ਪਿੰਡ ਕਰਮਗੜ੍ਹ ਔਤਾਂਵਾਲੀ ਦੀ ਪ੍ਰਾਈਵੇਟ ਸਕੂਲ ਅਧਿਆਪਕਾ ਜਸਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮਾਂ ਫੜਨ ਦੀ ਮੰਗ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਬੀਤੇ ਦਿਨ ਤੋਂ ਐੱਸਐੱਸਪੀ ਦਫ਼ਤਰ ਨੇੜੇ ਜ਼ਿਲ੍ਹਾ ਕਚਿਹਰੀਆਂ ਵਿੱਚ ਸ਼ੁਰੂ ਕੀਤਾ ਦਿਨ-ਰਾਤ ਦਾ ਧਰਨਾ ਅੱਜ ਸਮਾਪਤ ਹੋ ਗਿਆ। ਪੁਲੀਸ ਵਿਭਾਗ ਦੇ ਅਫਸਰਾਂ ਨਾਲ ਕਿਸਾਨ ਆਗੂਆਂ ਤੇ ਪਰਿਵਾਰ ਨਾਲ ਹੋਈ ਗੱਲਬਾਤ ਦੌਰਾਨ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਇਕੱਠ ਵਿੱਚ ਹਫ਼ਤੇ ਅੰਦਰ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਦਿੱਤੇ ਸਮੇਂ ਵਿੱਚ ਕੋਈ ਕਾਰਵਾਈ ਨਾ ਹੋਈ ਤਾਂ 14 ਮਾਰਚ ਨੂੰ ਸਬੰਧਤ ਪਿੰਡ ਦੇ ਨੇੜੇ ਮਾਨਸਾ-ਤਲਵੰਡੀ ਸਾਬੋ ਰੋਡ ਨੂੰ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ।
ਜਸਪ੍ਰੀਤ ਕੌਰ 14 ਜਨਵਰੀ ਨੂੰ ਸਵੇਰੇ ਘਰੋਂ ਗਾਇਬ ਹੋ ਗਈ ਸੀ। ਪਰਿਵਾਰ ਵੱਲੋਂ ਪਿੰਡ ਦੇ ਹੀ ਵਿਅਕਤੀ, ਜੋ ਨਿੱਜੀ ਪ੍ਰਾਈਵੇਟ ਸਕੂਲ ਚਲਾ ਰਿਹਾ ਹੈ, ਦੇ ਖ਼ਿਲਾਫ਼ ਪੁਲੀਸ ਕੋਲ ਲਿਖਤੀ ਸ਼ਿਕਾਇਤ ਕਰਕੇ ਕਸੂਰਵਾਰ ਠਹਿਰਾਇਆ ਸੀ ਪਰ ਹਫ਼ਤੇ ਬਾਅਦ ਜਸਪ੍ਰੀਤ ਕੌਰ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਮਿਲ ਗਈ ਸੀ, ਜਿਸ ਦਾ ਪੋਸਟਮਾਰਟਮ ਫਰੀਦਕੋਟ ਵਿਖੇ ਕੀਤਾ ਗਿਆ ਸੀ।
ਜਥੇਬੰਦੀ ਦੀ ਅਗਵਾਈ ਹੇਠ ਇਸ ਤੋਂ ਪਹਿਲਾਂ ਸਦਰ ਥਾਣਾ ਮਾਨਸਾ ਅੱਗੇ ਇੱਕ ਦਿਨ ਲਈ ਧਰਨਾ ਲਾਇਆ ਗਿਆ ਸੀ। ਹੁਣ ਬੀਤੇ ਦਿਨ ਤੋਂ ਐੱਸਐੱਸਪੀ ਦਫ਼ਤਰ ਮਾਨਸਾ ਨੇੜੇ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਗਿਆ ਸੀ।
ਧਰਨੇ ਨੂੰ ਮੁਲਤਵੀ ਕਰਨ ਤੋਂ ਪਹਿਲਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬਲਾਕ ਪ੍ਰਧਾਨ ਜਗਦੇਵ ਸਿੰਘ, ਨੈਬ ਸਿੰਘ ਨੇ ਕਿਹਾ ਕਿ ਇੱਕ ਵਾਰ ਫਿਰ ਪੁਲੀਸ ਦੇ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ’ਤੇ ਯਕੀਨ ਕਰਦਿਆਂ ਧਰਨਾ ਚੁੱਕਿਆ ਹੈ, ਜਿਸ ਵਿੱਚ ਪੋਸਟਮਾਰਟਮ ਦੀ ਰਿਪੋਰਟ ਮੰਗਾਉਣ ਲਈ ਹਫ਼ਤੇ ਦਾ ਸਮਾਂ ਮੰਗਿਆ ਗਿਆ।
ਇਸ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਤੇ ਪਰਿਵਾਰਕ ਮੈਂਬਰਾਂ ਦੀ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨਾਲ ਗੱਲਬਾਤ ਹੋਈ, ਜਿਸ ਵਿੱਚ ਵਿਸ਼ਵਾਸ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲੀਸ ਨੂੰ ਕਾਤਲਾਂ ਤੱਕ ਪੁੱਜਣ ਲਈ ਕੋਈ ਵੀ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਭੋਲਾ ਸਿੰਘ ਮਾਖਾ, ਭਾਨ ਸਿੰਘ ਬਰਨਾਲਾ, ਲਾਭ ਸਿੰਘ ਖੋਖਰ, ਦਰਸ਼ਨ ਸਿੰਘ ਭੈਣੀਬਾਘਾ,ਹਰਿੰਦਰ ਸਿੰਘ ਟੋਨੀ, ਬਿੱਟੂ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ।
INDIA ਗੁੱਸੇ ਨਾਲ ਭਰੇ-ਪੀਤੇ ਲੋਕ ਗਿੱਲ ਨੇ ਸੁੱਕਾ ਭਰੋਸਾ ਦੇ ਕੇ ਮੋੜੇ