ਨਾਗਰਿਕਤਾ ਸੋਧ ਕਾਨੂੰਨ: ਮੁਸਲਿਮ ਭਾਈਚਾਰੇ ਵੱਲੋਂ ਜਲੰਧਰ ਦੇ ਪੀਏਪੀ ਚੌਕ ’ਚ ਪ੍ਰਦਰਸ਼ਨ

ਮੁਸਲਿਮ ਭਾਈਚਾਰੇ ਵੱਲੋਂ ਅੱਜ ਇੱਥੇ ਪੀਏਪੀ ਚੌਕ ਵਿੱਚ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਤੇ ਕੌਮੀ ਆਬਾਦੀ ਰਜਿਸਟਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਸੜਕ ’ਤੇ ਹੀ ਨਮਾਜ਼ ਅਦਾ ਕੀਤੀ ਗਈ।
ਇਸੇ ਦੌਰਾਨ ਭਾਜਪਾ ਦੇ ਘੱਟ ਗਿਣਤੀ ਸੈੱਲ ਦੀ ਸੂਬਾਈ ਜਨਰਲ ਸਕੱਤਰ ਸ਼ਾਹੀਨਾ ਪ੍ਰਵੀਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਭਾਜਪਾ ਵਰਗੀ ਫਿਰਕੂ ਪਾਰਟੀ ਦੇ ਲੇਖੇ ਲਾਇਆ। ਉਨ੍ਹਾਂ ਦੇ ਪਤੀ ਮੁਹੰਮਦ ਯੂਸਫ ਨੇ ਵੀ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਮੌਕੇ ਪੀਏਪੀ ਚੌਕ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਸੀ। ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸੜਕੀ ਅਵਾਜਾਈ ਵਿੱਚ ਕੋਈ ਵਿਘਨ ਨਹੀਂ ਪਾਇਆ। ਅੱਜ ਇਕ ਪਾਸੇ ਜਿੱਥੇ ਦਿੱਲੀ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਜੱਫੀਆਂ ਪਾ ਕੇ ਭਾਜਪਾ ਨੂੰ ਸਿੱਖਾਂ ਦੀਆਂ ਵੋਟਾਂ ਪਵਾਉਣ ਦਾ ਭਰੋਸਾ ਦਿਵਾ ਰਹੇ ਸਨ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਅਯੂਬ ਖਾਨ ਪੀਏਪੀ ਚੌਕ ਵਿੱਚ ਸੀਏਏ ਤੇ ਐੱਨਆਰਸੀ ਨੂੰ ਕਾਲੇ ਕਾਨੂੰਨ ਦੱਸ ਕੇ ਭਾਜਪਾ ਤੋਂ ਖਹਿੜਾ ਛੁਡਵਾਉਣ ਦਾ ਹੋਕਾ ਦੇ ਰਹੇ ਸਨ। ਅਯੂਬ ਖਾਨ ਨੇ ਜਨਤਕ ਤੌਰ ’ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ।
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹੀਨਾ ਪ੍ਰਵੀਨ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਦੇਸ਼ ਦੇ 23 ਕਰੋੜ ਮੁਸਲਮਾਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਉਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦੀ ਦੇਸ਼ ਭਗਤੀ ’ਤੇ ਸ਼ੱਕ ਕੀਤਾ ਜਾ ਰਿਹਾ ਹੈ ਜਦੋਂ ਕਿ ਭਾਜਪਾ ਤੇ ਆਰਐੱਸਐੱਸ ਦੇ ਆਗੂਆਂ ਨੇ ਅੰਗਰੇਜ਼ਾਂ ਕੋਲੋਂ ਲਿਖ਼ਤੀ ਮੁਆਫ਼ੀਆਂ ਮੰਗ ਕੇ ਆਪਣੀ ਜਾਨ ਛੁਡਾਈ ਸੀ। ਉਨ੍ਹਾਂ ਇਸ ਸੰਕਟ ਦੀ ਘੜੀ ’ਚ ਮੁਸਲਿਮ ਭਾਈਚਾਰੇ ਨਾਲ ਖੜ੍ਹਨ ਲਈ ਸਿੱਖ ਜੱਥੇਬੰਦੀਆਂ ਤੇ ਦਲਿਤ ਜੱਥੇਬੰਦੀਆਂ ਦਾ ਧੰਨਵਾਦ ਕੀਤਾ।
ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਹੱਥਾਂ ਵਿੱਚ ਜਿੱਥੇ ਤਿਰੰਗੇ ਝੰਡੇ ਫੜੇ ਹੋਏ ਸਨ ਉੱਥੇ ਨਾਲ ਹੀ ਸੀਏਏ ਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਲਿਖੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।

Previous articleਜੇਡੀ (ਯੂ) ਨੇ ਪ੍ਰਸ਼ਾਂਤ ਤੇ ਪਵਨ ਵਰਮਾ ਨੂੰ ਪਾਰਟੀ ’ਚੋਂ ਕੱਢਿਆ
Next articleਲੁਧਿਆਣਾ: ਵਪਾਰੀ ਤੋਂ ਦੋ ਕਰੋੜ ਦਾ ਸੋਨਾ ਲੁੱਟਿਆ