ਕੁੜੀ ਨਹੀਂ , ਜਖ਼ਮੀ ਸ਼ੇਰਨੀ – ਸਿਮਰ ਸੰਧੂ

(ਸਮਾਜ ਵੀਕਲੀ)-   ਮਰਦ ਪ੍ਧਾਨ ਸਮਾਜ ਦੇ ਕਾਲੇ ਬਡਰੂਪ ਚਿਹਰੇ ਅਤੇ ਘਨੌਣੀ ਦਿੱਖ ਤਾਂ ਅਸੀਂ ਭਾਰਤ ਦੇ ਦੱਖਣ ਪੂਰਬੀ ਸੂਬੇ ਵਿੱਚ ਦੇਖ ਹੀ ਚੁੱਕੇ ਹਾਂ। ਵਹਿਸੁ ਦਰਿੰਦਿਆਂ ਨੇ ਜੋ ਨੈਤਕਿਤਾ ਦਾ ਘਾਣ ਕੀਤਾ, ਇਹ ਬੇਹੱਦ ਸ਼ਰਮਨਾਕ ਅਤੇ ਪਸ਼ੂ-ਪਣਾ ਹੈ।ਪਹਿਲਾਂ ਬੇਅੰਤ ਸਰਕਾਰ ਵੇਲੇ ” ਕੇਤੀਆ ਕਾਂਡ” ਵੀ ਪੰਜਾਬ ਨੂੰ ਦਾਗ਼ੋ-ਦਾਗ਼ ਕਰ ਗਿਆ।
            ਕਾਲ਼ੇ ਦਾਗ਼ਾਂ ਨੂੰ ਸਾਫ਼ ਸ਼ੀਸਾ ਦਿਖਾ ਕੇ ਚਪੇੜ ਮਾਰਨ ਵਾਲੀ ਇਕ ਪੰਜਾਬਣ ਕੁੜੀ ” ਸਿਮਰ ਸੰਧੂ ” ਨੇ ਸ਼ੋਸਲ ਮੀਡੀਆ ਤੇ ਆਪਣੀ ਬੇਬਾਕੀ ਆਵਾਜ਼ ਦੀ ਵੰਗ਼ਾਰ ਨਾਲ਼ ਆਪਣੀ ਸਵੈ ਦੀ ਇੱਜ਼ਤ , ਮਾਣ-ਸਨਮਾਨ ਦੀ ਰਾਖ਼ੀ ਲਈ ਕਾਨੂੰਨ ਅੱਗੇ ਦੁਹਾਈ ਦਿੱਤੀ ਹੈ।  ਇਹ ਇਨਕਲਾਬੀ ਆਵਾਜ਼ ਉਚੀਆਂ ਪੱਕੀਆਂ ਜੇਲ ਰੂਪੀ ਕੰਧਾਂ ਨੂੰ ਵਿਸਫੋਟ ਕਰ ਕੇ ਤੋੜ ਦੇਣ ਵਾਲੀ ਅੱਲੜੵ ਜਵਾਨ ਕੁੜੀ ਨੇ ਆਪਣੀ ਪਰਵਾਜ਼  ਭਰਦਿਆਂ ਇਕ ਤਾੜ ਮਾਰੀ ਹੈ। ਇਸ ਤਾੜ ਦੀ ਫੜਫੜਾਹਟ ਨਾਲ਼ ਮੁੱਛਾਂ ਨੂੰ ਵੱਟ ਦੇਣ ਵਾਲੇ , ਸ਼ਰਾਬ ਦੀ ਬੋਅ ਮਾਰਦੇ ਸ਼ਿਕਰਿਆਂ ਵਿੱਚ ਸਹਿਮ ਪੈਦਾ ਹੋ ਗਿਆ ਹੈ। ਮਜ਼ਬੂਰ ਕੁੜੀਆਂ ਦੀ ਕਿਰਤ ਦਾ ਸ਼ੋਸਣ ਕਰਨ ਵਾਲੇ ਆਰਕੈਸਟਰਾ ਗਰੁੱਪਾਂ ਦੇ ਮਾਲਕਾਂ ਨੂੰ ਵੀ ਕੰਬਣੀ ਛਿੜ ਗਈ ਹੈ । ਜਿਸਮਾਂ ਦੀ ਹਵਸ ਰੱਖਣ ਵਾਲੇ ਖੂੰਖ਼ਾਰੀ ਸ਼ਿਕਰਿਆਂ ਦੀਆਂ ਹਰਕਤਾਂ ਨੂੰ ਅਖ਼ਵਾਰਾਂ ਅਤੇ ਸ਼ੋਸਲ ਮੀਡੀਆ ਦੀਆਂ ਸੁਰਖ਼ੀਆਂ ਨੇ ਕਰੜੇ ਹੱਥੀਂ ਵੀ ਲਿਆ ਹੈ।
