ਬਠਿੰਡਾ (ਸਮਾਜਵੀਕਲੀ) – ਇੱਥੋਂ ਅੱਜ 2576 ਪਰਵਾਸੀਆਂ ਨੇ ਦੋ ਰੇਲਗੱਡੀਆਂ ਰਾਹੀਂ ਆਪਣੀ ਕਰਮ-ਭੂਮੀ ਤੋਂ ਜਨਮ-ਭੂਮੀ ਵੱਲ ਚਾਲੇ ਪਾਏ। ਬਠਿੰਡਾ ਜੰਕਸ਼ਨ ਤੋਂ ਇੱਕ ਰੇਲ ਗੱਡੀ ਸਵੇਰੇ ਬਿਹਾਰ ਅਤੇ ਦੂਜੀ ਸ਼ਾਮ ਨੂੰ ਝਾਰਖੰਡ ਗਈ। ਪਰਿਵਾਰਾਂ ਨੂੰ ਮਿਲਣ ਲਈ ਉਤਾਵਲੇ ਪਰਵਾਸੀ ਪਰਿਵਾਰ ਗੁਆਂਢੀ ਜ਼ਿਲ੍ਹਿਆਂ ‘ਚੋਂ ਪੈਦਲ ਚੱਲ ਕੇ ਇੱਥੇ ਪਹੁੰਚੇ।
ਸਵੇਰ ਵੇਲੇ 1388 ਯਾਤਰੀਆਂ ਨੂੰ ਲੈ ਕੇ ਪਹਿਲੀ ਰੇਲ ਬਿਹਾਰ ਦੇ ਸ਼ਹਿਰ ਮੁਜ਼ੱਫ਼ਰਪੁਰ ਗਈ। ਸ਼ਾਮ ਨੂੰ 1188 ਪਰਵਾਸੀਆਂ ਦੀ ਭਰੀ ਇਕ ਹੋਰ ਰੇਲ ਝਾਰਖੰਡ ਲਈ ਰਵਾਨਾ ਕੀਤੀ ਗਈ। ਸਫ਼ਰ ਕਰਨ ਵਾਲੇ ਮਜ਼ਦੂਰਾਂ ਵਿੱਚ ਕਰੀਬ 600 ਦੀ ਗਿਣਤੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ਕਾਮਿਆਂ ਦੀ ਸੀ।
ਰਵਾਨਗੀ ਦੀ ਰਸਮ ਮੌਕੇ ਪਹੁੰਚੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਨੇ ਖ਼ੁਲਾਸਾ ਕੀਤਾ ਕਿ ਕ੍ਰਮਵਾਰ ਦੋਵਾਂ ਰੇਲ ਗੱਡੀਆਂ ਲਈ 7.21 ਅਤੇ 7.12 ਲੱਖ ਰੁਪਏ ਦਾ ਖ਼ਰਚ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਵਿਚ ਪਹੁੰਚਾਉਣ ਲਈ ਕੈਪਟਨ ਸਰਕਾਰ ਨੇ 35 ਕਰੋੜ ਰੁਪਏ ਰਾਖਵੇਂ ਰੱਖੇ ਹਨ।
ਮੁਸਾਫ਼ਰਾਂ ਨੂੰ ਰਸਤੇ ‘ਚ ਖਾਣ ਲਈ ਭੋਜਨ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ। ਬਹੁਤ ਸਾਰੇ ਯਾਤਰੀਆਂ ਨੇ ਖਾਣ-ਪੀਣ ਦੀਆਂ ਵਸਤਾਂ ਦੇ ਮਿਕਦਾਰ ਨੂੰ ਆਪਣੇ ਲੰਮੇ ਪੈਂਡੇ ਨਾਲ ਮੇਲ ਕੇ ‘ਕਾਫ਼ੀ ਘੱਟ’ ਦੱਸਿਆ। ਸਫ਼ਰ ਤੋਂ ਪਹਿਲਾਂ ਸਾਰੇ ਯਾਤਰੀਆਂ ਦਾ ਮੈਡੀਕਲ ਚੈੱਕਅਪ ਅਤੇ ਜ਼ਰੂਰੀ ਦਸਤਾਵੇਜ਼ੀ ਪੜਤਾਲ ਕੀਤੀ ਗਈ।