ਕੈਨੇਡਾ : ਨਕਲੀ ਪੁਲਿਸ ਅਫ਼ਸਰ ਨੇ ਔਰਤ ਤੋਂ ਲੁੱਟੇ 6 ਹਜ਼ਾਰ ਡਾਲਰ

ਸਰੀ, ਕੈਨੇਡਾ, 19 ਅਕਤੂਬਰ, 2019 : ਬੇਸ਼ੱਕ ਕੈਨੇਡਾ ਪੁਲਿਸ ਵੱਲੋਂ ਸਮੇਂ ਸਮੇਂ ‘ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ “ਕੈਨੇਡੀਅਨ ਪੁਲਿਸ ਅਧਿਕਾਰੀ ਕਿਸੇ ਨੂੰ ਕਦੇ ਵੀ ਕਾਲ ਨਹੀਂ ਕਰਦੇ ਅਤੇ ਨਾ ਹੀ ਕਿਸੇ ਭੁਗਤਾਨ ਦੀ ਮੰਗ ਹਨ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਸਮਝ ਲਵੋ ਕਿ ਇਹ ਠੱਗੀ ਹੈ” ਪਰ ਫੇਰ ਵੀ ਲੋਕ ਅਕਸਰ ਅਜਿਹੇ ਧੋਖੇਬਾਜ਼ਾਂ ਦੇ ਜਾਲ ਵਿਚ ਫਸ ਜਾਂਦੇ ਹਨ।

ਬੀਤੇ ਦਿਨ ਲਾਗਲੇ ਸ਼ਹਿਰ ਡੈਲਟਾ ਦੀ ਇਕ ਔਰਤ ਨਾਲ ਵੀ ਅਜਿਹੀ ਘਟਨਾ ਵਾਪਰੀ ਅਤੇ ਇਕ ਨਕਲੀ ਪੁਲਿਸ ਅਫਸਰ ਉਸ ਤੋਂ 6,000 ਡਾਲਰ ਬਟੋਰਨ ਵਿਚ ਕਾਮਯਾਬ ਹੋ ਗਿਆ। ਇਸ ਔਰਤ ਨੇ ਇਹ ਰਾਸ਼ੀ ਇਕ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਕੇ 6 ਮਹੀਨਿਆਂ ਵਿਚ ਮਸਾਂ ਇਕੱਤਰ ਕੀਤੀ ਸੀ।

ਡੈਲਟਾ ਪੁਲਿਸ ਅਨੁਸਾਰ ਨਕਲੀ ਪੁਲਿਸ ਅਧਿਕਾਰੀ ਨੇ ਸਰਵਿਸ ਕੈਨੈਡਾ ਦੇ ਫੋਨ ਨੰਬਰ ਤੋਂ ਕਾਲ ਕੀਤੀ ਪਰ ਇਹ ਨੰਬਰ ਛੁਪਾਉਣ ਲਈ ਉਸ ਨੇ ਇਕ ਐਪ ਦੀ ਵਰਤੋਂ ਕੀਤੀ। ਨਕਲੀ ਪੁਲਿਸ ਅਧਿਕਾਰੀ ਨੇ ਉਸ ਔਰਤ ਨੁੰ ਕਿਹਾ ਕਿ ਪੁਲਿਸ ਮਨੀ-ਲਾਂਡਰਿੰਗ ਦੀ ਜਾਂਚ ਕਰ ਰਹੀ ਹੈ ਅਤੇ ਉਸ ਦਾ ਨਾਮ ਇਸ ਘਪਲੇ ਵਿਚ ਸ਼ਾਮਲ ਹੈ। ਜੇਕਰ ਉਹ 6,000 ਡਾਲਰ ਬਿਟ ਕੁਆਇਨ ਰਾਹੀਂ ਦੇ ਦੇਵੇ ਤਾਂ ਉਸ ਦਾ ਬਚਾਅ ਹੋ ਸਕਦਾ ਹੈ। ਉਸ ਔਰਤ ਨੇ ਉਸ ਤੇ ਯਕੀਨ ਕਰ ਲਿਆ ਅਤੇ ਸਰੀ ਦੀ ਇਕ ਮਸ਼ੀਨ ਰਾਹੀਂ ਬਿਟ ਕੁਆਇਨ ਖਰੀਦ ਲਏ। ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾ ਹੋਇਆ ਹੈ ਅਤੇ ਉਸ ਨੇ ਡੈਲਟਾ ਪੁਲਿਸ ਨੂੰ ਸੂਚਿਤ ਕੀਤਾ।

ਡੈਲਟਾ ਪੁਲਿਸ ਦੇ ਬੁਲਾਰੇ ਕ੍ਰਿਸ ਲੀਕੌਫ ਨੇ ਇਕ ਵਾਰ ਫੇਰ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਬਾਰੇ ਚਿਤਾਵਨੀ ਦਿੰਦਿਆਂ ਇਨ੍ਹਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਵੈਨਕੂਵਰ ਪੁਲਿਸ ਵਿਭਾਗ ਨੇ ਵੀ ਦੋ ਦਿਨ ਪਹਿਲਾਂ ਕਿਹਾ ਸੀ ਕਿ ਉਸ ਨੂੰ ਵੈਨਕੂਵਰ ਨਿਵਾਸੀਆਂ ਪਾਸੋਂ ਕਈ ਰਿਪੋਰਟਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚ ਵਿਭਾਗ ਦੇ ਗੈਰ-ਐਮਰਜੈਂਸੀ ਨੰਬਰ ਦੀ ਵਰਤੋਂ ਕਰਦਿਆਂ ਧੋਖਾਧੜੀ ਕਰਨ ਵਾਲਿਆਂ ਦੀਆਂ ਕਾਲਾਂ ਆਈਆਂ ਸਨ। ਉਨ੍ਹਾਂ ਮਾਮਲਿਆਂ ਵਿੱਚ ਘਪਲੇਬਾਜ਼ਾਂ ਨੇ ਵੈਨਕੂਵਰ ਪੁਲਿਸ ਵਿਭਾਗ ਦੇ ਅਧਿਕਾਰੀ ਜਾਂ ਕਨੇਡਾ ਰੈਵੀਨਿਊ ਏਜੰਸੀ ਦੇ ਨੁਮਾਇੰਦੇ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ਬਿਟ ਕੁਆਇਨ ਜਾਂ ਗਿਫਟ ਕਾਰਡ ਰਾਹੀਂ ਅਦਾਇਗੀ ਕਰਨ ਦੀ ਮੰਗ ਕੀਤੀ ਸੀ।

Previous articleਕੈਨੇਡਾ ਚੋਣਾਂ : ਬੀ.ਸੀ. ਵਿਚ ਐਨ.ਡੀ.ਪੀ. ਦੇ ਸਮਰਥਨ ‘ਚ ਵਾਧਾ – ਤਾਜ਼ਾ ਸਰਵੇਖਣ
Next articleBig Breaking : ਢੀਂਡਸਾ ਨੇ ਰਾਜ ਸਭਾ ‘ਚ ਅਕਾਲੀ ਦਲ ਦੇ ਗਰੁੱਪ ਲੀਡਰ ਤੋਂ ਦਿੱਤਾ ਅਸਤੀਫਾ