      ਕਿੱਤਾ ਕੋਈ ਮਾੜਾ ਨਹੀਂ ਹੈ। ਇਹ ਕੁੜੀ ਆਪਣੀ ਸਵੈ ਇੱਛਾ ਨਾਲ਼ ਆਰਕੈਸਟਰਾ ਗਰੁੱਪਾਂ ਵਿੱਚ ਡਾਂਸਰ ਦਾ ਕੰਮ ਕਰ ਰਹੀ ਹੈ। ਜੇਕਰ ਇਹ ਨੱਚਣ ਦਾ ਕੰਮ ਗੈਰ ਸਮਾਜਿਕ ਹੈ, ਕੁੜੀਆਂ ਨੂੰ ਇਹ ਕੰਮ ਕਰਨ ਤੇ ਲਾਹਨਤ ਪਾਈ ਜਾ ਰਹੀ ਹੈ ਤਾਂ ਵਿਆਹਾਂ ਵਿੱਚ ਇਹਨਾਂ ਕੁੜੀਆਂ ਨੂੰ ਨਚਾਉਣ ਵਾਲਿਆਂ ਨੂੰ ਲਾਹਨਤ ਕਿਉਂ ਨਹੀਂ ਪੈਣੀ ਚਾਹੀਂਦੀ ਹੈ। ਇਹਨਾਂ ਪਰਿਵਾਰਾਂ ਦਾ ਆਪਣੀ ਜਾਤ ਬਰਾਦਰੀ, ਭਾਈਚਾਰੇ, ਪਿੰਡ -ਨਗਰ ਵਿੱਚ ਸਮਾਜਿਕ ਬਾਈਕਾਟ ਕਿਉਂ ਨਹੀਂ ਕੀਤਾ ਜਾਂਦਾ । ਗੁਰ ਸਿੱਖ ਪਰਿਵਾਰਾਂ ਨੂੰ ਇਹੋ ਜਿਹੇ ਕਾਰਨਾਮਿਆਂ ਤੇ ਆਕਾਲ ਤਖ਼ਤ ਸਾਹਿਬ ਤੇ ਦੋਸ਼ੀਆ ਨੂੰ ਕਿਉਂ ਤਲਬ ਨਹੀਂ ਕੀਤਾ ਜਾਂਦਾ । ।ਇਹ ਕੁੜੀਆਂ ਨਚਾਵਣ ਵਾਲੇ ਲੋਕ ਤਾਂ ਆਪਣਾ ਸਿਰ ਫ਼ਖ਼ਰ ਨਾਲ਼ ਉੱਚਾ ਕਰਕੇ ਘੁੰਮ ਰਹੇ ਹਨ।
   ਜੇਕਰ ਨੱਚਣ ਵਾਲੀਆਂ ਕੁੜੀਆਂ ਆਪਣੇ ਲੱਕ ਜਾਂ ਆਪਣੀ ਛਾਤੀ ਨੂੰ ਹਿਲਾ ਕੇ ਕੰਨ ਪਾੜੂ ਸ਼ੋਰ ਸ਼ਰਾਬੇ ਵਾਲੇ ਸਪੀਕਰਾਂ ਨਾਲ ਆਪਣੀ ਕਲਾ ਦਾ ਪ੍ਦਰਸ਼ਨ ਕਰਦੀਆਂ ਹਨ, ਤਾਂ ਇਸ  ਵਿੱਚ ਕਿਸੇ ਨੂੰ ਕੀ ਪਰੇਸ਼ਾਨੀ ਹੈ। ਇਹਨਾਂ ਐਕਸਨਾ ਲਈ ਹੀ ਤਾਂ ਉਹਨਾਂ ਗਰੁੱਪਾਂ ਨੂੰ ਮੋਟੀਆਂ ਰਕਮਾਂ ਦਿੱਤੀਆਂ ਜਾਂਦੀਆ ਹਨ।