ਮਾਲਵਾ ਪੱਟੀ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਐਤਕੀਂ ਦੀਵਾਲੀ ਵਾਲੀ ਰਾਤ ਆਪਣੀਆਂ ਜਿਣਸਾਂ ਦੀਆਂ ਢੇਰੀਆਂ ’ਤੇ ਗੁਜਾਰੀ। ਦੀਵਾਲੀ ਵਾਲੇ ਦਿਨ ਕਿਸਾਨਾਂ ਦਾ ਝੋਨਾ ਹੀ ਨਹੀਂ ਵਿਕਿਆ, ਜਦੋਂਕਿ ਦੁਕਾਨਦਾਰਾਂ ਦਾ ਸਭ ਕੁਝ ਵਿਕਿਆ। ਪਾਬੰਦੀਆਂ ਦੇ ਬਾਵਜੂਦ ਬਾਜ਼ਾਰਾਂ ’ਚ ਬੱਕਰੇ ਵੱਢੇ ਗਏ, ਮੁਰਗੇ ਮਾਰੇ ਗਏ, ਵਿਸਕੀਆਂ ਵਿਕਦੀਆਂ ਰਹੀਆਂ, ਪਟਾਕੇ ਪੈਂਦੇ ਰਹੇ, ਪਰ ਪ੍ਰਸ਼ਾਸਨ ਪਰਦੇ ਪਿੱਛੇ ਸੁੱਤਾ ਰਿਹਾ। ਪ੍ਰਸ਼ਾਸਨੀ ਪਾਬੰਦੀਆਂ ਪੋਲੀਆਂ ਪੈ ਗਈਆਂ। ਕੋਈ ਸਾਹਮਣੇ ਨਹੀਂ ਆਇਆ, ਜੇ ਅਧਿਕਾਰੀ ਆਏ ਤਾਂ ਹੂਟਰ ਮਾਰਦੀਆਂ ਗੱਡੀਆਂ ’ਚ ਬੈਠੇ ਹੀ ਗੇੜਾ ਘੱਤ ਕੇ ਮੁੜ ਗਏ, ਪਰ ਕਿਸਾਨਾਂ ਦੀਆਂ ਝੋਨੇ ਵਾਲੀਆਂ ਢੇਰੀਆਂ ਵੱਲ ਕਿਸੇ ਨੇ ਨਹੀਂ ਦੇਖਿਆ। ਦੇਸ਼ ਦੇ ਅੰਨਦਾਤਾ ਦੀ ਹੁਣ ਦੀਵਾਲੀ ਵਾਲੇ ਦਿਨ ਵੀ ਦੁਰਗਤੀ ਹੋਣ ਲੱਗੀ ਹੈ।
ਮਾਨਸਾ ਜ਼ਿਲ੍ਹੇ ਵਿਚਲੀਆਂ 115 ਅਨਾਜ ਮੰਡੀਆਂ ’ਚੋਂ ਇਕੱਤਰ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ ਕਿਸੇ ਵੀ ਖਰੀਦ ਕੇਂਦਰ ’ਚ ਦੀਵਾਲੀ ਵਾਲੇ ਦਿਨ ਇੱਕ ਦਾਣਾ ਵੀ ਝੋਨੇ ਨਹੀਂ ਵਿਕਿਆ ਤੇ ਨਾ ਹੀ ਕੋਈ ਢੇਰੀ ਤੁਲੀ।
ਮਾਨਸਾ ਜ਼ਿਲ੍ਹੇ ਦੀ ਮੰਡੀ ਫਫੜੇ ਭਾਈਕੇ ਵਿੱਚ 5-6 ਦਿਨਾਂ ਤੋਂ ਬੈਠੇ ਕਿਸਾਨ ਰਜਿੰਦਰ ਸਿੰਘ ਖਿੱਲਣ, ਲਖਵਿੰਦਰ ਸਿੰਘ ਫਫੜੇ ਭਾਈਕੇ, ਮਨਦੀਪ ਸਿੰਘ, ਰਣਜੀਤ ਸਿੰਘ, ਗਿਆਨ ਸਿੰਘ, ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਉਹ ਦੀਵਾਲੀ ਨੂੰ ਝੋਨਾ ਵੇਚ ਕੇ ਘਰਾਂ ਨੂੰ ਚਲੇ ਜਾਣਗੇ, ਪਰ ਦੀਵਾਲੀ ਵਾਲੀ ਰਾਤ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਮੰਡੀਆਂ ’ਚ ਗੁਜਾਰਨੀ ਪਈ। ਖਾਰਾ ਪਿੰਡ ਦੇ ਖਰੀਦ ਕੇਂਦਰ ’ਚ ਵੀ ਕਿਸਾਨ ਆਪਣੀ ਜਿਣਸ ਨਾ ਤੁੱਲਣ ਕਾਰਨ ਮੰਡੀ ’ਚ ਰਾਤ ਨੂੰ ਬੱਝੇ ਰਹੇ। ਉਨ੍ਹਾਂ ਦੱਸਿਆ ਕਿ ਦੀਵਾਲੀ ਨੂੰ ਕਿਸੇ ਅਧਿਕਾਰੀ ਨੇ ਉਨ੍ਹਾਂ ਦਾ ਸੁੱਕਾ ਝੋਨਾ ਵੀ ਨਹੀਂ ਪੁੱਛਿਆ। ਇਸੇ ਤਰ੍ਹਾਂ ਮਾਨਸਾ ਦੀ ਅਨਾਜ ਮੰਡੀ ’ਚ ਸੁਰਜਨ ਸਿੰਘ, ਬਲਵਿੰਦਰ ਸਿੰਘ ਸਿੰਘ ਕਈ ਦਿਨਾਂ ਤੋਂ ਝੋਨਾ ਲਈ ਬੈਠੇ ਹਨ ਪਰ ਹੁਣ ਜਦੋਂ ਬੋਲੀ ਨਾ ਲੱਗੀ ਤਾਂ ਦੀਵਾਲੀ ਵਾਲੀ ਰਾਤ ਉਨ੍ਹਾਂ ਨੇ ਤਾਰਿਆਂ ’ਚ ਰਾਤ ਲੰਘਾਈ।
ਭਾਵੇਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਛੁੱਟੀ ਵਾਲੇ ਦਿਨ ਵੀ ਝੋਨਾ ਤੋਲਣ ਤੇ ਉਸ ਦੀ ਬੋਲੀ ਲਾਉਣ ਬਾਰੇ ਆਦੇਸ਼ ਜਾਰੀ ਕੀਤੇ ਹੋਏ ਹਨ, ਪਰ ਦੀਵਾਲੀ ਦੇ ਦਿਨ ਇਨ੍ਹਾਂ ਹੁਕਮਾਂ ਦਾ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਕੋਈ ਅਸਰ ਨਹੀਂ ਹੋਇਆ।
ਟੱਲੇਵਾਲ (ਲਖਵੀਰ ਸਿੰਘ ਚੀਮਾ) ਕਿਸਾਨ ਦੀਵਾਲੀ ਦਾ ਤਿਉਹਾਰ ਵੀ ਆਪਣੇ ਪਰਿਵਾਰਾਂ ਨਾਲ ਨਹੀਂ ਮਨਾ ਸਕੇ। ਝੋਨਾ ਵੇਚਣ ਲਈ ਕਿਸਾਨਾਂ ਨੂੰ ਦੀਵਾਲੀ ਦੀ ਰਾਤ ਵੀ ਮੰਡੀਆਂ ’ਚ ਹੀ ਗੁਜ਼ਾਰਨੀ ਪਈ। ਦੀਵਾਲੀ ਮੌਕੇ ਤਿੰਨ ਛੁੱਟੀਆਂ ਹੋਣ ਕਰਕੇ ਅਫ਼ਸਰਸ਼ਾਹੀ ਮੰਡੀਆਂ ’ਚ ਫ਼ਸਲ ਦੀ ਖ਼ਰੀਦ ਕਰਨ ਨਾ ਪਹੁੰਚੀ। ਜਿਸ ਕਰਕੇ ਕਿਸਾਨਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਪਰਿਵਾਰ ਨਾਲ ਸਾਂਝੀਆਂ ਕਰਨ ਦੀ ਥਾਂ ਫ਼ਸਲ ਦੀ ਰਾਖੀ ’ਚ ਹੀ ਦੀਵਾਲੀ ਲੰਘਾਈ। ਮੰਡੀਆਂ ’ਚ ਕਿਸਾਨ ਕਈ ਕਈ ਦਿਨਾਂ ਤੋਂ ਝੋਨਾ ਲੈ ਕੇ ਬੈਠੇ, ਪਰ ਨਮੀ ਦੀ ਸਮੱਸਿਆ ਕਾਰਨ ਫ਼ਸਲ ਵੇਚਣ ’ਚ ਖੱਜਣ ਖੁਆਰ ਹੋ ਰਹੇ ਹਨ। ਇੱਕ ਪਾਸੇ ਪੂਰੀ ਦੁਨੀਆਂ ਦੀਵਾਲੀ ਦੇ ਜਸ਼ਨਾਂ ਪਟਾਕਿਆਂ ਦੀ ਗੂੰਜ ’ਚ ਮਨਾ ਰਹੀ ਸੀ, ਪਰ ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਫ਼ਸਲ ਵਿਕਣ ਦੇ ਫ਼ਿਕਰਾਂ ’ਚ ਮੰਡੀਆਂ ‘ਚ ਪੱਲੀਆਂ ’ਤੇ ਲੈ ਕੇ ਸੌਣਾ ਪਿਆ।
ਪਿੰਡ ਚੀਮਾ ਦੀ ਮੰਡੀ ’ਚ ਬੈਠੇ ਕਿਸਾਨ ਗਰੀਬੂ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਨਮੀ ਵੱਧ ਹੋਣ ਕਰਕੇ ਦੀਵਾਲੀ ਦੀ ਰਾਤ ਮੰਡੀ ’ਚ ਹੀ ਬਿਤਾ ਰਹੇ ਹਨ। ਹਰੀ ਸਿੰਘ ਨੇ ਕਿਹਾ ਕਿ ਭਾਵੇਂ ਵਿਸਾਖੀ ਹੋਵੇ ਜਾਂ ਦੀਵਾਲੀ, ਉਨ੍ਹਾਂ ਇਹ ਖੁਸ਼ੀਆਂ ਪਰਿਵਾਰ ’ਚ ਨਹੀਂ ਬਿਤਾਈਆਂ। ਗਾਗੇਵਾਲ ਦੇ ਗੁਰਮੀਤ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੇ 24 ਘੰਟਿਆਂ ’ਚ ਫ਼ਸਲ ਖ਼ਰੀਦਣ ਦੇ ਦਾਅਵੇ ਝੂਠੇ ਹਨ ਪਰ ਹਕੀਕਤ ਹੋਰ ਹੈ।
INDIA ਕਿਸਾਨਾਂ ਨੇ ਦੀਵਾਲੀ ਵਾਲੀ ਰਾਤ ਅਨਾਜ ਮੰਡੀਆਂ ਵਿੱਚ ਕੱਟੀ