕਾਂ ਲਾਲਚ-ਡਰਾਵੇ ਦਿੱਤੇ ਗਏ ਪਰ ਬੱਚੇ ਬਿਲਕੁਲ ਨਹੀਂ ਘਬਰਾਏ। ਅਖੀਰ ਸ਼ਾਮ ਹੁੰਦ ਵੇਖ ਗੁੱਸੇ ਵਿਚ ਆਏ ਸੂਬੇ ਨੇ ਉਹਨਾਂ ਨੂੰ ਮਾਤਾ ਗੁਜਰੀ ਜੀ ਸਮੇਤ ਠੰਢੇ ਬੁਰਜ ਵਿੱਚ ਰੱਖਣ ਦੇ ਆਦੇਸ਼ ਦੇ ਦਿੱਤੇ। ਇਹ ਠੰਢਾ ਬੁਰਜ ਕੀ ਸੀ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ ਚਾਰ ਸਾਹਿਬਜ਼ਾਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸਰਹੰਦ ਦੇ ਆਲੇ-ਦੁਆਲੇ ਅੱਠ ਬੁਰਜ ਬਣੇ ਹੋਏ ਸਨ। ਇਹ ਠੰਢਾ ਬੁਰਜ 140 ਫੁੱਟ ਉੱਚਾ ਸੀ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਜਾਣ ਲਈ ਸਰਹੰਦ ਰਸਤੇ ਵਿੱਚ ਪੈਂਦਾ ਸੀ। ਉਸ ਸਮੇਂ ਦੇ ਵਜੀਰ ਆਪਣੇ ਵੱਡੇ ਅਫਸਰਾਂ ਜਾਂ ਖਾਸ ਮਹਿਮਾਨਾਂ ਨੂੰ ਉਸ ਠੰਢੇ ਬੁਰਜ ਵਿੱਚ ਠਹਿਰਾਉਂਦੇ ਸਨ। ਇਸ ਵਿੱਚ ਗਰਮੀਆਂ ਵਿੱਚ ਏ ਸੀ ਜਿੰਨੀ ਠੰਢੀ ਹਵਾ ਲੱਗਦੀ ਸੀ। ਸੂਬੇ ਨੇ ਸੋਚਿਆ ਕਿ ਠੰਢ ਦੇ ਡਰ ਨਾਲ ਮਾਤਾ ਜੀ ਬੱਚਿਆਂ ਨੂੰ ਸਾਡਾ ਹੁਕਮ ਮੰਨਣ ਲਈ ਤਿਆਰ ਕਰ ਲੈਣਗੇ। ਸਿਪਾਹੀ ਤਿੰਨਾ ਨੂੰ ਠੰਢੇ ਬੁਰਜ ਵਿੱਚ ਛੱਡ ਆਉਂਦੇ ਹਨ। ਯਾਦ ਰੱਖਣ ਦੀ ਲੋੜ ਹੈ ਕਿ ਇਹਨਾਂ ਦੋਹੇਂ ਉਮਰਾਂ ਵਿੱਚ ਸਭ ਤੋਂ ਵੱਧ ਠੰਢ ਲੱਗਦੀ ਹੈ। ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਦਸ ਪੋਹ ਦੀ ਠੰਢੇ ਬੁਰਜ ਵਿੱਚ ਸ਼ੁਰੂ ਹੁੰਦੀ ਹੈ । ਰਾਤ ਹੋਣ ਲੱਗਦੀ ਹੈ। ਮਾਤਾ ਜੀ ਦੋਨਾਂ ਨੂੰ ਬੁੱਕਲ ਵਿਚ ਬਿਠਾ ਲੈਂਦੇ ਹਨ। ਸਾਹਿਬਜ਼ਾਦਾ ਫਤਿਹ ਸਿੰਘ ਦਾਦੀ ਜੀ ਨਾਲ ਗੱਲ ਸ਼ੁਰੂ ਕਰਦਾ ਹੈ ਤੇ ਕਹਿੰਦਾ ਹੈ ਕਿ ਆਪਣੇ ਸਿਪਾਹੀ ਤੇ ਪਿਤਾ ਜੀ ਕਿਧਰ ਚਲੇ ਗਏ ਹਨ, ਜਿਸ ਨੂੰ ਅੱਲਾ ਯਾਰ ਖਾਂ ਜੋਗੀ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਿਆਂ ਲਿਖਿਆ ਹੈ ,
“ਦਾਦੀ ਸੇ ਬੋਲੇ ਅਪੁਨੇ ਸਿਪਾਹੀ ਕਿਧਰ ਗਏ ,
ਦਰਿਆ ਪੇ ਛੋੜ ਕਰ ਰਾਹੀ ਕਿਧਰ ਗਏ ,
ਤੜਫਾ ਕੇ ਆਏਂ ਸੂਰਤੇਂ ਮਾਹੀ ਕਿਧਰ ਗਏ,
ਅਬਾ ਭਗਾਕਰ ਲਸ਼ਕਰ ਏ ਸ਼ਾਹੀ ਕਿਧਰ ਗਏ ?”

