* ਕਾਨੂੰਨੀ ਪ੍ਰਕਿਰਿਆ ਹੋਈ ਪੂਰੀ
* ਸੀਬੀਆਈ ਅਤੇ ਈਡੀ ਦੀਆਂ ਟੀਮਾਂ ਉਸ ਨੂੰ ਭਾਰਤ ਲਿਆਉਣ ਦੇ ਕੰਮ ਵਿੱਚ ਜੁਟੀਆਂ
ਦਿੱਲੀ (ਸਮਾਜਵੀਕਲੀ): ਭਾਰਤੀ ਭਗੌੜੇ ਕਾਰੋਬਾਰੀ ਅਤੇ ਅਲੋਪ ਹੋ ਚੁੱਕੀ ਕਿੰਗਫਿਸ਼ਰ ਏਅਰਲਾਇਨਜ਼ ਦੇ ਬਾਨੀ ਵਿਜੇ ਮਾਲਿਆ ਨੂੰ ਆਉਣ ਵਾਲੇ ਦਿਨਾਂ ਵਿਚ ‘ਕਿਸੇ ਵੀ ਸਮੇਂ’ ਭਾਰਤ ਭੇਜਿਆ ਜਾ ਸਕਦਾ ਹੈ। ਉਸ ਦੀ ਹਵਾਲਗੀ ਸਬੰਧੀ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਬਰਤਾਨੀਆ ਦੀ ਉੱਚ ਅਦਾਲਤ ਨੇ ਮਾਲਿਆ ਦੀ ਹਵਾਲਗੀ ਨੂੰ ਚੁਣੌਤੀ ਦੇਣ ਵਾਲੀ ਅਪੀਲ 14 ਮਈ ਨੂੰ ਖਾਰਜ ਕਰ ਦਿੱਤੀ ਸੀ।
ਐਨਫੋਰਸਮੈਂਟ ਵਿਭਾਗ ਦੇ ਉੱਚ ਸੂਤਰ ਨੇ ਦੱਸਿਆ, ‘ਅਸੀਂ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਸਮੇਂ ਮਾਲਿਆ ਨੂੰ ਭਾਰਤ ਲਿਆ ਸਕਦੇ ਹਾਂ। ਪਰ ਉਸ ਨੇ ਹਵਾਲਗੀ ਦੀ ਤਰੀਖ਼ ਦਾ ਖੁਲਾਸਾ ਨਹੀਂ ਕੀਤਾ।’ ਊਸ ਨੇ ਦੱਸਿਆ ਕਿ ਸੀਬੀਆਈ ਅਤੇ ਈਡੀ ਦੀਆਂ ਟੀਮਾਂ ਮਾਲਿਆ ਨੂੰ ਭਾਰਤ ਲਿਆਉਣ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ। ਸੀਬੀਆਈ ਦੇ ਸੂਤਰ ਨੇ ਦੱਸਿਆ ਕਿ ਉਸ ਦੀ ਹਵਾਲਗੀ ਤੋਂ ਬਾਅਦ ਉਹ, ਸਭ ਤੋਂ ਪਹਿਲਾਂ ਉਸ ਦੀ ਕਸਟਡੀ ਲੈਣਗੇ ਕਿਉਂਕਿ ਉਸ ਖਿਲਾਫ਼ ਕੇਸ ਦਰਜ ਕਰਨ ਵਾਲੀ ਉਹ ਪਹਿਲੀ ਏਜੰਸੀ ਹੈ।
ਉਸ ਨੇ ਦੱਸਿਆ ਕਿ ਹਵਾਲਗੀ ਦਾ ਸਭ ਤੋਂ ਵੱਡਾ ਅੜਿੱਕਾ 14 ਮਈ ਨੂੰ ਹਟ ਗਿਆ ਸੀ। ਹੁਣ ਨਰਿੰਦਰ ਮੋਦੀ ਸਰਕਾਰ ਨੇ ਅਗਲੇ 28 ਮਹੀਨਿਆਂ ਵਿੱਚ ਉਸ ਨੂੰ ਭਾਰਤ ਲਿਆਉਣਾ ਹੈ। ਜ਼ਿਕਰਯੋਗ ਹੈ ਕਿ ਮਾਲਿਆ ਨੇ 17 ਭਾਰਤੀ ਬੈਂਕਾਂ ਨਾਲ 9000 ਕਰੋੜ ਦਾ ਘੁਟਾਲਾ ਕੀਤਾ ਹੈ। ਉਹ 2016 ਵਿੱਚ ਭਾਰਤ ਤੋਂ ਵਿਦੇਸ਼ ਚਲਾ ਗਿਆ ਸੀ। 14 ਮਈ ਨੂੰ ਅਦਾਲਤ ਦੇ ਫ਼ੈਸਲੇ ਤੋਂ ਬਾਅਦ, ਉਸਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਉਸ ਦੇ ਕਰਜ਼ਿਆਂ ਦਾ 100 ਫੀਸਦੀ ਵਾਪਸ ਕਰ ਦੇਵੇਗਾ ਬਸ਼ਰਤੇ ਉਸ ਖ਼ਿਲਾਫ਼ ਕੇਸ ਬੰਦ ਖਤਮ ਕਰ ਦਿੱਤੇ ਜਾਣ।