ਕਸ਼ਮੀਰ: ਜੁਮੇ ਦੀ ਨਮਾਜ਼ ਮੌਕੇ ਪਾਬੰਦੀਆਂ ਮੁੜ ਆਇਦ

ਜੁਮੇ ਦੀ ਨਮਾਜ਼ ਮੌਕੇ ਹਿੰਸਾ ਦੇ ਖ਼ਦਸ਼ਿਆਂ ਮੱਦੇਨਜ਼ਰ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਪਾਬੰਦੀਆਂ ਮੁੜ ਲਾ ਦਿੱਤੀਆਂ ਗਈਆਂ ਹਨ। ਵਾਦੀ ਦੇ ਕਈ ਹਿੱਸਿਆਂ ਵਿਚ ਸਥਿਤੀ ’ਚ ਸੁਧਾਰ ਦੇ ਦਾਅਵਿਆਂ ਦਰਮਿਆਨ ਪਾਬੰਦੀਆਂ ਕਈ ਗੇੜਾਂ ਵਿਚ ਹਟਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਅਥਾਰਿਟੀ ਵੱਲੋਂ ਹਰ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ’ਤੇ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ। ਪ੍ਰਸ਼ਾਸਨ ਨੂੰ ਡਰ ਰਹਿੰਦਾ ਹੈ ਕਿ ਕਿਤੇ ਸੌੜੇ ਹਿੱਤਾਂ ਖ਼ਾਤਰ ਕੁਝ ਲੋਕ ਵੱਡੀਆਂ ਮਸਜਿਦਾਂ ਤੇ ਹੋਰ ਧਾਰਮਿਕ ਅਸਥਾਨਾਂ ’ਤੇ ਜੁੜੇ ਲੋਕਾਂ ਵਿਚਾਲੇ ਹਿੰਸਾ ਨਾ ਭੜਕਾ ਦੇਣ। ਸ਼ੁੱਕਰਵਾਰ ਨੂੰ 33ਵੇਂ ਦਿਨ ਵੀ ਕਸ਼ਮੀਰ ਵਾਦੀ ਵਿਚ ਸਭ ਕੁਝ ਬੰਦ ਰਿਹਾ ਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ। ਬਜ਼ਾਰ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ, ਕੋਈ ਸਰਕਾਰੀ ਟਰਾਂਸਪੋਰਟ ਵੀ ਨਹੀਂ ਚੱਲੀ। ਪ੍ਰਾਈਵੇਟ ਵਾਹਨ ਵੀ ਅੱਜ ਸੜਕਾਂ ’ਤੇ ਘੱਟ ਹੀ ਨਜ਼ਰ ਆਏ। ਸਰਕਾਰ ਦੀ ਸਕੂਲ ਖੋਲ੍ਹਣ ਦੀ ਯੋਜਨਾ ਵੀ ਕਾਮਯਾਬ ਨਹੀਂ ਹੋ ਸਕੀ ਹੈ ਕਿਉਂਕਿ ਮਾਪਿਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ। 

Previous articleਕਸ਼ਮੀਰ ਪਾਕਿਸਤਾਨ ਦੀ ਦੁਖਦੀ ‘ਸ਼ਾਹ ਰਗ’: ਇਮਰਾਨ ਖ਼ਾਨ
Next articleਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