ਗੈਂਗਸਟਰ ਗਰੋਹ ਦੇ ਚਾਰ ਮੈਂਬਰ ਅਸਲੇ ਸਣੇ ਗ੍ਰਿਫ਼ਤਾਰ

ਬਰਨਾਲਾ ਪੁਲੀਸ ਨੇ ਪੰਜ ਮੈਂਬਰੀ ਗੈਂਗਸਟਰ ਗਰੋਹ ਦੇ ਚਾਰ ਮੈਂਬਰਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 4 ਪਿਸਤੌਲ, 11 ਕਾਰਤੂਸ, 1 ਕਾਰ ਸਕੌਡਾ ਅਤੇ 10 ਕਾਰਤੂਸਾਂ ਦੇ ਖੋਲ੍ਹ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ’ਚ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਅਤੇ ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ ਪਿੰਡ ਪੱਖੋ ਕਲਾਂ ਦੀ ਹੱਦ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਬਰਨਾਲਾ ਵੱਲੋਂ ਆਉਂਦੀ ਇੱਕ ਸਕੌਡਾ ਕਾਰ ਨੰਬਰ ਐੱਚ.ਆਰ. 26ਸੀਜੀ 2816 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕਾਂ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੂੰ ਰੋਕਣ ਲਈ ਪੁਲੀਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ। ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ’ਚੋਂ ਤਿੰਨ ਵਿਅਕਤੀਆਂ ਦੇ ਨਿਕਲਦੇ ਹੀ ਦੂਸਰੇ ਦੋਵੇਂ ਮੁਲਜ਼ਮਾਂ ਨੇ ਕਾਰ ਪਿੰਡ ਅਕਲੀਆ ਵੱਲ ਭਜਾ ਲਈ। ਕਾਰ ਵਿੱਚੋਂ ਉੱਤਰੇ ਤਿੰਨੋਂ ਮੁਲਜ਼ਮਾਂ ’ਚੋਂ ਲਵਜੀਤ ਸਿੰਘ ਉਰਫ਼ ਲਵੀ ਵਾਸੀ ਖੱਖ, ਜ਼ਿਲ੍ਹਾ ਤਰਨ ਤਾਰਨ ਕੋਲੋਂ 32 ਬੋਰ ਪਿਸਤੌਲ ਅਤੇ 4 ਕਾਰਤੂਸ, ਅਮਰਵੀਰ ਸਿੰਘ ਉਰਫ਼ ਮਿੰਟਾ ਵਾਸੀ ਗੁਰਸੇਵਕ ਨਗਰ ਬਰਨਾਲਾ ਕੋਲੋਂ 315 ਬੋਰ ਪਿਸਤੌਲ ਤੇ ਇੱਕ ਖੋਲ੍ਹ ਕਾਰਤੂਸ ਸਣੇ ਗ੍ਰਿਫ਼ਤਾਰ ਕੀਤਾ ਗਿਆ। ਤੀਜਾ ਮੁਲਜ਼ਮ ਜੌਨੀ ਵਾਸੀ ਹੁਸ਼ਿਆਰਪੁਰ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਰ ਲੈ ਕੇ ਭੱਜਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਸਲੇ ਤੇ ਸਕੌਡਾ ਕਾਰ ਸਮੇਤ ਕਾਬੂ ਕੀਤਾ। ਕਾਰ ਸਣੇ ਫੜੇ ਪਰਵਿੰਦਰ ਸਿੰਘ ਉਰਫ਼ ਗੱਗੂ ਵਾਸੀ ਸਾਦੋਹੇੜੀ ਕੋਲੋਂ 32 ਬੋਰ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਅਤੇ ਪੰਜਵੇਂ ਮੁਲਜ਼ਮ ਮਨੀਸ਼ ਪ੍ਰਭਾਕਰ ਉਰਫ਼ ਮਨੀ ਵਾਸੀ ਪ੍ਰੇਮ ਨਗਰ ਬਰਨਾਲਾ ਕੋਲੋਂ 30 ਬੋਰ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਕਾਰ ਵਿੱਚੋਂ ਵੀ 30 ਬੋਰ ਦੇ ਤਿੰਨ ਖੋਲ ਕਾਰਤੂਸ ਅਤੇ 32 ਬੋਰ ਦੇ ਤਿੰਨ ਖੋਲ ਕਾਰਤੂਸ ਤੋਂ ਇਲਾਵਾ ਕਾਰ ਦੀ ਆਰ.ਸੀ. ਨੰਬਰ ਪੀ.ਬੀ. 11ਯੂ 0071 ਮਿਲੀ। ਗਰੋਹ ਵੱਲੋਂ ਸਕੌਡਾ ਕਾਰ ’ਤੇ ਨਕਲੀ ਨੰਬਰ ਪਲੇਟ ਲਾ ਕੇ ਵਾਰਦਾਤਾਂ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਈ ਹੋਰ ਕੇਸਾਂ ਵਿੱਚ ਵੀ ਲੋੜੀਂਦੇ ਸਨ।

Previous articleਗੁਆਂਢ ’ਚ ਲੜਾਈ ਛੁਡਾਉਣ ਗਏ ਜੋੜੇ ’ਤੇ ਗੋਲੀ ਚੱਲੀ, ਪਤੀ-ਪਤਨੀ ਜ਼ਖ਼ਮੀ
Next articleਪੰਡਿਤ ਨਹਿਰੂ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