* ‘ਆਲਮੀ ਭਾਈਚਾਰਾ ਭਾਰਤ ਦੇ ਪਰਮਾਣੂ ਹਥਿਆਰਾਂ ਨੂੰ ਗੰਭੀਰਤਾ ਨਾਲ ਲਵੇ’
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਕਸ਼ਮੀਰ ਪਾਕਿਸਤਾਨ ਦੀ ਦੁਖਦੀ ‘ਸ਼ਾਹ ਰਗ’ ਹੈ ਅਤੇ ਭਾਰਤ ਵੱਲੋਂ ਇਸ ਦੇ ਵਿਸ਼ੇਸ਼ ਰੁਤਬੇ ’ਚ ਬਦਲਾਅ ਨੇ ਮੁਲਕ ਦੀ ਸੁਰੱਖਿਆ ਅਤੇ ਇਕਜੁੱਟਤਾ ਨੂੰ ਚੁਣੌਤੀ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਅਤੇ ਸ਼ਹੀਦੀ ਦਿਵਸ ਮੌਕੇ ਆਪਣੇ ਸੁਨੇਹੇ ’ਚ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਮੁਲਕਾਂ ਨੂੰ ਕਸ਼ਮੀਰ ਬਾਰੇ ਜਾਣਕਾਰੀ ਦੇਣ ਲਈ ਸਰਗਰਮੀ ਨਾਲ ਕੂਟਨੀਤਕ ਮੁਹਿੰਮ ਵਿੱਢੀ ਹੋਈ ਹੈ। ਭਾਰਤ ਨਾਲ 1965 ਦੀ ਜੰਗ ਦੀ ਵਰ੍ਹੇਗੰਢ ਨੂੰ ਪਾਕਿਸਤਾਨ ਹਰ ਵਰ੍ਹੇ 6 ਸਤੰਬਰ ਨੂੰ ਰੱਖਿਆ ਅਤੇ ਸ਼ਹੀਦੀ ਦਿਵਸ ਵਜੋਂ ਮਨਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਮੈਂ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੇ ਪਰਮਾਣੂ ਹਥਿਆਰਾਂ ਦੀ ਰਾਖੀ ਅਤੇ ਸੁਰੱਖਿਆ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ। ਇਹ ਮੁੱਦਾ ਨਾ ਸਿਰਫ਼ ਦੱਖਣੀ ਏਸ਼ਿਆਈ ਖ਼ਿੱਤੇ ਸਗੋਂ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਲਮੀ ਭਾਈਚਾਰਾ ‘ਵਿਨਾਸ਼ਕਾਰੀ ਨਤੀਜਿਆਂ’ ਲਈ ਜ਼ਿੰਮੇਵਾਰ ਹੋਵੇਗਾ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਦੀ ਹਮਾਇਤ ਜਾਰੀ ਰਖੇਗਾ ਅਤੇ ਇਸ ਮੁੱਦੇ ਨੂੰ ਹਰ ਪੱਧਰ ਅਤੇ ਮੋਰਚੇ ’ਤੇ ਉਭਾਰਿਆ ਜਾਵੇਗਾ।