ਗੁਰੂਸਰ ਸੁਧਾਰ (ਸਮਾਜਵੀਕਲੀ): ਕੌਮਾਂਤਰੀ ਏਅਰਪੋਰਟ ਹਲਵਾਰਾ ਲਈ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ਨੂੰ ਅੱਜ ਇੱਕ ਵਾਰ ਫਿਰ ਗ੍ਰਹਿਣ ਲੱਗ ਗਿਆ ਜਦੋਂ ਜ਼ਮੀਨ ਦੇ ਮਾਲਕ ਕਿਸਾਨਾਂ ਨੇ ਗਲਾਡਾ ਅਧਿਕਾਰੀਆਂ ਵੱਲੋਂ ਦਿਨ ਢਲੇ ਕਬਜ਼ਾ ਕਰਨ ਲਈ ਉਨ੍ਹਾਂ ਦੇ ਖੇਤਾਂ ਵਿੱਚ ਚੋਰੀ-ਛਿਪੇ ਲਾਈਆਂ ਬੁਰਜੀਆਂ ਪੁੱਟ ਕੇ ਸੁੱਟ ਦਿੱਤੀਆਂ। ਅੱਧੀ ਅਧੂਰੀ ਅਦਾਇਗੀ ਕਰ ਕੇ ਦੇਰ ਸ਼ਾਮ ਭਾਰੀ ਪੁਲੀਸ ਫੋਰਸ ਸਮੇਤ ਕਬਜ਼ਾ ਕਰਨ ਆਪਣੀ ਟੀਮ ਸਮੇਤ ਪੁੱਜੇ ਗਲਾਡਾ ਦੇ ਐਕਸੀਅਨ ਜਸਜੀਤ ਸਿੰਘ ਦੇਰ ਰਾਤ ਤੱਕ ਖੇਤਾਂ ਵਿੱਚ ਹੀ ਮੌਜੂਦ ਸਨ।
ਉਪ ਪੁਲੀਸ ਕਪਤਾਨ ਗੁਰਬੰਸ ਸਿੰਘ ਬੈਂਸ, ਦਾਖਾ ਥਾਣੇ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਅਤੇ ਥਾਣਾ ਸੁਧਾਰ ਦੇ ਮੁਖੀ ਅਜਾਇਬ ਸਿੰਘ ਤੋਂ ਇਲਾਵਾ ਤਹਿਸੀਲਦਾਰ ਰਾਏਕੋਟ ਮੁਖ਼ਤਿਆਰ ਸਿੰਘ ਵੀ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਮੌਜੂਦ ਸਨ। ਜਿਉਂ ਹੀ ਕਬਜ਼ਾ ਲੈਣ ਦੀ ਖ਼ਬਰ ਕਿਸਾਨਾਂ ਨੂੰ ਮਿਲੀ ਤਾਂ ਲੋਕ ਇੱਕਦਮ ਇਕੱਤਰ ਹੋ ਗਏ ਅਤੇ ਗਲਾਡਾ ਵੱਲੋਂ ਬਿਨਾਂ ਅਦਾਇਗੀ ਕੀਤਿਆਂ ਜ਼ਮੀਨ ’ਤੇ ਕਬਜ਼ਾ ਕਰਨ ਦਾ ਵਿਰੋਧ ਕੀਤਾ।
ਗਲਾਡਾ ਅਧਿਕਾਰੀਆਂ ਨੇ ਪਹਿਲਾਂ ਪਿੰਡ ਐਤੀਆਣਾ ਵਾਲੇ ਪਾਸੇ ਹਰੀ ਸਿੰਘ ਦੇ ਖੇਤ ਵਿੱਚ ਬੁਰਜੀ ਲਾ ਦਿੱਤੀ ਸੀ ਤੇ ਉਸ ਮਗਰੋਂ ਜਦੋਂ ਪਿੰਡ ਹਲਵਾਰਾ ਵਾਲੇ ਪਾਸੇ ਨਿਰਭੈ ਸਿੰਘ ਅਤੇ ਬਲਦੇਵ ਸਿੰਘ ਸਕੇ ਭਰਾਵਾਂ ਦੇ ਖੇਤਾਂ ਵਿੱਚ ਬੁਰਜੀਆਂ ਲਾਈਆਂ ਤਾਂ ਕਿਸਾਨਾਂ ਨੇ ਉਹ ਬੁਰਜੀਆਂ ਪੁੱਟ ਕੇ ਸੁੱਟ ਦਿੱਤੀਆਂ। ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ’ਚ ਹਾਲੇ ਵੀ ਤਰੁੱਟੀਆਂ ਹਨ ਅਤੇ ਸਾਰੇ ਕਿਸਾਨਾਂ ਨੂੰ ਅਦਾਇਗੀ ਵੀ ਨਹੀਂ ਹੋਈ। ਮੌਕੇ ’ਤੇ ਮੌਜੂਦ ਕਿਸੇ ਵੀ ਗਲਾਡਾ ਅਧਿਕਾਰੀ ਅਤੇ ਪੁਲੀਸ ਅਧਿਕਾਰੀ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।