ਸ਼ਰਮ ਤਾਂ ਉਹਨਾਂ ਲੜਕਿਆਂ ਨੂੰ  ਆਉਣੀ ਚਾਹੀਂਦੀ ਹੈ ਜੋ ਆਪਣੇ ਮਾਪਿਆਂ ਦੇ ਸਾਹਮਣੇ, ਆਪਣੀਆਂ ਹੀ ਪਰਿਵਾਰ ਦੀਆਂ ਵਿਆਹੀਆਂ-ਕੁਆਰੀਆਂ ਧੀਆਂ- ਭੈਣਾਂ ਦੇ ਸਾਹਮਣੇ ਡਾਂਸਰਾ ਦੀਆਂ ਹਰਕਤਾਂ ਤੇ ਅਯਾਸ਼ੀ ਕਰਦੇ ਹਨ। ਦਾਰੂ ਪੀ ਕੇ ਸਟੇਜਾਂ ਤੇ ਚੜ੍ਹ ਚੜ੍ਹ ਨਾਲ਼ ਨੱਚਣ ਦੀ ਕੋਸ਼ਿਸ਼ ਕਰਦੇ ਹਨ। ਨੋਟਾਂ ਦੇ ਵਾਰਨੇ ਵਾਰਦੇ ਹਨ। ਬੁੱਢੀ ਉਮਰ ਦੇ ਆਪਣੀਆਂ ਚਿੱਟੀਆਂ ਦਾਹੜੀਆਂ ਦੀ ਵੀ ਸ਼ਰਮ ਨਹੀਂ ਕਰਦੇ। ਆਪਣੀਆਂ ਧੀਆਂ-ਪੋਤੀਆਂ ਦੇ ਹਾਣ ਦੀਆਂ ਕੁੜੀਆਂ ਤੇ ਵੀ ਚਿੱਟੇ ਧੌਲ਼ੇ ਠਰਕਾਂ ਭੋਰਦੇ ਨਜ਼ਰ ਆਉਂਦੇ ਹਨਂ ਕੀ ਉਸ ਸਮੇਂ  ਉਹ ਆਪਣੀਆਂ ਮਸਤੀਆਂ ਕਰਦੇ ਸੱਭਿਅਕ ਵਤੀਰਾ ਨਿਭਾ ਰਹੇ ਹੁੰਦੇ ਹਨ। ਕੀ ਉਸ ਸਮੇਂ ਉਹ ਆਪਣੇ ਵਹਿਸ਼ੀ ਕਿਰਦਾਰ ਨੂੰ ਆਪਣੇ ਹੀ ਪਰਿਵਾਰਾਂ ਦੀਆਂ ਔਰਤਾਂ ਸਾਹਮਣੇ ਨੰਗਾ ਨਹੀਂ ਕਰ ਰਹੇ ਹੁੰਦੇ। ਕੀ ਇਹ ਨੌਜਵਾਨ , ਰਿਸ਼ਤੇਦਾਰ , ਮਹਿਮਾਨ ਆਪਣੇ ਬਜ਼ੁਰਗਾਂ ਦੀ ਹੋਂਦ ਨੂੰ ਮਹਿਸੂਸ ਕਰ ਰਹੇ ਹੁੰਦੇ ਹਨ। ਕੀ ਕੋਈ ਵੱਡਿਆਂ ਦੀ ਸ਼ਰਮ -ਹਯਾ ਇਹਨਾਂ ਦੇ ਸੰਸਕਾਰਾਂ ਵਿੱਚ ਹੁੰਦੀ ਹੈ। ਕੀ ਘਰ ਦੇ ਬਜ਼ੁਰਗ ਵੀ ਇਹੋ ਜਿਹੇ ਸਮਾਗਮ ਨਾ ਕਰਨ ਲਈ ਆਪਣੇ – ਆਪਣੇ ਧੀਆਂ ਪੁੱਤਰਾਂ ਨੂੰ ਕਈ ਨਸੀਹਤ ਦਿੰਦੇ ਹਨ ? ਕੀ ਪਰਿਵਾਰ ਦੇ ਬਜ਼ੁਰਗ , ਘਰ ਦੇ ਜ਼ਿੰਮੇਵਾਰ ਮਨੁੱਖ ਜਾਂ ਘਰ ਦੀਆਂ ਹੀ ਔਰਤਾਂ ਇਹੋ ਜਿਹੇ ਸਮਾਗਮਾਂ ਤੇ ਆਪਣੀ ਨਰਾਜ਼ਗੀ ਜ਼ਾਹਿਰ ਕਰਦੀਆਂ ਹਨ ? ਜੇਕਰ ਇਹ ਵਿਰੋਧਤਾ ਲਾੜੇ ਪਰਿਵਾਰ ਦੇ ਘਰ ਅੰਦਰ ਜਾਂ ਵਿਆਹੀ ਜਾਣ ਵਾਲੀ ਕੁੜੀ ਵਲੋਂ ਜਾਂ ਉਸ ਦੇ ਪਰਿਵਾਰ ਵਲੋਂ ਨਹੀਂ ਹੁੰਦੀ ਤਾਂ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਕਿ ਨੱਚਣ ਵਾਲੀਆਂ ਕੁੜੀਆਂ ਤੇ ਕੋਈ ਟੀਕਾ ਟਿੱਪਣੀ ਕਰੇ।
         ਸ਼ਰਾਬ ਦਾ ਸੇਵਨ ਜੇਕਰ ਅਨੰਦ ਮਾਨਣ ਵਾਲੇ ਕਰ ਸਕਦੇ ਹਨ ਤਾਂ ਉਹਨਾਂ ਮਹਿਮਾਨਾਂ ਦਾ ਦਿਲ ਬਹਿਲਾਉਣ ਵਾਲੇ ਨਚਾਰ ਕਿਉਂ ਨਹੀਂ ਕਰ ਸਕਦੇ । ਬਸ ਉਹ ਸਾਰਾ ਦਿਨ ਮਸ਼ੀਨਾਂ ਦੀ ਤਰ੍ਹਾਂ ਤੁਹਾਡੀਆਂ ਅੱਖਾਂ ਸਾਹਮਣੇ ਬਿਨਾਂ ਥੱਕੇ ਹਾਰੇ ਨੱਚਦੇ ਰਹਿਣ। ਦਾਰੂ ਪੀ ਕੇ ਆਪਣੇ ਹੁਕਮ ਚਲਾ ਕੇ ਤੁਸੀਂ ਆਪਣੀਆਂ ਮਨਮਾਨੀਆਂ ਕਰਦੇ ਰਹੋਂ ਅਤੇ ਉਹ ਕੁੜੀਆਂ ਤੁਹਾਡੀ ਹਰ ਅਸ਼ਲੀਲਤਾ ਬਰਦਾਸ਼ਤ ਕਰਦੀਆਂ ਰਹਿਣ।
     ਸਾਡਾ ਪੰਜਾਬੀ ਸੱਭਿਆਚਾਰ ਤਾਂ ਇਹ ਨਹੀਂ ਸੀ। ਹਾਂ, ਅਖਾੜੇ ਲਵਾਏ ਜਾਂਦੇ ਸਨ ਪਰ ਵੈਲੀ ਪਰਿਵਾਰਾਂ ਵਲੋਂ, ਸਿਰਕੱਢ ਬਦਮਾਸ਼ਾਂ ਵਲੋਂ , ਗੈਰ ਇਖ਼ਲਾਕੀ, ਘਟੀਆ ਕਿਰਦਾਰ ਦੇ ਲੋਕਾਂ ਵਲੋਂ, ਜਾਗੀਰਦਾਰ, ਚੌਧਰੀਆਂ ਅਤੇ ਧਨਾਡਂ ਵਲੋਂ । ਇਹੋ ਜਿਹੇ ਅਖਾੜਿਆਂ ਵਿੱਚ  ਅਕਸਰ ਗੰਡਾਸੇ ਖੜਕਦੇ ਸਨ। ਧੜੇਬੰਦੀ ਦੇ ਸ਼ਿਕਾਰ ਲੋਕਾਂ ਵਲੋਂ ਗੋਲੀਆਂ ਚਲਾਈਆਂ ਜਾਂਦੀਆਂ ਸਨ। ਪਰ ਇੱਜ਼ਤਦਾਰ, ਅਣਖੀ , ਪਤਵੰਤੇ ਲੋਕ ਇਹੋ ਜਿਹੇ ਸ਼ੌਕ ਤੋਂ ਪਾਸਾ ਵੱਟਦੇ ਸਨ। ਪਰ ਸਾਡੀ ਅੱਜ ਦੀ ਪੀੜ੍ਹੀ ਕਿੱਧਰ ਜਾਹ ਰਹੀ ਹੈ।
