ਸਲੀਮ ਨੇ ਦਿੱਤੀ ਭਾਰਤ ਵੱਲੋਂ ਚੁਣੌਤੀ

ਭਾਰਤੀ ਸ਼ਟਲਰ ਮੁਹੰਮਦ ਸਲੀਮ ਨੇ ਪੋਲੈਂਡ ਦੇ ਕੈਟੋਵਾਈਸ ਵਿੱਚ ਹੋਈ ਵਿਸ਼ਵ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਜਮਾਲਪੁਰਾ (ਮਾਲੇਰਕੋਟਲਾ) ਦੇ ਸਾਧਾਰਨ ਪਰਿਵਾਰ ਨਾਲ ਸਬੰਧਿਤ ਅਤੇ ਬਿਜਲੀ ਮੁਲਾਜ਼ਮ ਸਲੀਮ ਨੇ ਸਿੰਗਲਜ਼ (40 ਤੋਂ ਵੱਧ ਉਮਰ ਵਰਗ) ਵਰਗ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟਰੀਆ ਦੇ ਖਿਡਾਰੀ ਖ਼ਿਲਾਫ਼ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਸਲੀਮ ਨੇ ਦੂਜੇ ਮੈਚ ਵਿੱਚ ਸਵਿਟਜ਼ਰਲੈਂਡ ਦੇ ਖਿਡਾਰੀ ਨੂੰ ਪਛਾੜ ਕੇ ਪ੍ਰੀ-ਕੁਆਰਟਰਜ਼ ਵਿੱਚ ਥਾਂ ਬਣਾਈ, ਜਿੱਥੇ ਉਹ ਸਵੀਡਨ ਦੇ ਆਲਮੀ ਦਰਜਾਬੰਦੀ ’ਚ ਤੀਜੇ ਨੰਬਰ ਦੇ ਖਿਡਾਰੀ ਤੋਂ ਹਾਰ ਗਿਆ। ਮੁਹੰਮਦ ਸਲੀਮ ਨੂੰ ਵਿਸ਼ਵ ਦਰਜਾਬੰਦੀ ਵਿੱਚ 16ਵਾਂ ਸਥਾਨ ਮਿਲਿਆ। ਸਲੀਮ ਨੇ ਉਭਰਦੇ ਖਿਡਾਰੀਆਂ ਨੂੰ ਕਿਹਾ ਕਿ ਉਹ ਆਪਣੇ ਖੇਡ ਹੁਨਰ ਦੇ ਦਮ ’ਤੇ ਕਿਸੇ ਵੀ ਟੀਚੇ ਨੂੰ ਹਾਸਲ ਕਰ ਸਕਦੇ ਹਨ। ਸਲੀਮ ਦੀ ਇਸ ਸ਼ਾਨਮੱਤੀ ਪ੍ਰਾਪਤੀ ’ਤੇ ਉਨ੍ਹਾਂ ਦੀ ਉਸਤਾਦ ਮੈਡਮ ਸ਼ਕੂਰਾਂ ਬੇਗ਼ਮ (ਬੈਡਮਿੰਟਨ ਕੋਚ), ਬਿਜਲੀ ਬੋਰਡ ਮਾਲੇਰਕੋਟਲਾ ਦੇ ਸਮੂਹ ਸਟਾਫ, ਪ੍ਰਿੰਸੀਪਲ ਮੁਹੰਮਦ ਖਲੀਲ, ਕੌਮੀ ਫੁਟਬਾਲ ਖਿਡਾਰੀ ਮੁਹੰਮਦ ਰਫੀਕ, ਨਵਲ ਚੌਧਰੀ, ਰਾਜਨ ਚੋਪੜਾ, ਗੁਲਜ਼ਾਰ ਸ਼ਾਹ, ਮੁਹੰਮਦ ਅਸ਼ਰਫ, ਮੁਹੰਮਦ ਸ਼ਰੀਫ਼, ਰਾਮ ਲਖਨ ਜਲੰਧਰ, ਲਖਵਿੰਦਰ ਸਿੰਘ ਲੁਧਿਆਣਾ ਅਤੇ ਨਵਦੀਪ ਸਿੰਘ ਪਟਿਆਲਾ ਨੇ ਸਲੀਮ ਨੂੰ ਮੁਬਾਰਕਬਾਦ ਦਿਤੀ। ਖੇਡਾਂ ਦੇ ਸਮਾਨ ਦੀ ਨਾਮਵਰ ਕੰਪਨੀ ਕਾਰਲਟੋਨ ਵੱਲੋਂ ਮੁਹੰਮਦ ਸਲੀਮ ਨੂੰ ਸਪੋਰਟਸ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਖੇਡ ਕਲੱਬਾਂ ਨੇ ਵੀ ਉਸ ਦਾ ਸਨਮਾਨ ਕੀਤਾ।

Previous article‘ਖਿਡਾਰੀਆਂ ਦੀ ਚੋਣ ਮੌਕੇ ਟੀਮ ਹਿੱਤ ਸਭ ਤੋਂ ਉਪਰ’
Next articleਆਲੋਚਕਾਂ ਨੂੰ ਜਵਾਬ ਹੈ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ: ਸਿੰਧੂ