ਸਾਹਿਬਜ਼ਾਦਾ ਫਤਹਿ ਸਿੰਘ ਨੂੰ ਜਵਾਬ ਦਿੰਦੇ ਹੋਏ ਸਾਹਿਬਜ਼ਾਦਾ ਜੋਰਾਵਰ ਸਿੰਘ ਕਹਿੰਦੇ ਹਨ ਕਿ ਜਦੋਂ ਉਹ ਸਾਰੇ ਆਏ ਤਾਂ ਅਸੀਂ ਉਹਨਾਂ ਨਾਲ ਰੁੱਸ ਜਾਵਾਂਗੇ। ਲੱਖ ਵਾਰੀ ਮਨਾਉਣ ਤੇ ਵੀ ਨਹੀਂ ਮੰਨਾਂਗੇ,ਜਿਸ ਨੂੰ ਅੱਲਾ ਯਾਰ ਖਾਂ ਜੋਗੀ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਾ ਹੈ,

“ਰਣ ਜਬ ਜੀਤ ਕਰ ਅਜੀਤ ਤਸ਼ਰੀਫ ਲਾਏਂਗੇ
ਅਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ
ਕਰ ਕੇ ਹਰ ਏਕ ਸੇ ਗਿਲਾ ਹਮ ਰੂਠ ਜਾਏਂਗੇ
ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ
ਹਮ ਕੋ ਗਲੇ ਲਗਾਕਰ ਕਹੇਂਗੇ ਮਾਨ ਜਾਓ
ਲੇਕਿਨ ਹਮ ਨਹੀਂ ਮਾਨੇਂਗੇ ਜਿਨਹਾਰ।”

ਪਰ ਫਤਹਿ ਸਿੰਘ ਫਿਰ ਆਖਦੇ ਹਨ ਕਿ ਵੀਰ ਜੀ ਕਿੰਨੇ ਚਿਰ ਦੇ ਤਾਂ ਵਿੱਛੜੇ ਹੋਏ ਹਾਂ। ਆਪਾਂ ਇਸ ਤਰ੍ਹਾਂ ਨਹੀਂ ਕਰਾਂਗੇ। ਉਧਰ ਬੱਚਿਆਂ ਦੀਆਂ ਗੱਲਾਂ ਸੁਣ ਮਾਤਾ ਜੀ ਸੋਚਦੇ ਹਨ ਕਿ ਪੁੱਤਰੋ ਹੁਣ ਕਿੱਥੇ ਆਪਣੇ ਮੇਲ ਹੋਣੇ ਨੇ !