      ਸਿਮਰ ਸੰਧੂ ਦੀ ਗੱਲਬਾਤ ਤੋਂ ਇਕ ਵਿਸ਼ੇਸ ਗੱਲ ਸਾਹਮਣੇ ਆਈ ਕਿ ਉਸਨੇ ਆਪਣੀ ਜ਼ਮੀਰ ਦਾ ਸੌਦਾ ਨਹੀਂ ਕੀਤਾ। ਨੌਜਵਾਨਾਂ ਦੇ ਬੁਲਾਵੇ  ਤੇ  ਸਟੇਜ ਤੋਂ ਥੱਲੇ ਆ ਕੇ ਆਪਣੀ ਕਲਾਕਾਰਾਂ ਵਾਲੀ ਸਟੇਜੀ ਮਰਿਆਦਾ ਨਹੀਂ ਤੋੜੀ। ਉਹ ਕੁੜੀ ਉਸ ਉਪਰ ਸ਼ਰਾਬ ਦੇ ਗਲਾਸ ਨਾਲ਼ ਕੀਤੇ ਗਏ ਵਾਰ ਤੋਂ ਬੱਚ  ਗਈ ਪਰ ਆਰਕੈਸਟਰਾ ਗਰੁੱਪਾਂ ਦੀਆਂ ਹਾਸੋ-ਹੀਣੀ ਟਿੱਪਣੀਆਂ ਦਾ ਸ਼ਿਕਾਰ ਹੋ ਗਈ । ਨੌਜਵਾਨਾਂ ਵਲੋਂ ਕੀਤਾ ਗਿਆ ਇਹ ਜਾਨਲੇਵਾ ਜ਼ੁਰਮ ਹੈ। ਉਸ ਲੜਕੀ ਨੇ ਇਸ ਕੀਤੇ ਵਾਰ ਤੇ ਆਪਣੀ ਪ੍ਰਤੀਕਿਰਿਆ ਗੁੱਸੇ ਵਿੱਚ ਦਿੱਤੀ, ਜੋ ਕੁਦਰਤੀ ਹੈ। ਜਦੋਂ ਹਮਲਾਵਰ ਆਪਣੀ ਔਕਾਤ ਹੀ ਭੁੱਲ ਜਾਵੇ ਤਾਂ ਔਕਾਤ ਯਾਦ ਕਰਾਉਣੀ ਵੀ ਕੋਈ ਗੁਨਾਹ ਨਹੀਂ। ਆਪਣੇ ਘਰ ਬੁਲਾ ਕੇ ਕਿਸੇ ਦੀ ਇੱਜ਼ਤ ਤੇ ਵਾਰ ਕੀਤਾ ਜਾਵੇ ਅਤੇ ਸਾਹਮਣੇ ਵਾਲੇ ਤੋਂ ਫੁੱਲਾਂ ਦੀ ਵਰਖਾ ਦੀ ਆਸ ਕੀਤੀ ਜਾਵੇ ,ਇਹ ਅਸੰਭਵ ਹੈ।
      ਪਰਿਵਾਰਕ ਪਵਿੱਤਰ ਸਮਾਗਮਾਂ ਵਿੱਚ ਪਹਿਲਾਂ ਗਾਉਣ ਵਾਲਿਆਂ ਦੇ ਦਖ਼ਲ ਨੇ ਆਪਣਾ ਅੰਤ ਦਿਖਾਇਆ। ਗਾਣਿਆਂ ਵਿੱਚ ਦੋ-ਅਰਥੀ ਗੀਤਾਂ ਦੀ ਸ਼ਬਦਾਵਲ਼ੀ ਨੇ ਪੰਜ ਦਹਾਕੇ ਨੌਜਵਾਨ ਵਰਗ ਨੂੰ ਲੀਹੋਂ ਲਾਹ ਦਿੱਤਾ।