ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਨਾਲ ਉਪਜੇ ਸੰਕਟ ਦਾ ਸਾਹਮਣਾ ਕਰਨ ’ਚ ਜੁਟੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਮੰਤਰਾਲਿਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਨੁੱਖਤਾ ਜ਼ਰੂਰ ਇਸ ਮਹਾਮਾਰੀ ਉਤੇ ਕਾਬੂ ਪਾ ਲਵੇਗੀ। ਸਾਰਾ ਸੰਸਾਰ ਕੋਵਿਡ-19 ਖ਼ਿਲਾਫ਼ ਇਕਜੁੱਟ ਹੈ।
ਮੋਦੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਵਿਟਜ਼ਰਲੈਂਡ ਸਥਿਤ ਭਾਰਤੀ ਦੂਤਾਵਾਸ ਦੇ ਟਵੀਟ ਦਾ ਜਵਾਬ ਦਿੰਦਿਆਂ ਕੀਤਾ। ਜ਼ਰਮੈਟ (ਸਵਿਟਜ਼ਰਲੈਂਡ) ਵਿਚ 1000 ਮੀਟਰ ਦਾ ਭਾਰਤੀ ਤਿਰੰਗਾ ਮੈਟਰਹੋਰਨ ਪਰਬਤ ਉਤੇ ਪ੍ਰਾਜੈਕਟ ਕੀਤਾ ਗਿਆ। ਇਸ ਤਰ੍ਹਾਂ ਭਾਰਤੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਗਈ। ਭਾਰਤੀ ਦੂਤਾਵਾਸ ਨੇ ਟਵੀਟ ਕਰ ਕੇ ਇਸ ਲਈ ਸਥਾਨਕ ਸੈਰ-ਸਪਾਟਾ ਅਥਾਰਿਟੀ ਦਾ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਮੰਤਰਾਲਿਆਂ ਤੇ ਆਪਣੇ ਕੈਬਨਿਟ ਸਹਿਯੋਗੀਆਂ ਦੇ ਟਵੀਟ ਦਾ ਵੀ ਜਵਾਬ ਦਿੱਤਾ।
ਇਨ੍ਹਾਂ ’ਚ ‘ਲੌਕਡਾਊਨ’ ਦੌਰਾਨ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਬੰਦੋਬਸਤ ਦਾ ਜ਼ਿਕਰ ਸੀ। ਰੇਲ ਮੰਤਰੀ ਪਿਊਸ਼ ਗੋਇਲ ਦੇ ਟਵੀਟ ਦਾ ਜਵਾਬ ਦਿੰਦਿਆਂ ਮੋਦੀ ਨੇ ਰੇਲ ਮੰਤਰਾਲੇ ਦੀ ਸਿਫ਼ਤ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਦੀ ਟੀਮ ’ਤੇ ਮਾਣ ਹੈ, ਹਮੇਸ਼ਾ ਸੰਕਟ ਦੇ ਸਮੇਂ ਸਾਡੇ ਨਾਗਰਿਕਾਂ ਦੇ ਕੰਮ ਆਉਂਦੀ ਹੈ।
ਜ਼ਿਕਰਯੋਗ ਹੈ ਕਿ ਯਾਤਰੀ ਰੇਲ ਗੱਡੀਆਂ ਰੁਕਣ ਦੇ ਬਾਵਜੂਦ ਰੇਲ ਮੁਲਾਜ਼ਮ ਕੋਵਿਡ ਸੰਕਟ ਨਾਲ ਜੁੜੀਆਂ ਕਈ ਹੋਰ ਗਤੀਵਿਧੀਆਂ ਵਿਚ ਜੁਟੇ ਹੋਏ ਹਨ। ਮੋਦੀ ਨੇ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦੇ ਟਵੀਟ ’ਤੇ ਐਲਪੀਜੀ ਸਿਲੰਡਰ ਪਹੁੰਚਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਇਕ ਟਵੀਟ ’ਚ ਸਿਵਲ ਏਵੀਏਸ਼ਨ ਸੈਕਟਰ ਨਾਲ ਜੁੜੇ ਲੋਕਾਂ ਦਾ ਵੀ ਜ਼ਿਕਰ ਸੀ ਜੋ ਜ਼ਰੂਰੀ ਸਪਲਾਈ ਨਾਲ ਜੁੜੇ ਹੋਏ ਹਨ।