ਉਹ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੀਆਂ ਕਹਾਣੀਆਂ ਸੁਣਾ ਤੱਤੀ ਤਵੀ ਦਾ ਨਿੱਘ ਦੇ ਸਲਾਉਣ ਦੀ ਕੋਸ਼ਿਸ਼ ਕਰਦੇ ਹਨ। ਅਚਾਨਕ ਦਰਵਾਜਾ ਖੜਕਦਾ ਹੈ। ਮਾਤਾ ਜੀ ਪੂਰੇ ਜੋਸ਼ ਨਾਲ ਬੋਲਦੇ ਹਨ ਕਿ ਇਸ ਵਕਤ ਕੌਣ ਹੈ? ਇੱਕ ਵਿਅਕਤੀ ਜਿਸ ਨੇ ਮੂੰਹ ਸਿਰ ਲਪੇਟਿਆ ਹੁੰਦਾ ਹੈ,ਆਖਦਾ ਹੈ ਕਿ ਮੈ ਮੋਤੀ ਮਹਿਰਾ ਹਾਂ। ਗੁਰੂ ਦੇ ਪਰਿਵਾਰ ਨੂੰ ਇੰਝ ਨਹੀਂ ਦੇਖ ਸਕਦਾ। ਜਾਲਮਾਂ ਨੇ ਰੋਟੀ-ਪਾਣੀ ਵੀ ਨਾਂ ਦੇਣ ਦੇ ਹੁਕਮ ਦਿੱਤੇ ਹੋਏ ਨੇ। ਮੈਂ ਤੁਹਾਡੇ ਲਈ ਇਹ ਦੁੱਧ ਦੀ ਗੜਵੀ (ਡੋਲੂ) ਲੈ ਕੇ ਆਇਆ ਹਾਂ। ਭੁੱਖ ਤੇ ਠੰਢ ਤੋਂ ਕੁਝ ਰਾਹਤ ਮਿਲੇਗੀ। ਕਿਰਪਾ ਕਰਕੇ ਪੀ ਲੳ। ਮਾਤਾ ਜੀ ਨੇ ਬੱਚਿਆਂ ਨੂੰ ਪਿਲਾ ਕੁਝ ਦੁੱਧ ਆਪ ਪੀਤਾ। ਜਾਣ ਲੱਗਿਆ ਮੋਤੀ ਮਹਿਰਾ ਕਹਿੰਦਾ ਮਾਤਾ ਜੀ ਕੱਲ੍ਹ ਨੂੰ ਵੀ ਆਵਾਂਗਾ। ਪਰ ਮਾਤਾ ਜੀ ਨੇ ਕਿਹਾ ਕਿ ਨਾਂ ਪੁੱਤਰਾ,ਕੱਲ੍ਹ ਨਾਂ ਆਵੀ। ਜੇਕਰ ਇਹਨਾ ਨੂੰ ਪਤਾ ਲੱਗ ਗਿਆ ਤਾਂ ਤੂੰ ਉਨਾ ਸਾਨੂੰ ਦੁੱਧ ਨੀ ਪਿਲਾਉਣਾ,ਜਿੰਨਾ ਇਹਨਾਂ ਨੇ ਤੇਰਾ ਖੂਨ ਪੀ ਲੈਣਾ ਹੈ। ਸਿੱਖ ਇਤਿਹਾਸ ਵਿੱਚ ਅੱਜ ਵੀ ਮੋਤੀ ਮਹਿਰਾ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। (ਇਤਿਹਾਸ ਅਨੁਸਾਰ ਦੁੱਧ ਪਿਲਾਉਣ ਦੀ ਸਜਾ ਵਜੋਂ ਮੋਤੀ ਮਹਿਰੇ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਜਾਂਦਾ ਹੈ)

