ਠੰਢ ਦਾ ਜ਼ੋਰ: ਬਠਿੰਡਾ 2.8 ਤੇ ਸ਼ਿਮਲਾ 3.8 ਡਿਗਰੀ

ਹਿਸਾਰ ਦਾ ਤਾਪਮਾਨ 0.3 ਡਿਗਰੀ ਸੈਲਸੀਅਸ;
ਹਿਮਾਚਲ ਦੀਆਂ ਕਈ ਸੈਰਗਾਹਾਂ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ

ਪੰਜਾਬ ਤੇ ਹਰਿਆਣਾ ’ਚ ਕੜਾਕੇ ਦੀ ਠੰਢ ਦਾ ਦੌਰ ਜਾਰੀ ਹੈ। ਪੰਜਾਬ ’ਚ ਬਠਿੰਡਾ ਸਭ ਤੋਂ ਵੱਧ ਠੰਢਾ ਰਿਹਾ ਤੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਅੱਜ 3.8 ਡਿਗਰੀ ਅਤੇ ਡਲਹੌਜ਼ੀ ਦਾ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹਿਸਾਰ ’ਚ ਅੱਜ ਘੱਟੋ-ਘੱਟ ਤਾਪਮਾਨ 0.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਨਾਲੋਂ ਛੇ ਡਿਗਰੀ ਘੱਟ ਰਿਹਾ। ਦਿੱਲੀ ’ਚ ਅੱਜ ਸਰਤ ਰੁੱਤ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਪਾਰਾ ਹੋਰ ਡਿਗਣ ਦੀ ਵੀ ਸੰਭਾਵਨਾ ਹੈ ਤੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ 1997 ਤੋਂ ਬਾਅਦ ਇਹ ਸਭ ਤੋਂ ਲੰਮਾ ਸਰਦ ਦਸੰਬਰ ਹੈ। ਤਾਪਮਾਨ 13.4 ਡਿਗਰੀ ਤੱਕ ਵੀ ਰਿਹਾ ਹੈ ਜੋ ਕਿ ਆਮ ਨਾਲੋਂ ਸੱਤ ਡਿਗਰੀ ਘੱਟ ਸੀ। ਵਿਭਾਗ ਮੁਤਾਬਕ ਦਿੱਲੀ ’ਚ ਸੰਨ 1901 ਤੋਂ ਬਾਅਦ ਇਹ ਦੂਜਾ ਸਭ ਤੋਂ ਠੰਢਾ ਦਸੰਬਰ ਸਾਬਿਤ ਹੋ ਸਕਦਾ ਹੈ। ਉੱਤਰੀ ਭਾਰਤ ਵਿਚ ਮੌਸਮ ਦੀ ਹਾਲਤ ਦੇ ਮੱਦੇਨਜ਼ਰ 21 ਰੇਲਗੱਡੀਆਂ ਮਿੱਥੇ ਸਮੇਂ ਤੋਂ ਪੱਛੜ ਕੇ ਚੱਲੀਆਂ। ਪੰਜਾਬ ’ਚ ਅੰਮ੍ਰਿਤਸਰ ਦਾ ਤਾਪਮਾਨ ਪੰਜ ਡਿਗਰੀ ਸੈਲਸੀਅਸ, ਲੁਧਿਆਣਾ ਦਾ 5.6 ਡਿਗਰੀ, ਹਲਵਾਰਾ ਦਾ 5.5 ਡਿਗਰੀ, ਗੁਰਦਾਸਪੁਰ ਦਾ 5.8 ਡਿਗਰੀ ਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ, ਮਨਾਲੀ, ਸੋਲਨ, ਭੂੰਤਰ, ਸੁੰਦਰਨਗਰ ਤੇ ਕਲਪਾ ਦਾ ਤਾਪਮਾਨ ਸਿਫ਼ਰ ਨਾਲੋਂ ਹੇਠਾਂ ਰਿਕਾਰਡ ਕੀਤਾ ਗਿਆ ਹੈ। ਕੇਲੌਂਗ ਦਾ ਤਾਪਮਾਨ ਸਭ ਤੋਂ ਘੱਟ ਮਨਫ਼ੀ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਊਨਾ ਤੇ ਮੰਡੀ ਜ਼ਿਲ੍ਹਿਆਂ ’ਚ ਵੀ ਅੱਜ ਸਵੇਰੇ ਸੰਘਣੀ ਧੁੰਦ ਪਈ। ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ’ਚ 31 ਦਸੰਬਰ ਤੋਂ 2 ਜਨਵਰੀ ਤੱਕ ਮੀਂਹ ਤੇ ਬਰਫ਼ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿਚ ਸਿਰਸਾ ਦਾ ਤਾਪਮਾਨ ਆਮ ਨਾਲੋਂ ਕਾਫ਼ੀ ਘੱਟ ਦੋ ਡਿਗਰੀ ਸੈਲਸੀਅਸ, ਨਾਰਨੌਲ ਦਾ ਤਿੰਨ ਡਿਗਰੀ ਤੇ ਭਿਵਾਨੀ ਦਾ ਚਾਰ ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਬਾਲਾ ਦਾ ਘੱਟੋ-ਘੱਟ ਤਾਪਮਾਨ 5.5 ਡਿਗਰੀ ਤੇ ਕਰਨਾਲ ਦਾ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਠੰਢ ਤੋਂ ਰਾਹਤ ਦੀ ਉਮੀਦ ਨਹੀਂ ਹੈ। ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਪਈ। ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਠੰਢ ਪੈ ਰਹੀ ਹੈ। ਸ੍ਰੀਨਗਰ ਵਿਚ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 5.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

Previous articleਸੜਕ ਹਾਦਸਿਆਂ ’ਚ 8 ਹਲਾਕ, 26 ਜ਼ਖ਼ਮੀ
Next articleਮੇਰੇ ਜਿਊਂਦਿਆਂ ਬੰਗਾਲ ’ਚ ਸੀਏਏ ਲਾਗੂ ਨਹੀਂ ਹੋਵੇਗਾ: ਮਮਤਾ ਬੈਨਰਜੀ