ਤਾਲਿਬਾਨ ਦੀ ਅੰਤਰਿਮ ਸਰਕਾਰ ਵੱਲੋਂ ਭਲਕੇ ਸਹੁੰ ਚੁੱਕਣ ਦੀ ਤਿਆਰੀ

ਕਾਬੁਲ, (ਸਮਾਜ ਵੀਕਲੀ): ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਅੰਤਰਿਮ ਸਰਕਾਰ ਵੱਲੋਂ 11 ਸਤੰਬਰ ਨੂੰ ਸਹੁੰ ਚੁੱਕੇ ਜਾਣ ਦੀ ਸੰਭਾਵਨਾ ਹੈ। ਇਸ ਦਿਨ 2001 ਵਿਚ ਅਮਰੀਕਾ ’ਚ ਹੋਏ 9/11 ਦੇ ਹਮਲਿਆਂ ਦੀ 20ਵੀਂ ਵਰ੍ਹੇਗੰਢ ਵੀ ਹੈ। ਪ੍ਰਾਪਤ ਖ਼ਬਰਾਂ ਅਨੁਸਾਰ ਤਾਲਿਬਾਨ ਦੀ ਨਵੀਂ ਬਣੀ ਸਰਕਾਰ ਵੱਲੋਂ ਭਾਰਤ, ਚੀਨ, ਤੁਰਕੀ, ਪਾਕਿਸਤਾਨ, ਇਰਾਨ ਤੇ ਕਤਰ ਵਰਗੇ ਮੁਲਕਾਂ ਨੂੰ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਲਈ ਸੱਦੇ ਭੇਜ ਦਿੱਤੇ ਗਏ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਤਾਲਿਬਾਨ ਸਰਕਾਰ ਵੱਲੋਂ ਅਮਰੀਕਾ ਨੂੰ ਵੀ ਇਸ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ। ਤਾਲਿਬਾਨ ਵੱਲੋਂ ਉਸ ਦੀ ਅੰਤਰਿਮ ਸਰਕਾਰ ਦੇ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਤਾਲਿਬਾਨ ਵੱਲੋਂ ਇਸ ਨਵੀਂ ਸਰਕਾਰ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਮੁਲਕਾਂ ਨੂੰ ਇਸ ਜੰਗ ਪ੍ਰਭਾਵਿਤ ਮੁਲਕ ਵਿਚ ਮੁੜ ਤੋਂ ਉਨ੍ਹਾਂ ਦੇ ਸਫ਼ਾਰਤਖਾਨੇ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਹੈ। ਤਾਲਿਬਾਨ ਦੇ ਤਜਰਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਨਿਵੇਸ਼ ਲਈ ਸ਼ਾਂਤੀ ਤੇ ਸਥਿਰਤਾ ਬਹੁਤ ਜ਼ਰੂਰੀ ਹੈ। ਅਸੀਂ ਚੀਨ ਸਣੇ ਸਾਰੇ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦੇ ਹਾਂ।’’ ਉਸ ਨੇ ਕਿਹਾ, ‘‘ਜੰਗ ਖ਼ਤਮ ਹੋ ਚੁੱਕੀ ਹੈ, ਦੇਸ਼ ਸੰਕਟ ’ਚੋਂ ਬਾਹਰ ਨਿਕਲ ਰਿਹਾ ਹੈ। ਹੁਣ ਵੇਲਾ ਸ਼ਾਂਤੀ ਤੇ ਪੁਨਰ ਨਿਰਮਾਣ ਦਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਸਹਿਯੋਗ ਦੇਣ। ਅਫ਼ਗਾਨਿਸਤਾਨ ਨੂੰ ਵੀ ਮਾਨਤਾ ਦਾ ਅਧਿਕਾਰ ਹੈ। ਕੌਮਾਂਤਰੀ ਭਾਈਚਾਰੇ ਨੂੰ ਕਾਬੁਲ ਵਿਚ ਆਪੋ-ਆਪਣੇ ਸਫ਼ਾਰਤਖਾਨੇ ਖੋਲ੍ਹਣੇ ਚਾਹੀਦੇ ਹਨ।

ਹਾਲਾਂਕਿ, ਕੌਮਾਂਤਰੀ ਭਾਈਚਾਰਾ ਤਾਲਿਬਾਨ ਦੀ ਇਸ ਅੰਤ੍ਰਿਮ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹੈ ਅਤੇ ਉਸ ਵੱਲੋਂ ਇਸ ਸਰਕਾਰ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਨਾ ਹੋਣ ’ਤੇ ਸਵਾਲ ਉਠਾਏ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿਚ ਸ਼ਾਮਲ ਤਾਲਿਬਾਨੀ ਆਗੂਆਂ ਨੂੰ ਇਸ ਸਰਕਾਰ ਵਿਚ ਸ਼ਾਮਲ ਕੀਤੇ ਜਾਣ ਕਾਰਨ ਵੀ ਕੌਮਾਂਤਰੀ ਭਾਈਚਾਰਾ ਨਾਖੁਸ਼ ਹੈ।

ਉੱਧਰ, ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਅਫ਼ਗਾਨਿਸਤਾਨ ਵਿਚ ਐਲਾਨੀ ਅੰਤ੍ਰਿਮ ਸਰਕਾਰ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਇਸ ਵਿਚ ਸ਼ਾਮਲ ਕੁਝ ਲੋਕਾਂ ਦੇ ਪਿਛੋਕੜ ਨੂੰ ਲੈ ਕੇ ਚਿੰਤਤ ਹਾਂ।’’

ਇਸੇ ਦੌਰਾਨ ਤਾਲਿਬਾਨ ਨੇ ਕੌਮਾਂਤਰੀ ਭਾਈਚਾਰੇ ਦੀ ਆਲੋਚਨਾ ਦਾ ਤਿੱਖਾ ਵਿਰੋਧ ਕੀਤਾ। ਤਾਲਿਬਾਨ ਨੇ ਖ਼ਾਸ ਕਰ ਕੇ ਅਮਰੀਕਾ ’ਤੇ ਵਰ੍ਹਦਿਆਂ ਕਿਹਾ ਕਿ ਤਾਲਿਬਾਨ ਦੀ ਅੰਤ੍ਰਿਮ ਸਰਕਾਰ ਨੂੰ ਮਾਨਤਾ ਨਾ ਦੇ ਕੇ ਅਮਰੀਕਾ ਦੋਹਾ ਸ਼ਾਂਤੀ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਬਤੁੱਲ੍ਹਾ ਅਖੁੰਦਜ਼ਾਦਾ ਕਰਨਗੇ ਤਾਲਿਬਾਨ ਸਰਕਾਰ ਦੀ ਅਗਵਾਈ
Next articlePurohit new Punjab Governor, Ravi shifted to Tamil Nadu