ਦੂਜੇ ਦਿਨ ਸਵੇਰ ਹੁੰਦੇ ਹੀ ਸਿਪਾਹੀ ਫਿਰ ਸਾਹਿਬਜ਼ਾਦਿਆਂ ਨੂੰ ਲੈਣ ਆ ਗਏ। ਮਾਤਾ ਗੁਜਰੀ ਨੇ ਤਿਆਰ ਕਰ ਉਹਨਾਂ ਨੂੰ ਤੋਰਿਆ। ਇਸ ਦਿਨ ਸੂਬੇ ਨੇ ਹੋਰ ਚਾਲ ਚੱਲੀ। ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਛੋਟੀ ਖਿੜਕੀ ਖੋਲ੍ਹ ਦਿੱਤੀ। ਸਿਪਾਹੀ ਨੂੰ ਸਿਖਾਇਆ ਹੋਇਆ ਸੀ। ਪਹਿਲਾਂ ਫਤਹਿ ਸਿੰਘ ਨੂੰ ਅੱਗੇ ਕੀਤਾ ਗਿਆ। ਸਿਪਾਹੀ ਸਿਰ ਝੁਕਾ ਕੇ ਅੰਦਰ ਜਾ ਵੜਿਆ।ਸੂਬੇ ਕੋਲ ਬੈਠੇ ਸੁੱਚਾ ਨੰਦ ਨੇ ਫਤਹਿ ਸਿੰਘ ਨੂੰ ਸਿਰ ਝੁਕਾ ਕੇ ਅੰਦਰ ਆਉਣ ਲਈ ਕਿਹਾ।ਸੋਚਿਆ ਕੇ ਇਸ ਤਰ੍ਹਾਂ ਸੂਬੇ ਅੱਗੇ ਉਸ ਦਾ ਸਿਰ ਝੁਕ ਜਾਏਗਾ। ਪਰ ਦਾਦੀ ਦੀ ਦਿੱਤੀ ਸਿੱਖਿਆ ਸਦਕਾ ਫਤਹਿ ਸਿੰਘ ਨੇ ਪਹਿਲਾਂ ਜੁੱਤੀ ਵਾਲਾ ਪੈਰ ਅੰਦਰ ਰੱਖਿਆ ਤੇ ਸਿਰ ਪਿਛਾਂਹ ਕਰ ਕੇ ਅੰਦਰ ਜਾ ਕੇ ਫਤਹਿ ਬੁਲਾ ਦਿੱਤੀ। ਸੂਬਾ ਮੱਚ ਉੱਠਿਆ। ਇੰਨੇ ਨੂੰ ਜੋਰਾਵਰ ਸਿੰਘ ਵੀ ਉਸੇ ਤਰ੍ਹਾਂ ਅੰਦਰ ਆ ਗਏ। ਸੂਬੇ ਨੂੰ ਇਹੋ ਜਿਹੀਆਂ ਜੁੱਤੀਆਂ ਦਿਖਾਈਆਂ ਕਿ ਹੁਣ ਤੱਕ ਉਸ ਦੀ ਕੁੱਲ ਦੇ ਜੁੱਤੀਆਂ ਹੀ ਪੈ ਰਹੀਆਂ ਹਨ। ਬੱਚਿਆਂ ਨੂੰ ਫਿਰ ਤੋਂ ਲਾਲਚ ਦਿੱਤੇ ਗਏ । ਜਦੋਂ ਦਿੱਤੇ ਲਾਲਚ ਕੰਮ ਨਾਂ ਆਏ ਤਾਂ ਡਰਾਵਿਆ ਨਾਲ ਧਮਕਾਇਆ ਵੀ ਗਿਆ (ਕੁਝ ਲੇਖਕ ਕੁਝ ਸਰੀਰਕ ਸਜਾ ਦੇਣ ਦੀ ਗੱਲ ਵੀ ਕਰਦੇ ਹਨ)।ਪਰ ਗੁਰੂ ਦੇ ਜਾਏ ਕਿੱਥੋਂ ਡੋਲਣ ਵਾਲੇ ਸਨ ।ਜਿਹਨਾਂ ਦੇ ਪੜਦਾਦੇ ਦੇ ਵਚਨ ਸਨ,

