ਨਿਹਾਲ ਸਿੰਘ ਵਾਲਾ– ਰਿਸ਼ਵਤ ਲੈਣ ਦੇ ਦੋਸ਼ ਵਿੱਚ ਇਥੋਂ ਦੇ ਵਿਜੀਲੈਂਸ ਬਿਊਰੋ ਨੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਤਾਇਨਾਤ ਏਐੱਸਆਈ ਤੇ ਉਸ ਦੇ ਕਥਿਤ ਦਲਾਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵਿਜੀਲੈਂਸ ਨੂੰ ਚਕਮਾ ਦੇ ਕੇ ਏਐੈੱਸਆਈ ਫ਼ਰਾਰ ਹੋ ਗਿਆ ਪਰ ਕਥਿਤ ਦਲਾਲ ਕਾਬੂ ਕਰ ਲਿਆ ਗਿਆ। ਉਸ ਕੋਲੋਂ ਵੱਢੀ ਦੇ 15 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।
ਐੱਸਐੱਸਪੀ ਵਿਜੀਲੈਂਸ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਤਾਇਨਾਤ ਏਐੱਸਆਈ ਕਰਨੈਲ ਸਿੰਘ ਤੇ ਉਸ ਦੇ ਕਥਿਤ ਦਲਾਲ ਤੇ ਪ੍ਰਧਾਨ ਪਿੰਡ ਘੋਲੀਆ ਖੁਰਦ ਲਖਵੀਰ ਸਿੰਘ ਸੀਰਾ ਖ਼ਿਲਾਫ਼ ਕੇਸ ਦਰਜ ਕਰਕੇ ਸੀਰਾ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੀਰਾ ਪ੍ਰਧਾਨ ਨੂੰ ਖੇਤਰੀ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਡੀਐੱਸਪੀ ਵਿਜੀਲੈਂਸ ਅਸ਼ਵਨੀ ਕਪੂਰ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਉਰਫ਼ ਮੋਟਾ ਪਿੰਡ ਘੋਲੀਆ ਖੁਰਦ ਦੇ ਬਿਆਨ ਮੁਤਾਬਕ ਥਾਣਾ ਨਿਹਾਲ ਸਿੰਘ ਵਾਲਾ ਦੇ ਏਐੱਸਆਈ ਕਰਨੈਲ ਸਿੰਘ ਨੇ ਥਾਣੇ ’ਚ ਉਸ ਦੀਆਂ ਲੱਤਾਂ ਸ਼ਿਕੰਜੇ ’ਚ ਦੇ ਦਿੱਤੀਆਂ ਅਤੇ ਲੁੱਟ ਖੋਹ, ਚਿੱਟੇ ਤੇ ਆਸ-ਪਾਸ ਹੋਈਆਂ ਵਾਰਦਾਤਾਂ ਵਿੱਚ ਨਾਮਜ਼ਦ ਕਰਨ ਦੀ ਧਮਕੀ ਦਿੱਤੀ। ਏਐੱਸਆਈ ਨੇ ਇਨ੍ਹਾਂ ਕੇਸਾਂ ’ਚੋਂ ਬਚਣ ਲਈ 40 ਹਜ਼ਾਰ ਰੁਪਏ ਮੰਗੇ। ਇਸ ਦੌਰਾਨ ਥਾਣੇ ’ਚ ਉਨ੍ਹਾਂ ਦੇ ਹੀ ਪਿੰਡ ਦੇ ਸੀਰਾ ਪ੍ਰਧਾਨ ਨੇ 20 ਹਜ਼ਾਰ ਰੁਪਏ ’ਚ ਸੌਦਾ ਤੈਅ ਕਰਵਾ ਦਿੱਤਾ ਅਤੇ ਉਨ੍ਹਾਂ ਕੋਲ ਕੋਈ ਬੰਦੋਬਸਤ ਨਾ ਹੋਣ ਕਾਰਨ ਸੀਰਾ ਪ੍ਰਧਾਨ ਨੇ ਏਐੱਸਆਈ ਨੂੰ ਆਪਣੇ ਕੋਲੋਂ 5 ਹਜ਼ਾਰ ਮੌਕੇ ਉੱਤੇ ਦੇ ਕੇ ਸ਼ਿਕਾਇਤਕਰਤਾ ਨੂੰ ਛੁਡਵਾ ਦਿੱਤਾ ਅਤੇ ਬਾਕੀ ਵੱਢੀ ਸੀਰਾ ਪ੍ਰਧਾਨ ਨੂੰ ਦੇਣ ਦੀ ਗੱਲ ਆਖੀ। ਇਸ ਮਗਰੋਂ ਸ਼ਿਕਾਇਤਕਰਤਾ ਨੇ ਵੱਢੀ ਲੈਣ-ਦੇਣ ਬਾਰੇ ਮੋਬਾਈਲ ਫ਼ੋਨ ਉੱਤੇ ਰਿਕਾਰਡਿੰਗ ਕਰ ਲਈ। ਉਨ੍ਹਾਂ ਵੱਢੀ ਦੀ ਰਕਮ ਏਐੱਸਆਈ ਨੂੰ ਖੁਦ ਦੇਣ ਤੇ ਸੀਰਾ ਪ੍ਰਧਾਨ ਨੂੰ ਥਾਣਾ ਨਿਹਾਲ ਸਿੰਘ ਵਾਲਾ ’ਚ ਆਉਣ ਦੀ ਗੱਲ ਆਖਕੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਬੀਤੀ ਸ਼ਾਮ ਵਿਜੀਲੈਂਸ ਨੇ ਸੀਰਾ ਪ੍ਰਧਾਨ ਨੂੰ ਰੰਗੇ ਹੱਥੀਂ ਕਾਬੂ ਕਰਕੇ ਉਸ ਕੋਲੋਂ ਸਰਕਾਰੀ ਗਵਾਹ ਬਲਜੀਤ ਸਿੰਘ ਕੰਗ, ਵਣ ਰੇਂਜ ਅਫ਼ਸਰ,ਮੋਗਾ ਤੇ ਡਾ. ਸਾਹਿਲ ਗੁਪਤਾ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਮੋਗਾ ਦੀ ਹਾਜ਼ਰੀ ’ਚ ਵੱਢੀ ਦੀ ਰਕਮ 15 ਹਜ਼ਾਰ ਰੁਪਏ ਬਰਾਮਦ ਕਰ ਲਈ ਗਈ ਹੈ।
ਐਫ਼ਆਈਆਰ ਮੁਤਾਬਕ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਦਾ ਹੈ। 19 ਦਸੰਬਰ 2019 ਨੂੰ ਉਸ ਦੀ ਮਾਂ ਨੂੰ ਪਿੰਡ ਦੇ ਵਿਅਕਤੀ ਨੇ ਰੋਕ ਕੇ ਗਾਲ੍ਹਾਂ ਕੱਢੀਆਂ ਸਨ। ਉਨ੍ਹਾਂ ਇਨਸਾਫ਼ ਲਈ ਥਾਣਾ ਨਿਹਾਲ ਸਿੰਘ ਵਾਲਾ ’ਚ ਸ਼ਿਕਾਇਤ ਦਿੱਤੀ। ਸ਼ਿਕਾਇਤ ਦੀ ਜਾਂਚ ਏਐੱਸਆਈ ਕਰਨੈਲ ਸਿੰਘ ਨੇ ਕੀਤੀ। ਕਰੀਬ 12 ਦਿਨ ਪਹਿਲਾਂ ਏਐੱਸਆਈ ਉਸ ਨੂੰ ਹੀ ਥਾਣੇ ਚੁੱਕ ਕੇ ਲੈ ਗਿਆ ਅਤੇ ਉਸ ਦੀ ਲੱਤਾਂ ਸ਼ਿਕੰਜੇ ’ਚ ਫਸਾ ਕੇ ਝੂਠੇ ਕੇਸਾਂ ਵਿੱਚ ਨਾਮਜ਼ਦ ਕਰਨ ਦੀ ਧਮਕੀ ਦਿੱਤੀ। ਕੇਸਾਂ ਵਿੱਚੋਂ ਬਚਣ ਲਈ 40 ਹਜ਼ਾਰ ਰੁਪਏ ਮੰਗੇ।
INDIA ਮਜ਼ਦੂਰ ਨੂੰ ਸ਼ਿਕੰਜੇ ਵਿੱਚ ਦੇਣ ਵਾਲੇ ਥਾਣੇਦਾਰ ’ਤੇ ਕਸਿਆ ਕਾਨੂੰਨੀ ਸ਼ਿਕੰਜਾ