ਸੇਰੇਨਾ ਦੀ ਸ਼ਾਰਾਪੋਵਾ ’ਤੇ ਇਕਪਾਸੜ ਜਿੱਤ

ਆਪਣੇ 24ਵੇਂ ਗਰੈਂਡ ਸਲੈਮ ਦੀ ਦੌੜ ਵਿੱਚ ਸ਼ੁਮਾਰ ਸੇਰੇਨਾ ਵਿਲੀਅਮਜ਼ ਨੇ ਇੱਥੇ ਮਾਰੀਆ ਸ਼ਾਰਾਪੋਵਾ ਨੂੰ ਕਰਾਰੀ ਹਾਰ ਦੇ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਸੇਰੇਨਾ ਨੇ ਸ਼ਾਰਾਪੋਵਾ ਨੂੰ 6-1, 6-1 ਨਾਲ ਹਰਾਇਆ। ਛੇ ਵਾਰ ਦੀ ਯੂਐੱਸ ਓਪਨ ਚੈਂਪੀਅਨ ਨੇ ਸਿਰਫ਼ 59 ਮਿੰਟ ਵਿੱਚ ਮੈਚ ਜਿੱਤਿਆ। ਇਹ ਸ਼ਾਰਾਪੋਵਾ ’ਤੇ ਸੇਰੇਨਾ ਦੀ ਲਗਾਤਾਰ 19ਵੀਂ ਜਿੱਤ ਹੈ। ਇਨ੍ਹਾਂ ਦੋਵਾਂ ਖਿਡਾਰਨਾਂ ਵਿਚਾਲੇ ਹੁਣ ਤੱਕ ਜੋ 22 ਮੈਚ ਖੇਡੇ ਗਏ ਹਨ, ਉਨ੍ਹਾਂ ਵਿੱਚੋਂ 20 ਸੇਰੇਨਾ ਨੇ ਜਿੱਤੇ ਹਨ। ਸੇਰੇਨਾ ਨੇ ਮੈਚ ਮਗਰੋਂ ਕਿਹਾ, ‘‘ਮੈਂ ਜਦੋਂ ਵੀ ਉਸ ਖ਼ਿਲਾਫ਼ ਖੇਡਦੀ ਹਾਂ ਤਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੀ ਹਾਂ। ਜਦੋਂ ਤੁਸੀਂ ਉਸ ਖ਼ਿਲਾਫ਼ ਖੇਡਦੇ ਹੋ ਤਾਂ ਤੁਹਾਨੂੰ ਇਕਚਿਤ ਹੋ ਕੇ ਖੇਡਣਾ ਪੈਂਦਾ ਹੈ।’’
ਸ਼ਾਰਾਪੋਵਾ ਖ਼ਿਲਾਫ਼ ਪੰਜ ਐੱਸ ਅਤੇ 16 ਵਿਨਰ ਲਾਉਣ ਵਾਲੀ ਸੇਰੇਨਾ ਦਾ ਅਗਲਾ ਮੁਕਾਬਲਾ ਵਿਸ਼ਵ ਵਿੱਚ 121ਵੇਂ ਨੰਬਰ ਦੀ ਕੈਟੀ ਮੈਕਨੈਲੀ ਨਾਲ ਹੋਵੇਗਾ। ਫਰੈਂਚ ਓਪਨ ਚੈਂਪੀਅਨ ਐਸ਼ਲੇ ਬਾਰਟੀ ਅਤੇ ਤੀਜਾ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਵੀ ਸੰਘਰਸ਼ ਪੂਰਨ ਜਿੱਤਾਂ ਦਰਜ ਕਰਨ ਵਿੱਚ ਸਫਲ ਰਹੀਆਂ। ਆਸਟਰੇਲੀਆ ਦੀ ਦੂਜਾ ਦਰਜਾ ਪ੍ਰਾਪਤ ਬਾਰਟੀ ਨੇ ਬੇਹੱਦ ਖ਼ਰਾਬ ਸ਼ੁਰੂਆਤ ਤੋਂ ਉਭਰ ਕੇ ਕਜ਼ਾਖ਼ਸਤਾਨ ਦੀ 80ਵਾਂ ਦਰਜਾ ਪ੍ਰਾਪਤ ਜ਼ਰੀਨਾ ਡਿਆਸ ਨੂੰ 1-6, 6-3, 6-2 ਨਾਲ ਹਰਾਇਆ, ਜਦਕਿ ਚੈੱਕ ਗਣਰਾਜ ਦੀ ਪਲਿਸਕੋਵਾ ਨੇ ਹਮਵਤਨ ਟੇਰੇਜ਼ਾ ਮਾਰਟਿਨਕੋਵਾ ਨੂੰ 7-6 (9/6), 7-6 (7/3) ਨਾਲ ਹਰਾਇਆ।

Previous articleਸੁਪਰੀਮ ਕੋਰਟ ’ਚ ਧਾਰਾ 370 ਨਾਲ ਸਬੰਧਤ ਪਟੀਸ਼ਨਾਂ ’ਤੇ ਸੁਣਵਾਈ ਅੱਜ
Next articleਵਿਆਹੁਤਾ ਵੱਲੋਂ ਖੁ਼ਦਕੁਸ਼ੀ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਧਰਨਾ