ਵਿਆਹੁਤਾ ਵੱਲੋਂ ਖੁ਼ਦਕੁਸ਼ੀ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਧਰਨਾ

ਵਿਆਹੁਤਾ ਕਰਮਜੀਤ ਕੌਰ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਅੱਜ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਵਿਚ ਥਾਣਾ ਰੂੜੇਕੇ ਅੱਗੇ ਧਰਨਾ ਦਿੱਤਾ।
ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰੜ੍ਹ ਦੀ ਲੜਕੀ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਬਦਰਾ ਵਿੱਚ ਵਿਆਹੀ ਹੋਈ ਸੀ ਜਿਸ ਨੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਲੜਕੀ ਦੀ ਦਰਾਣੀ ਚਰਨਜੀਤ ਕੌਰ ਪਤਨੀ ਮਨੀ ਸਿੰਘ, ਦਿਉਰ ਮਨੀ ਸਿੰਘ ਪੁੱਤਰ ਸਰਦੂਲ ਸਿੰਘ ਅਤੇ ਸੱਸ ਗੁਰਦੇਵ ਕੌਰ ਪਤਨੀ ਸਰਦੂਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਪਰ ਮੁਲਜ਼ਮ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇੰਦਰਜੀਤ ਸਿੰਘ ਝੱਬਰ, ਦਰਸ਼ਨ ਸਿੰਘ ਮਹਿਤਾ, ਰਾਜ ਸਿੰਘ ਅਕਲੀਆ ਡਕੌਦਾ ਗਰੁੱਪ, ਗੁਰਨੈਬ ਸਿੰਘ, ਸੁਖਦੇਵ ਸਿੰਘ ਰਾਜੀਆ, ਸਿੰਗਾਰਾ ਸਿੰਘ ਰਾਜੀਆ, ਗੁਰਪ੍ਰੀਤ ਸਿੰਘ ਰੂੜੇਕੇ, ਬੂਟਾ ਸਿੰਘ ਢਿਲਵਾਂ, ਲਖਵੀਰ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਸੈਂਕੜੇ ਕਾਰਕੁਨਾਂ ਤੇ ਪੀੜਤ ਪਰਿਵਾਰ ਨੇ ਸੜਕ ਉੱਪਰ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਚਾਰ ਘੰਟੇ ਜਾਮ ਲਾਉਣ ਬਾਅਦ ਧਰਨਾਕਾਰੀਆਂ ਨੇ ਥਾਣੇ ਦੇ ਗੇਟ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੱਲ੍ਹ ਤਕ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਦੁਬਾਰਾ ਉਸੇ ਜਗ੍ਹਾ ’ਤੇ ਧਰਨਾ ਲਗਾ ਦਿੱਤਾ ਜਾਵੇਗਾ। ਇਸ ਦਾ ਪਤਾ ਚੱਲਦੇ ਹੀ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ, ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਆਪਣੀ ਮੰਗ ’ਤੇ ਬਜ਼ਿੱਦ ਸਨ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।

Previous articleਸੇਰੇਨਾ ਦੀ ਸ਼ਾਰਾਪੋਵਾ ’ਤੇ ਇਕਪਾਸੜ ਜਿੱਤ
Next articleਹੜ੍ਹਾਂ ਦੀ ਮਾਰ: ਡਾਕਟਰਾਂ ਨੇ ਪਸ਼ੂਆਂ ਦੇ ਇਲਾਜ ਲਈ ਮੋਰਚਾ ਸੰਭਾਲਿਆ