ਬਾਲਾਕੋਟ ਜਿਹੇ ਇੱਕ ਹੋਰ ਹਮਲੇ ਦਾ ਡਰ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਲੀ ਕਸ਼ੀਦਗੀ ਗੁਆਂਢੀ ਮੁਲਕ ਵਿੱਚ ਆਮ ਚੋਣਾਂ ਮੁਕੰਮਲ ਹੋਣ ਤਕ ਬਰਕਰਾਰ ਰਹੇਗੀ। ਖ਼ਾਨ ਨੇ ਕਿਹਾ ਉਨ੍ਹਾਂ ਨੂੰ ਡਰ ਹੈ ਕਿ ਪਾਕਿਸਤਾਨ ਦਾ ਪੂਰਬਲਾ ਗੁਆਂਢੀ ‘ਮੁੜ ਕੋਈ ਕਾਰਾ’ (ਬਾਲਾਕੋਟ ਜਿਹਾ) ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਤਰਾ ਅਜੇ ਨਹੀਂ ਟਲਿਆ ਤੇ ਮੁਲਕ ਉੱਤੇ ਜੰਗ ਦਾ ਪਰਛਾਵਾਂ ਮੰਡਰਾ ਰਿਹਾ ਹੈ। ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ 14 ਫਰਵਰੀ ਨੂੰ ਪੁਲਵਾਮਾ ਵਿੱਚ ਸੀਆਰਪੀਐਫ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ, ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ, ਮਗਰੋਂ ਦੋਵਾਂ ਮੁਲਕਾਂ ਵਿਚ ਤਲਖੀ ਸਿਖਰ ’ਤੇ ਹੈ।
ਵਜ਼ੀਰੇ ਆਜ਼ਮ ਨੇ ਕਿਹਾ ਕਿ ਜੰਗ ਦਾ ਪਰਛਾਵਾਂ ਅਜੇ ਵੀ ਪਾਕਿਸਤਾਨ ’ਤੇ ਮੰਡਰਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲਾ ਭਾਰਤ ਦਾ ਪ੍ਰਸ਼ਾਸਕੀ ਤਾਣਾ ਬਾਣਾ ਆਮ ਚੋਣਾਂ ਤੋਂ ਪਹਿਲਾਂ ‘ਕਿਸੇ ਹੋਰ ਕਾਰੇ’ ਨੂੰ ਅੰਜਾਮ ਦੇ ਸਕਦਾ ਹੈ। ਰੋਜ਼ਨਾਮਚਾ ‘ਡਾਅਨ’ ਨੇ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਅਜੇ ਖ਼ਤਰਾ ਨਹੀਂ ਟਲਿਆ। ਭਾਰਤ ਵਿੱਚ ਅਗਾਮੀ ਲੋਕ ਸਭਾ ਚੋਣਾਂ ਤਕ ਰਿਸ਼ਤਿਆਂ ’ਚ ਤਲਖੀ ਬਰਕਰਾਰ ਰਹੇਗੀ। ਅਸੀਂ ਭਾਰਤ ਨੂੰ ਕਿਸੇ ਵੀ ਹੱਲੇ ਦਾ ਜਵਾਬ ਦੇਣ ਲਈ ਪਹਿਲਾਂ ਹੀ ਤਿਆਰ ਹਾਂ।’ ਖ਼ਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਫ਼ਗ਼ਾਨ ਸਰਕਾਰ ਵੱਲੋਂ ਜ਼ਾਹਿਰ ਫ਼ਿਕਰਮੰਦੀ ਮਗਰੋਂ ਇਸਲਾਮਾਬਾਦ ਵਿੱਚ ਤਾਲਿਬਾਨ ਨਾਲ ਹੋਣ ਵਾਲੀ ਤਜਵੀਜ਼ਤ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ। ਤਾਲਿਬਾਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਨੁਮਾਇੰਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਉਧਰ ਮੀਡੀਆ ਰਿਪੋਰਟਾਂ ਮੁਤਾਬਕ ਉਪਰੋਕਤ ਮੀਟਿੰਗ ਤਾਲਿਬਾਨ ਵੱਲੋਂ ਰੱਦ ਕੀਤੀ ਗਈ ਹੈ। ਕਿਉਂਕਿ ਪਾਕਿਸਤਾਨ ਜਾਣ ਵਾਲੀ ਤਾਲਿਬਾਨੀ ਟੀਮ ਦੇ ਬਹੁਤੇ ਮੈਂਬਰ ਅਮਰੀਕਾ ਤੇ ਸੰਯੁਕਤ ਰਾਸ਼ਟਰ ਵੱਲੋਂ ਆਇਦ ਪਾਬੰਦੀਆਂ ਕਾਰਨ ਪਾਕਿਸਤਾਨ ਨਹੀਂ ਜਾ ਸਕਦੇ।

Previous articleਹਾਈ ਕੋਰਟ ਨੇ ਜੁਡੀਸ਼ਲ ਤੇ ਪੁਲੀਸ ਕਾਰਵਾਈ ਦੌਰਾਨ ਜਾਤ ਦਾ ਜ਼ਿਕਰ ਕਰਨ ਤੋਂ ਵਰਜਿਆ
Next articleਬਟਲਰ ਨੂੰ ‘ਮਾਂਕੜਿੰਗ’ ਕਰਨ ਮਗਰੋਂ ਖੇਡ ਭਾਵਨਾ ’ਤੇ ਛਿੜੀ ਬਹਿਸ