ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਟੀਮ ਵਿੱਚ ਸ਼ਾਮਲ ਨਾ ਕਰਨ ’ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਸਾਰੇ ਫ਼ੈਸਲੇ ‘ਟੀਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ’ ਕੀਤੇ ਜਾਂਦੇ ਹਨ। ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ ਖੇਡੀ ਜਾ ਰਹੀ ਲੜੀ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਵੈਸਟ ਇੰਡੀਜ਼ ’ਤੇ 318 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਦੀ ਏਸ਼ੀਆ ਤੋਂ ਬਾਹਰ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਮੈਚ ਲਈ ਅਸ਼ਵਿਨ ਨੂੰ ਥਾਂ ਨਾ ਦੇਣ ’ਤੇ ਕਾਫ਼ੀ ਚਰਚਾ ਹੋਈ ਸੀ। ਸਾਬਕਾ ਮਹਾਨ ਖਿਡਾਰੀ ਸੁਨੀਲ ਗਾਵਸਕਰ ਨੇ ਇਸ ਨੂੰ ‘ਹੈਰਾਨ ਕਰਨ ਵਾਲਾ’ ਫ਼ੈਸਲਾ ਦੱਸਿਆ ਸੀ।
ਟੀਮ ਵਿੱਚ ਥਾਂ ਬਣਾਉਣ ਵਾਲੇ ਇਕਲੌਤੇ ਸਪਿੰਨਰ ਰਵਿੰਦਰ ਜਡੇਜਾ ਨੇ ਆਪਣੀ ਕਾਬਲੀਅਤ ਸਾਬਤ ਕੀਤੀ। ਉਸ ਨੇ ਪਹਿਲੀ ਪਾਰੀ ਵਿੱਚ ਨੀਮ ਸੈਂਕੜਾ ਮਾਰਨ ਮਗਰੋਂ ਦੋ ਵਿਕਟਾਂ ਵੀ ਲਈਆਂ। ਕੋਹਲੀ ਨੇ ਮੈਚ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸਾਰੇ ਵਿਚਾਰ-ਚਰਚਾ ਕਰਕੇ ਤੈਅ ਕਰਦੇ ਹਾਂ ਕਿ ਟੀਮ ਲਈ ਸਰਵੋਤਮ ਕੀ ਹੋਵੇਗਾ। ਟੀਮ ਬਾਰੇ ਹਮੇਸ਼ਾ ਚਰਚਾ ਹੋ ਸਕਦੀ ਹੈ, ਪਰ ਲੋਕਾਂ ਨੂੰ ਪਤਾ ਹੈ ਕਿ ਇਹ ਟੀਮ ਦੇ ਹਿੱਤ ਵਿੱਚ ਹੈ।’’
ਰੋਹਿਤ ਸ਼ਰਮਾ ਦੀ ਥਾਂ ਨੌਜਵਾਨ ਹਨੁਮਾ ਵਿਹਾਰੀ ਨੂੰ ਟੀਮ ਵਿੱਚ ਲੈਣ ਸਬੰਧੀ ਕਪਤਾਨ ਦਾ ਫ਼ੈਸਲਾ ਵੀ ਸਹੀ ਰਿਹਾ। ਆਂਧਰਾ ਦੇ ਇਸ ਬੱਲੇਬਾਜ਼ ਨੇ ਪਹਿਲੀ ਅਤੇ ਦੂਜੀ ਪਾਰੀ ਵਿੱਚ ਕ੍ਰਮਵਾਰ 32 ਦੌੜਾਂ ਅਤੇ 93 ਦੌੜਾਂ ਬਣਾਈਆਂ। ਕੋਹਲੀ ਨੇ ਕਿਹਾ, ‘‘ਵਿਹਾਰੀ ਨੂੰ ਇਸ ਲਈ ਥਾਂ ਮਿਲੀ ਕਿਉਂਕਿ ਇਹ ਟੀਮ ਦੇ ਸੰਤੁਲਨ ਲਈ ਜ਼ਰੂਰੀ ਸੀ। ਕਈ ਵਾਰ ਓਵਰ ਰੇਟ ਪੂਰਾ ਕਰਨ ਲਈ ਕੰਮ ਚਲਾਊ ਗੇਂਦਬਾਜ਼ ਦੀ ਲੋੜ ਹੁੰਦੀ ਹੈ।’’ ਇੱਕ ਰੋਜ਼ਾ ਕ੍ਰਿਕਟ ਵਾਂਗ ਟੈਸਟ ਵਿੱਚ ਜਸਪ੍ਰੀਤ ਬੁਮਰਾਹ ਨੇ ਆਪਣੀ ਲੈਅ ਜਾਰੀ ਰੱਖੀ, ਜਿਸ ਦੇ ਲਈ ਕਪਤਾਨ ਨੇ ਉਸ ਦੀ ਪ੍ਰਸ਼ੰਸਾ ਕੀਤੀ। ਕੋਹਲੀ ਨੇ ਕਿਹਾ, ‘‘ਜਦੋਂ ਤੱਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਲ ਰਹੀ ਹੈ, ਉਦੋਂ ਤੱਕ ਬੁਮਰਾਹ ਸਾਡੇ ਮੁੱਖ ਖਿਡਾਰੀਆਂ ਵਿੱਚੋਂ ਇੱਕ ਹੋਵੇਗਾ।’’ ਕੋਹਲੀ ਨੇ ਕਿਹਾ, ‘‘(ਮੁਹੰਮਦ) ਸ਼ਮੀ ਅਤੇ ਇਸ਼ਾਂਤ (ਸ਼ਰਮਾ) ’ਤੇ ਹਮੇਸ਼ਾ ਭਰੋਸਾ ਕੀਤਾ ਜਾ ਸਕਦਾ ਹੈ। ਉਮੇਸ਼ (ਯਾਦਵ) ਵੀ ਟੀਮ ਦੇ ਨਾਲ ਹੈ ਅਤੇ ਨਵਦੀਪ (ਸੈਣੀ) ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’’ ਭਾਰਤੀ ਕਪਤਾਨ ਨੇ 80 ਅਤੇ 102 ਦੌੜਾਂ ਦੀ ਪਾਰੀ ਖੇਡ ਕੇ ‘ਮੈਨ ਆਫ ਦਿ ਮੈਚ’ ਰਹੇ ਅਜਿੰਕਿਆ ਰਹਾਣੇ ਦੀ ਵੀ ਪ੍ਰਸ਼ੰਸਾ ਕੀਤੀ। ਕੋਹਲੀ ਨੇ ਉਮੀਦ ਪ੍ਰਗਟਾਈ ਕਿ ਟੀਮ ਜਮੈਕਾ ਵਿੱਚ ਖੇਡੇ ਜਾਣ ਵਾਲੇ ਦੂਜੇ ਟੈਸਟ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰੇਗੀ।
Sports ‘ਖਿਡਾਰੀਆਂ ਦੀ ਚੋਣ ਮੌਕੇ ਟੀਮ ਹਿੱਤ ਸਭ ਤੋਂ ਉਪਰ’