ਜਨਤਾ ਦਲ ਯੂਨਾਈਟਿਡ ਨੇ ਪਾਰਟੀ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਤੇ ਜਨਰਲ ਸਕੱਤਰ ਪਵਨ ਵਰਮਾ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਜੇਡੀ (ਯੂ) ਨੇ ਦੋਵਾਂ ਨੂੰ ਬਰਖ਼ਾਸਤ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਅਨੁਸ਼ਾਸਨ ਦਾ ਕੁਝ ਸਮੇਂ ਤੋਂ ਪਾਲਣ ਨਹੀਂ ਕਰ ਰਹੇ ਸਨ। ਦੋਵੇਂ ਆਗੂ ਪਾਰਟੀ ਮੁਖੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸੋਧੇ ਨਾਗਰਿਕਤਾ ਐਕਟ (ਸੀਏਏ) ਤੇ ਅਬਾਦੀ ਰਜਿਸਟਰ (ਐੱਨਪੀਆਰ) ਨੂੰ ਦਿੱਤੇ ਸਮਰਥਨ ਲਈ ਵਿਰੋਧ ਕਰ ਰਹੇ ਸਨ। ਪਾਰਟੀ ਵੱਲੋਂ ਜਾਰੀ ਬਿਆਨ ਵਿਚ ਮੁੱਖ ਜਨਰਲ ਸਕੱਤਰ ਕੇਸੀ ਤਿਆਗੀ ਨੇ ਕਿਹਾ ਕਿ ਦੋਵੇਂ ਆਗੂ ਪਾਰਟੀ ਦੇ ਫ਼ੈਸਲਿਆਂ ਤੇ ਕਾਰਜਾਂ ਖ਼ਿਲਾਫ਼ ਭੁਗਤ ਰਹੇ ਹਨ ਤੇ ਇਹ ਅਨੁਸ਼ਾਸਨ ਦੀ ਉਲੰਘਣਾ ਹੈ। ਪਾਰਟੀ ਨੇ ਕਿਸ਼ੋਰ ’ਤੇ ਬਿਹਾਰ ਦੇ ਮੁੱਖ ਮੰਤਰੀ ਬਾਰੇ ‘ਨਿਰਾਦਰ ਭਰੇ ਸ਼ਬਦ’ ਬੋਲਣ ਦਾ ਦੋਸ਼ ਵੀ ਲਾਇਆ ਹੈ। ਨਿਤੀਸ਼ ਕੁਮਾਰ ਨੇ ਮੰਗਲਵਾਰ ਕਿਸ਼ੋਰ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਉਸ ਨੂੰ ਜੇਡੀ (ਯੂ) ਵਿਚ ਗ੍ਰਹਿ ਮੰਤਰੀ ਤੇ ਸਾਬਕਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕਹਿਣ ’ਤੇ ਸ਼ਾਮਲ ਕੀਤਾ ਗਿਆ ਸੀ। ਇਸ ’ਤੇ ਕਿਸ਼ੋਰ ਨੇ ਕੁਮਾਰ ਉਤੇ ਝੂਠ ਬੋਲਣ ਦਾ ਦੋਸ਼ ਲਾਇਆ ਸੀ। ਪ੍ਰਸ਼ਾਂਤ ਤੇ ਪਵਨ ਨੂੰ ਕੱਢਣ ’ਤੇ ਭਾਜਪਾ ‘ਖ਼ੁਸ਼’ ਨਜ਼ਰ ਆ ਰਹੀ ਹੈ। ਪਾਰਟੀ ਦੇ ਅਮਿਤ ਮਾਲਵੀਆ ਨੇ ਕਿਹਾ ਕਿ ਦੋਵਾਂ ਆਗੂਆਂ ਨਾਲ ਜੋ ਹੋਇਆ ਉਹ ਜੇਡੀ (ਯੂ) ਦਾ ਅੰਦਰੂਨੀ ਮਸਲਾ ਹੈ। ਜਦਕਿ ਇਸ ਨਾਲ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਉਹ ਹੁਣ ਤੱਕ ਜੋ ਵੀ ਬਿਆਨਬਾਜ਼ੀ ਕਰ ਰਹੇ ਸਨ, ਉਸ ਨੂੰ ਪਾਰਟੀ ਦੀ ਮਨਜ਼ੂਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਫਰਵਰੀ ਨੂੰ ਦਿੱਲੀ ਦੇ ਬੁਰਾੜੀ ’ਚ ਰੈਲੀ ’ਚ ਮੰਚ ਸਾਂਝਾ ਕਰ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਨਗੇ।
INDIA ਜੇਡੀ (ਯੂ) ਨੇ ਪ੍ਰਸ਼ਾਂਤ ਤੇ ਪਵਨ ਵਰਮਾ ਨੂੰ ਪਾਰਟੀ ’ਚੋਂ ਕੱਢਿਆ