ਕੈਨੇਡਾ ਚੋਣਾਂ : ਬੀ.ਸੀ. ਵਿਚ ਐਨ.ਡੀ.ਪੀ. ਦੇ ਸਮਰਥਨ ‘ਚ ਵਾਧਾ – ਤਾਜ਼ਾ ਸਰਵੇਖਣ

ਸਰੀ, 19 ਅਕਤੂਬਰ 2019 – 21 ਅਕਤੂਬਰ ਨੂੰ ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਵਿਚ ਸਿਰਫ ਦੋ ਦਿਨ ਬਚੇ ਹਨ ਅਤੇ ਇਸ ਮੌਕੇ ਸਾਹਮਣੇ ਆਏ ਇਕ ਨਵੇਂ ਪੋਲ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਪਿਛਲੇ ਦਿਨਾਂ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਐਨਡੀਪੀ ਦੇ ਸਮੱਰਥਕ ਵੋਟਰਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।

ਇਨਸਾਈਟਸ ਵੈਸਟ ਦੁਆਰਾ 13 ਤੋਂ 16 ਅਕਤੂਬਰ ਤੱਕ ਆਨਲਾਈਨ ਕਰਵਾਏ ਗਏ ਇਸ ਸਰਵੇਖਣ ਵਿਚ ਬੀ.ਸੀ. ਵਿਚ ਰਹਿੰਦੇ 1,670 ਬਾਲਗਾਂ ਨੂੰ ਪੁੱਛਿਆ ਗਿਆ ਸੀ ਕਿ ਜੇ ਉਨ੍ਹਾਂ ਨੂੰ ਅੱਜ ਵੋਟ ਪਾਉਣ ਲਈ ਕਿਹਾ ਜਾਵੇ ਤਾਂ ਉਹ ਆਪਣੇ ਹਲਕੇ ਵਿੱਚ ਕਿਸ ਨੂੰ ਵੋਟ ਪਾਉਣਗੇ? ਜੇ ਉਨ੍ਹਾਂ ਨੇ ਅਡਵਾਂਸ ਪੋਲਿੰਗ ਦੌਰਾਨ ਜਾਂ ਡਾਕ ਰਾਹੀਂ ਆਪਣੀ ਵੋਟ ਪੋਲ ਕਰ ਦਿੱਤੀ ਸੀ, ਤਾਂ ਉਨ੍ਹਾਂ ਕਿਸ ਪਾਰਟੀ ਨੂੰ ਵੋਟ ਪਾਈ ਸੀ?

ਸਰਵੇਖਣ ਅਨੁਸਾਰ ਐਨਡੀਪੀ ਨੇ ਬੀ.ਸੀ. ਵਿਚ ਲਿਬਰਲਾਂ ਨੂੰ ਦੂਜੇ ਸਥਾਨ ਤੋਂ ਤੀਜੇ ਸਥਾਨ ਤੇ ਧੱਕ ਦਿੱਤਾ ਹੈ। ਐਨਡੀਪੀ ਨੂੰ ਇਸ ਸਰਵੇਖਣ ਵਿਚ 23 ਪ੍ਰਤੀਸ਼ਤ ਵੋਟਰਾਂ ਦਾ ਸਮਰਥਨ ਮਿਲਿਆ ਹੈ ਜਦੋਂ ਕਿ ਸਤੰਬਰ ਦੇ ਅੱਧ ਵਿਚ ਕਰਵਾਏ ਇਨਸਾਈਟਸ ਵੈਸਟ ਦੇ ਪਹਿਲੇ ਮਤਦਾਨ ਵਿਚ ਇਹ ਸਮੱਰਥਨ 14 ਪ੍ਰਤੀਸ਼ਤ ਤੋਂ ਵੱਧ ਸੀ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡ ਅਜੇ ਵੀ ਸੂਬੇ ਵਿੱਚ ਬਰਕਰਾਰ ਹੈ ਅਤੇ ਇਸ ਨੂੰ 27 ਪ੍ਰਤੀਸ਼ਤ ਵੋਟਰਾਂ ਦੀ ਹਮਾਇਤ ਹੈ। ਤੀਜੇ ਸਥਾਨ ਤੇ ਆ ਚੁੱਕੀ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਹੁਣ 20 ਪ੍ਰਤੀਸ਼ਤ ਹੈ ਜਦੋਂ ਕਿ ਸਤੰਬਰ ਦੇ ਅੱਧ ਵਿਚ ਇਹ ਪਾਰਟੀ 19 ਪ੍ਰਤੀਸ਼ਤ ਨਾਲ ਸੂਬੇ ਵਿਚ ਦੂਜੇ ਨੰਬਰ ਤੇ ਸੀ। ਗ੍ਰੀਨ ਪਾਰਟੀ ਦਾ ਸਮੱਰਥਨ ਸਤੰਬਰ ਦੇ ਅੱਧ ਵਿੱਚ 14 ਪ੍ਰਤੀਸ਼ਤ ਸੀ ਪਰ ਹੁਣ ਘਟ ਕੇ 11 ਪ੍ਰਤੀਸ਼ਤ ਰਹਿ ਗਿਆ ਹੈ।

ਇਹ ਸਰਵੇਖਣ ਇਨਸਾਈਟਸ ਵੈਸਟ ਦੀ ਚੋਣ ਮੁਹਿੰਮ ਦਾ ਤੀਜਾ ਅਤੇ ਆਖਰੀ ਮਤਦਾਨ ਸੀ। ਇਸ ਖੋਜ ਕੰਪਨੀ ਨੇ ਆਪਣੀ ਪਹਿਲੀ ਪੋਲ 6 ਸਤੰਬਰ ਤੋਂ 10 ਤੱਕ ਕਰਵਾਈ ਸੀ ਅਤੇ ਦੂਜੀ ਸਤੰਬਰ 19 ਤੋਂ 23 ਤੱਕ ਕੀਤੀ ਸੀ।

Previous articleTurkey-Syria border calm after ceasefire agreement
Next articleਕੈਨੇਡਾ : ਨਕਲੀ ਪੁਲਿਸ ਅਫ਼ਸਰ ਨੇ ਔਰਤ ਤੋਂ ਲੁੱਟੇ 6 ਹਜ਼ਾਰ ਡਾਲਰ