ਸੰਯੁਕਤ ਰਾਸ਼ਟਰ: ਇੱਥੇ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਉੱਚ ਪੱਧਰੀ ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਵਲੋਂ ਕਸ਼ਮੀਰ ਮੁੱਦਾ ਚੁੱਕੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਵਲੋਂ ਵਾਦੀ ਵਿੱਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਸਕੱਤਰ ਜਨਰਲ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਕਸ਼ਮੀਰ ਮੁੱਦੇ ਨੂੰ ਕੇਵਲ ਗੱਲਬਾਤ ਰਾਹੀਂ ਹੱਲ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦੇ ਰਹੇ ਹਨ ਅਤੇ ‘‘ਕਸ਼ਮੀਰ ਵਿੱਚ ਮੌਜੂਦਾ ਸੰਕਟ ਦੇ ਹੱਲ ਦੇ ਮੱਦੇਨਜ਼ਰ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਨਾਲ ਸਹੀ ਢੰਗ ਨਾਲ ਨਜਿੱਠਣ ਲਈ ਵੀ ਉਹ ਗੱਲਬਾਤ ਦੇ ਹੀ ਹਾਮੀ ਹਨ।’’ ਉਨ੍ਹਾਂ ਕਿਹਾ, ‘‘ਕਸ਼ਮੀਰ ਬਾਰੇ, ਸਕੱਤਰ ਜਨਰਲ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਜਨਰਲ ਅਸੈਂਬਲੀ ਦੌਰਾਨ ਵੀ ਇਸ ਮੁੱਦੇ ’ਤੇ ਚਰਚਾ ਕਰਨਗੇ।’’ ਬੁੱਧਵਾਰ ਨੂੰ ਗੁਟੇਰੇਜ਼ ਨੇ ਕਿਹਾ ਸੀ ਕਿ ਕਸ਼ਮੀਰ ਮੁੱਦੇ ਦਾ ਹੱਲ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਗੱਲਬਾਤ’ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਦੋਵੇਂ ਮੁਲਕ ਕਹਿਣ ਤਾਂ ਉਹ ਇਸ ਮੁੱਦੇ ’ਤੇ ਵਿਚੋਲਗੀ ਕਰਨ ਨੂੰ ਤਿਆਰ ਹਨ। ਉਨ੍ਹਾਂ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦਾ ਸੱਦਾ ਵੀ ਦਿੱਤਾ ਸੀ।
ਨਿਊ ਯਾਰਕ: ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਦੂਤ ਸਈਦ ਅਕਬਰੂਦੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਅਗਲੇ ਹਫ਼ਤੇ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਸੈਸ਼ਨ ਵਿੱਚ ਕਸ਼ਮੀਰ ਮੁੱਦਾ ਚੁੱਕ ਕੇ ਆਪਣਾ ਪੱਧਰ ‘ਹੇਠਾਂ ਲਿਆਉਂਦਾ’ ਹੈ ਤਾਂ ਇਸ ਨਾਲ ਭਾਰਤ ਦਾ ਕੱਦ ਹੋਰ ਉੱਚਾ ਹੋਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਹੁਣ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਅਕਬਰੂਦੀਨ ਨੇ ਕਿਹਾ ਕਿ ਯੂਐੱਨਜੀਏ ਦੌਰਾਨ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਜ਼ਹਿਰ ਉਗਲ ਸਕਦਾ ਹੈ ਪਰ ਇਹ ਜ਼ਿਆਦਾ ਸਮੇਂ ਤੱਕ ਕੰਮ ਨਹੀਂ ਕਰੇਗਾ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ 27 ਸਤੰਬਰ ਨੂੰ ਯੂਐੱਨਜੀਏ ਸੈਸ਼ਨ ਦੌਰਾਨ ਕਸ਼ਮੀਰ ਮੁੱਦਾ ਚੁੱਕੇ ਜਾਣ ਬਾਰੇ ਕਿਹਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਯੂਐੱਨਜੀਏ ਵਿੱਚ ਉਸੇ ਦਿਨ ਸੰਬੋਧਨ ਕਰਨਾ ਹੈ।
HOME ਯੂਐੱਨਜੀਏ: ਗੁਟੇਰੇਜ਼ ਵਲੋਂ ਕਸ਼ਮੀਰ ਮੁੱਦਾ ਚੁੱਕੇ ਜਾਣ ਦੀ ਸੰਭਾਵਨਾ