ਸਾਡੀਆਂ ਢਾਡੀ ਵਾਰਾਂ , ਸਾਡੀਆਂ ਕਵੀਸ਼ਰੀਆਂ ਅਤੇ ਲੋਕ ਕਿੱਸਿਆਂ ਦਾ ਹਸ਼ਰ ਜੋ ਹੋਇਆ ਆਪ ਸਭ ਦੇ ਸਾਹਮਣੇ ਹੈ। ਇਹਨਾਂ ਅਖਾੜਿਆਂ ਤੋਂ ਸਸਤਾ ਸਮਝੇ ਜਾਂਦੇ ਆਰਕੈਸਟਰਾ ਗਰੁੱਪਾਂ ਨੇ ਪੰਜਾਬ  ਦੇ ਲੋਕਾਂ ਦੀਆਂ ਜੇਬਾਂ-ਖੀਸਿਆਂ ਨੂੰ ਹੌਲ਼ਾ ਕੀਤਾ।
       ਸਮਾਂ ਹੈ, ਆਪਣੀ ਪੀੜ੍ਹੀ  ਥੱਲੇ ਸੋਟਾ ਮਾਰਨ ਦੀ। ਸਮਾਂ ਹੈ ਆਪਣੇ ਧੀਆਂ ਪੁੱਤਰਾਂ ਨੂੰ ਹੁੱਲੜਬਾਜ਼ੀ ਤੋਂ ਬਚਾਉਣ ਦੀ। ਫ਼ੁਕਰਪਣਿਆਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਦੋਸਤੋ, ਵਕਤ ਦੀ ਨਬਜ਼ ਪਛਾਣੋ। ਆਪਣੇ ਇਖ਼ਲਾਕ , ਆਪਣੇ ਕਿਰਦਾਰਾਂ ਦੀ ਪਾਕਿ-ਪਵਿੱਤਰਤਾ ਨੂੰ ਆਪਣੇ ਹੀ ਹੱਥੋਂ ਆਪਣੀਆਂ ਹੀ ਨਜ਼ਰਾਂ ਸਾਹਮਣੇ ਨਾ ਗਿਰਨ ਦਿਓ। ਸਮਾਜਿਕ ਕਦਰਾਂ ਕੀਮਤਾਂ  ਅਤੇ ਨੈਤਕਿਤਾ ਦੀ ਰਾਖੀ ਲਈ  ਅੱਜ ਹੀ ਆਪਣੇ ਘਰ ਤੋਂ ਸ਼ੁਰੂ ਕਰ ਕੇ ਮਾਣ ਮਰਿਆਦਾ ਬਚਾ ਲਵੋ। ਆਪਣੇ ਧੀਆਂ ਪੁੱਤਰਾਂ ਨੂੰ ਨਜ਼ਰ ਅੰਦਾਜ਼ ਨਾ ਕਰੋ।
         ਬਲਜਿੰਦਰ ਸਿੰਘ ਬਾਲੀ ਰੇਤਗੜੵ 
          919465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHema Malini joins women harvesting wheat in Mathura
Next articleਅੰਬੇਡਕਰ ਭਵਨ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਉਤਸਵ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਚ