ਟੱਲੇਵਾਲ– ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਚੂੰਘਾਂ ਵਿਚ ਬੁੱਧਵਾਰ ਰਾਤ ਵੇਲੇ ਗੁਆਂਢ ਵਿੱਚ ਹੋਈ ਲੜਾਈ ਛੁਡਾਉਣ ਗਏ ਜੋੜੇ ’ਤੇ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਟੱਲੇਵਾਲ ਦੇ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਜ਼ਖ਼ਮੀ ਹੋਏ ਵਿਅਕਤੀ ਸਿਕੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦੇ ਗੁਆਂਢ ਵਿਚ ਜਸਕਰਨ ਕੌਰ ਪਤਨੀ ਜਸਵੀਰ ਸਿੰਘ ਰਹਿੰਦੀ ਹੈ, ਜਿਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਕਸ਼ਮੀਰ ਸਿੰਘ ਵਾਸੀ ਭਾਈਰੂਪਾ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਬੁੱਧਵਾਰ ਰਾਤ ਕਸ਼ਮੀਰ ਸਿੰਘ ਅਤੇ ਉਸ ਦਾ ਇੱਕ ਹੋਰ ਸਾਥੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਕਸ਼ਮੀਰ ਸਿੰਘ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਔਰਤ ਦੇ ਘਰ ਚਲਾ ਗਿਆ। ਕੁਝ ਸਮੇਂ ਬਾਅਦ ਜਸਕਰਨ ਕੌਰ ਦੇ ਘਰ ਵਿੱਚੋਂ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਉਹ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਗੁਆਂਢੀ ਜਸਕਰਨ ਕੌਰ ਦੇ ਘਰ ਗਏ ਤਾਂ ਕਸ਼ਮੀਰ ਸਿੰਘ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਸੀ। ਉਨ੍ਹਾਂ ਨੇ ਉਸ ਦੇ ਹੱਥ ’ਚੋਂ ਬੰਦੂਕ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਵੱਲ ਗੋਲੀ ਚਲਾ ਦਿੱਤੀ, ਜੋ ਉਸ ਦੀ ਸੱਜੀ ਬਾਂਹ ’ਚ ਵੱਜੀ। ਉਸ ਨੇ ਇਕ ਹੋਰ ਫਾਇਰ ਕੀਤਾ, ਜੋ ਉਸ ਦੀ ਪਤਨੀ ਦੀ ਲੱਤ ਵਿਚ ਵੱਜਿਆ। ਲੋਕਾਂ ਨੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਵਿਚ ਦਾਖ਼ਲ ਕਰਵਾਇਆ, ਜਿੱਥੋਂ ਗੰਭੀਰ ਹਾਲਤ ਦੇਖ਼ਦਿਆਂ ਡਾਕਟਰਾਂ ਨੇ ਪਟਿਆਲਾ ਹਸਪਤਾਲ ਰੈਫ਼ਰ ਕਰ ਦਿੱਤਾ। ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸਿਕੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਸ਼ਮੀਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਭਾਈਰੂਪਾ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 307, 459, 34 ਆਈ.ਪੀ.ਸੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ।
INDIA ਗੁਆਂਢ ’ਚ ਲੜਾਈ ਛੁਡਾਉਣ ਗਏ ਜੋੜੇ ’ਤੇ ਗੋਲੀ ਚੱਲੀ, ਪਤੀ-ਪਤਨੀ ਜ਼ਖ਼ਮੀ