ਭੈ ਕਾਹੂ ਕੋ ਦੇਤਿਨ ਹੈ,ਨਹਿ ਭੈ ਮਾਨਤ ਆਨਿ
ਕਹੁ ਨਾਨਕ ਸੁਨਿ ਰੇ ਮਨਾਂ ਗਿਆਨੀ ਤਾਹਿ ਵਿਖਾਨਿ। ।

ਸ਼ਾਮ ਹੋ ਗਈ,ਸੂਬੇ ਦੀ ਕੋਈ ਪੇਸ਼ ਨਾ ਚੱਲੀ। ਸਿਪਾਹੀ ਫਿਰ ਬੱਚਿਆਂ ਨੂੰ ਲੈ ਕੇ ਦਾਦੀ ਕੋਲ ਠੰਢੇ ਬੁਰਜ ਵਿੱਚ ਛੱਡ ਗਏ। ਅੱਜ ਸਾਹਿਬਜ਼ਾਦਾ ਫਤਿਹ ਸਿੰਘ ਖੁਸ਼ੀ ਨਾਲ ਪੌੜੀਆਂ ਚੜ੍ਹ ਰਿਹਾ ਸੀ। ਜਾ ਕੇ ਦਾਦੀ ਮਾਂ ਨੂੰ ਦੱਸਦਾ ਹੈ ਕਿ ਦਾਦੀ ਮਾਂ ਤੇਰੀ ਦਿੱਤੀ ਸਿੱਖਿਆ ਸਦਕਾ ਅੱਜ ਵੀ ਮੈਂ ਉਸ ਜਾਲਮ ਅੱਗੇ ਸਿਰ ਨਹੀਂ ਝੁਕਾਇਆ।ਬੱਚਿਆਂ ਨੂੰ ਗੋਦੀ ਚ ਬਿਠਾ ਦਾਦੀ ਫਿਰ ਤੋਂ ਪੋਤਿਆਂ ਨੂੰ ਭਾਈ ਮਤੀ ਦਾਸ-ਸਤੀ ਦਾਸ ਤੇ ਭਾਈ ਦਿਆਲਾ ਜੀ ਦੀਆਂ ਸਾਖੀਆਂ ਸੁਣਾ ਨਿੱਘ ਤੇ ਹੌਸਲਾ ਦਿੰਦੀ ਹੈ। ਸਵੇਰ ਹੁੰਦੀ ਹੈ। ਦਾਦੀ ਬਾਣੀ ਪੜ੍ਹ ਪੋਤਿਆਂ ਨੂੰ ਤਿਆਰ ਕਰਦੀ ਹੈ। ਸਿਪਾਹੀ ਲੈਣ ਆਉਂਦੇ ਨੇ। ਦਾਦੀ ਮੱਥਾ ਚੁੰਮ ਉਹਨਾਂ ਨੂੰ ਸਿਪਾਹੀਆਂ ਨਾਲ ਤੋਰਦੀ ਹੈ। ਪੰਜ ਸੱਤ ਪੌੜੀਆਂ ਉਤਰ ਇੱਕ ਸਿਪਾਹੀ ਪਿੱਛੇ ਮੁੜ ਮਾਤਾ ਗੁਜਰੀ ਜੀ ਨੂੰ ਆਖਦਾ ਹੈ ਕਿ ਮਾਤਾ ਤੇਰਾ ਪੋਤਿਆਂ ਨਾਲ ਬਹੁਤ ਪਿਆਰ ਹੈ। ਮੈਂ ਹਰ ਰੋਜ ਤੇਰੇ ਪੋਤਿਆਂ ਨੂੰ ਲੈ ਕੇ ਤੇ ਛੱਡ ਕੇ ਜਾਂਦਾ ਹਾਂ ਪਰ ਅੱਜ ਲੈ ਚੱਲਿਆ ਹਾਂ ਪਤਾ ਨਹੀਂ ਜਾਲਮ ਵਾਪਸ ਭੇਜਣਗੇ ਕਿ ਨਹੀਂ। ਤੁਸੀਂ ਕਿਵੇਂ ਜਰੋ ਗੇ? ਅੱਗੋਂ ਮਾਤਾ ਗੁਜਰੀ ਜੀ ਦੇ ਬੋਲਾਂ ਨੂੰ ਚਰਨ ਸਿੰਘ ਸਫਰੀ ਨੇ ਆਪਣੇ ਸ਼ਬਦਾ ਰਾਹੀਂ ਬਿਆਨ ਕਰਦਿਆਂ ਲਿਖਿਆ ਹੈ,

“ਮੇਰਾ ਨਾਂ ਗੁਜਰੀ,ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ,ਘੜੀ-ਘੜੀ ਗੁਜਰੀ,ਪਲ-ਪਲ ਗੁਜਰੀ।
ਪਹਿਲਾਂ ਪਤੀ ਦਿੱਤਾ,ਹੁਣ ਪੋਤੇ ਦਿੱਤੇ,ਫਿਰ ਮੈਨੂੰ ਮੌਤ ਕਹਿੰਦੀ ਤੂੰ ਵੀ ਚੱਲ ਗੁਜਰੀ।
ਤਾਹੀਉਂ ਲੋਕੀਂ ਮੈਨੂੰ ਆਖਦੇ ਨੇ,
ਜਿਹੜੀ ਆਈ,ਉਹ ਮੈਂ ਸਿਰ ਤੇ ਝੱਲ ਗੁਜਰੀ। ”

ਸਿਪਾਹੀ ਮੁੜ ਆਉਂਦਾ ਹੈ ।ਮਾਤਾ ਗੁਜਰੀ ਜੀ ਮੌਤ ਵਿਆਹੁਣ ਜਾ ਰਹੇ ਪੋਤਿਆਂ ਨੂੰ ਦਲੀਜਾਂ ਚ ਖੜ੍ਹ ਨਿਹਾਰਦੇ ਹਨ,ਜਿਸ ਦਾ ਵਰਨਣ ਸੋਹਣ ਸਿੰਘ ਸ਼ੀਤਲ ਆਪਣੇ ਸ਼ਬਦਾਂ ਵਿੱਚ ਕਰਦੇ ਲਿਖਦੇ ਹਨ,
“ਵਿੱਚ ਦਲੀਜਾਂ ਆ ਖੜੀ,ਬਾਹੀਂ ਹੱਥ ਪਾ ਕੇ
ਰੁਕ ਗਈ ਮਮਤਾ ਤੜਫਦੀ,ਬੁੱਲ੍ਹਾਂ ਤੇ ਆ ਕੇ
ਹੰਝੂ ਪੀ ਲਏ ਅੰਦਰੀਂ,ਉਹਨੇ ਡੀਕਾਂ ਲਾ ਕੇ
ਦੇ ਦੇ ਦਾਬੂ ਸਬਰ ਦੇ,ਰੱਖ ਦਰਦ ਛੁਪਾ ਕੇ।”

