(ਸਮਾਜ ਵੀਕਲੀ) –
ਕਰੋਨਾ ਰਾਹਤ ਫੰਡ ‘ਚ ਭੁਗਤਾਨ ਵਾਲੇ ਸਕਰੀਨਸ਼ੌਟ ਨੂੰ ਫੇਸਬੁੱਕ ‘ਤੇ ਪਾਉਣ ਸਾਰ ਹੀ ਹਰਜਿੰਦਰ ਨੂੰ ਤਰ਼ੀਫ ਅਤੇ ਵਾਹੋਵਾਹੀ ਵਾਲੇ ਕਮੈੱਟ ਆਉਣੇ ਸ਼ੁਰੂ ਹੋ ਗਏ। ਉਹ ਡਰਾਇੰਗ ਰੂਮ ‘ਚ ਬਹਿ ਕੇ ਸਭ ਨੂੰ ਵਾਰੀ ਸਿਰ ਸ਼ੁਕਰੀਆ, ਥੈਂਕਸ, ਧੰਨਵਾਦ ਆਦਿ ਜਵਾਬ ਦੇ ਰਿਹਾ ਸੀ। ਇਸ ਦੌਰਾਨ ਬਾਹਰ ਬਰਾਂਡੇ ਵਿਚੋਂ ਉਸ ਦੇ ਪੁੱਤਰ ਲੱਕੀ ਨੇ ਅਵਾਜ਼ ਮਾਰਦੇ ਕਿਹਾ “ਡੈਡੀ ਜੀ ਜਗੀਰ ਅੰਕਲ ਆਏ ਨੇ, ਤੁਹਾਡੇ ਨਾਲ ਗੱਲ ਕਰਨੀ ਹੈ।”
ਹਰਜਿੰਦਰ ਨੇ ਮੂੰਹ ‘ਚ ਸ਼ਬਦ ਚੱਬਦੇ ਹੋਏ ਕਿਹਾ, ‘ਤੜਕੇ-ਤੜਕੇ ਕੀ ਲੈਣ ਆ ਗਿਆ ਇਹੇ? ਪੱੁਛ ਉਸ ਤੋਂ।’
ਲੱਕੀ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ, ‘ਡੈਡੀ ਉਹ ਕਹਿ ਰਹੇ ਹਨ ਕਿ ਕੰਮ ਧੰਧਾ ਬੰਦ ਹੋ ਜਾਣ ਕਰਕੇ ਢਿੱਡ ਭਰਨਾ ਔਖਾ ਹੋ ਗਿਆ ਹੈ, ਉਹ ਪੈਸੇ ਮੰਗ ਰਹੇ ਹਨ ਕਹਿੰਦੇ ਬਾਅਦ ‘ਚ ਦੇ ਦੇਣਗੇ।’
‘ਉਏ, ਉਹਨੂੰ ਕਹਿ ਹਜੇ ਲਾਕਡਾਊਨ ਆ, ਸਾਰੇ ਬੈਂਕ ਬੰਦ ਨੇ। ਐਮ. ਸੀ ਦੇ ਘਰੇ ਜਾਵੇ, ਕੋਈ ਫੰਡ ਆਇਆ ਹੋਣਾ ਇਹਦੇ ਵਰਗਿਆਂ ਲਈ।’ ਇਹ ਕਹਿੰਦੇ ਹੋਏ ਹਰਜਿੰਦਰ ਫਿਰ ਕਮੈਂਟਾ ਦੇ ਜਵਾਬ ਦੇਣ ‘ਚ ਮਸ਼ਰੂਫ ਹੋ ਗਿਆ।
-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