ਪੰਜਾਬ ’ਚ ਝੱਖੜ ਤੇ ਮੀਂਹ ਨੇ ਸਮੇਟਣ ’ਤੇ ਆਈ ਫ਼ਸਲ ਝੰਬੀ

ਚੰਡੀਗੜ੍ਹ (ਸਮਾਜਵੀਕਲੀ)  – ਦੱਖਣੀ ਪੰਜਾਬ ’ਚ ਅੱਜ ਤੇਜ਼ ਝੱਖੜ ਤੇ ਬਾਰਿਸ਼ ਨੇ ਵਾਢੀ ਦੇ ਆਖਰੀ ਪੜਾਅ ’ਚ ਖੜ੍ਹੀ ਕਣਕ ਦੀ ਫ਼ਸਲ ਨੂੰ ਝੰਬ ਦਿੱਤਾ ਹੈ। ਅੱਧੀ ਦਰਜਨ ਜ਼ਿਲ੍ਹਿਆਂ ’ਚ ਸ਼ਾਮ ਵੇਲੇ ਮੀਂਹ ਪਿਆ ਜਿਸ ਨੇ ਰਹਿੰਦੀ ਵਾਢੀ ਨੂੰ ਬਰੇਕ ਲਾ ਦਿੱਤੀ ਹੈ। ਸਮੇਟਣ ’ਤੇ ਆਈ ਖ਼ਰੀਦ ਦਾ ਕੰਮ ਹੁਣ ਦੋ ਤਿੰਨ ਦਿਨ ਹੋਰ ਚੱਲਣ ਦੇ ਆਸਾਰ ਹਨ।

ਮੁਕਤਸਰ ਦੇ ਬਰੀਵਾਲਾ ਇਲਾਕੇ ਵਿਚ ਗੜੇਮਾਰੀ ਹੋਣ ਦੀ ਵੀ ਸੂਚਨਾ ਹੈ। ਇਵੇਂ ਹੀ ਹਰਿਆਣਾ ਦੇ ਪੰਜ ਛੇ ਜ਼ਿਲ੍ਹਿਆਂ ’ਚ ਵੀ ਇਕੋ ਵੇਲੇ ਮੀਂਹ ਪਿਆ। ਹਾਲਾਂਕਿ ਪੰਜਾਬ ਹਰਿਆਣਾ ਦੇ ਇਨ੍ਹਾਂ ਖ਼ਿੱਤਿਆਂ ਵਿਚ ਦੋ ਤੋਂ ਚਾਰ ਐਮ.ਐਮ ਵਰਖਾ ਹੋਈ ਪਰ ਤੇਜ਼ ਤੂਫ਼ਾਨ ਨੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ।

ਮੌਸਮ ਵਿਭਾਗ ਨੇ ਚੌਕਸ ਕੀਤਾ ਹੈ ਕਿ ਆਉਂਦੇ 48 ਤੋਂ 72 ਘੰਟਿਆਂ ਦਰਮਿਆਨ ਇਸੇ ਤਰ੍ਹਾਂ ਹੀ ਹਨੇਰੀ ਤੇ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਕਰੀਬ 4 ਵਜੇ ਬਾਰਿਸ਼ ਸ਼ੁਰੂ ਹੋਈ ਤੇ ਦੋ ਘੰਟੇ ਕਿਤੇ ਦਰਮਿਆਨੀ ਵਰਖਾ ਹੋਈ ਅਤੇ ਕਿਤੇ ਭਰਵਾਂ ਮੀਂਹ ਵੀ ਪਿਆ। ਸੜਕਾਂ ਅਤੇ ਨਹਿਰਾਂ ਦੇ ਕੰਢੇ ਖੜ੍ਹੇ ਦਰੱਖਤਾਂ ਦੇ ਟੁੱਟੇ ਟਾਹਣੇ ਦੇਰ ਸ਼ਾਮ ਆਵਾਜਾਈ ਵਿਚ ਵਿਘਨ ਦਾ ਕਾਰਨ ਵੀ ਬਣੇ ਹਨ। ਨਰਮਾ ਪੱਟੀ ਵਿਚ ਕਿਸਾਨ ਨਰਮੇ ਦੀ ਬਿਜਾਈ ਦੀ ਤਿਆਰੀ ਵਿਚ ਸਨ।

ਪੰਜਾਬ ਭਰ ਵਿਚ ਕਰੀਬ 20 ਫੀਸਦੀ ਕਣਕ ਦੀ ਫਸਲ ਦੀ ਵਾਢੀ ਹਾਲੇ ਰਹਿੰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਫਰੀਦਕੋਟ, ਬਰਨਾਲਾ, ਮਾਨਸਾ, ਮੁਕਤਸਰ, ਬਠਿੰਡਾ ਤੋਂ ਇਲਾਵਾ ਮਾਝੇ ਦੇ ਤਰਨਤਾਰਨ ਦੇ ਇਲਾਕੇ ਵਿਚ ਬਾਰਿਸ਼ ਪੈਣ ਦੀਆਂ ਖ਼ਬਰਾਂ ਹਨ। ਬਿਜਲੀ ਸਪਲਾਈ ਵੀ ਕਈ ਘੰਟੇ ਪ੍ਰਭਾਵਿਤ ਹੋਈ ਹੈ।

ਇਸੇ ਤਰ੍ਹਾਂ ਹਰਿਆਣਾ ਦੇ ਭਿਵਾਨੀ, ਸਿਰਸਾ, ਰੋਹਤਕ, ਕੈਥਲ ਅਤੇ ਫਤਿਆਬਾਦ ਵਿਚ ਮੀਂਹ ਪਿਆ ਹੈ। ਮਾਨਸਾ, ਬਠਿੰਡਾ ਤੇ ਮੁਕਤਸਰ ਵਿਚ ਸਬਜ਼ੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ (ਮਾਨਸਾ) ਦੇ ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਕਰਕੇ ਸ਼ਿਮਲਾ ਮਿਰਚ ਅਤੇ ਟਮਾਟਰ ਦੀ ਫ਼ਸਲ ਨੁਕਸਾਨੀ ਗਈ ਹੈ। ਕਈ ਪਿੰਡਾਂ ਵਿਚ ਨਰਮੇ ਦੀ ਫ਼ਸਲ ਵੀ ਕਰੰਡ ਹੋ ਗਈ ਹੈ।

Previous articleਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ
Next articleਚੰਡੀਗੜ੍ਹ : ਪਰਿਵਾਰ ਦੇ 5 ਮੈਂਬਰ ਕਰੋਨਾ ਪਾਜ਼ੇਟਿਵ