ਸਾਹਿਬਜ਼ਾਦੇ ਕਚਹਿਰੀ ਵਿੱਚ ਜਾਣ ਸਾਰ ਫਿਰ ਗੱਜ ਕੇ ਫਤਹਿ ਬੁਲਾਉਂਦੇ ਹਨ। ਸੂਬਾ ਸਰਹੰਦ ਫਿਰ ਮੱਚ ਉੱਠਦਾ ਹੈ। ਕਾਜੀ ਨੂੰ ਫਤਵਾ ਦੇਣ ਲਈ ਆਖਦਾ ਹੈ। ਕਾਜੀ ਇਨਕਾਰ ਕਰ ਦਿੰਦਾ ਹੈ ਕਿ ਬੱਚਿਆਂ ਲਈ ਫਤਵਾ ਨਹੀਂ ਸੁਣਾਇਆ ਜਾ ਸਕਦਾ। ਸੂਬਾ ਕਾਜੀ ਨੂੰ ਗੁੱਸੇ ਨਾਲ ਫਿਰ ਕਹਿੰਦਾ ਹੈ। ਡਰਦਾ ਹੋਇਆ ਕਾਜੀ ਬੱਚਿਆਂ ਨੂੰ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਦੇ ਦਿੰਦਾ ਹੈ। ਕਚਹਿਰੀ ਚ ਹਾਜਰ ਮਾਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਫਤਵੇ ਨੂੰ ਗਲਤ ਆਖ ਬੱਚਿਆਂ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਦਾ ਹੈ।
“ਸੱਚ ਕੋ ਮਿਟਾਉਗੇ, ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ, ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਆਪਣਾ ਸੁਣ ਲਓ ਜਰਾ, ਦਿਲ ਕੀ ਕਾਨ ਸੇ
ਕਹਿ ਰਹੇ ਹੈ ਹਮ ਤੁਮਹੇ,ਖੁਦਾ ਕੀ ਜੁਬਾਨ ਸੇ। ”

ਪਰ ਸੂਬਾ ਆਪਣੇ ਫੈਸਲੇ ਤੇ ਅੜਿਆ ਰਹਿੰਦਾ ਹੈ। ਜੱਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਨੀਹਾਂ ਚ ਚਿਣ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ।

ਦੇਖਿਆ ਜਾਏ ਤਾਂ ਅੱਜ ਦੇ ਸਮੇਂ ਵਿੱਚ ਵੀ ਔਰੰਗਜ਼ੇਬ ਦੀਆਂ ਔਲਾਦਾਂ ਦੇ ਰੂਪ ਧਾਰ ਸਾਸਕ ਰਾਜ ਕਰ ਰਹੇ ਹਨ। ਜਿਹਨਾਂ ਦਾ ਮਕਸਦ ਗਊ-ਗਰੀਬ ਦਾ ਇਸ ਦੁਨੀਆਂ ਤੋਂ ਖਾਤਮਾ ਕਰ ਆਪਣਾ ਸਿੱਕਾ ਚਲਾਉਣਾ ਹੈ। ਉਹਨਾਂ ਖਿਲਾਫ ਲੜਾਈ ਲੜਨ ਲਈ ਇਸ ਇਤਿਹਾਸ ਤੋਂ ਕੁਝ ਸਿੱਖਣ ਤੇ ਅਜੋਕੀ ਪੀੜੀ ਨੂੰ ਸਿਖਾਉਣ ਦੀ ਲੋੜ ਹੈ। ਇਹੋ ਸਾਡੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

Previous articleਭਾਰਤ ਵਿਚ ਹਾਸ਼ੀਏ ਤੇ-ਇਸਾਈ
Next articleUnited Cup: Badosa, Carreno Busta look to get Spain back on track against Britain