ਫਾਜ਼ਿਲਕਾ ਡਿਸਟ੍ਰੀਬਿਊਟਰੀ ਨਹਿਰ ’ਚ 50 ਫੁੱਟ ਪਾੜ ਪਿਆ, 600 ਏਕੜ ਝੋਨੇ ਦੀ ਫਸਲ ਡੁੱਬੀ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਓਝਾਂ ਵਾਲੀ ਦੇ ਨੇੜੇ ਫਾਜ਼ਿਲਕਾ ਡਿਸਟ੍ਰੀਬਿਊਟਰੀ ਨਹਿਰ ’ਚ 50 ਫੁੱਟ ਚੌੜਾ ਪਾੜ ਪੈਣ ਕਾਰਨ ਲਗਭਗ 600 ਏਕੜ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ। ਇਹ ਪਾਣੀ ਪਿੰਡ ਦੇ ਲਗਭਗ ਦੋ ਦਰਜਨ ਘਰਾਂ ‘ਚ ਵੜ੍ਹ ਗਿਆ । ਓਮ ਪ੍ਰਕਾਸ਼, ਕੁਲਦੀਪ ਸਿੰਘ, ਜਸਵੀਰ ਸਿੰਘ, ਗੁਰਚਰਨ ਸਿੰਘ, ਗੁਰਮੀਤ ਸਿੰਘ ਵਾਸੀ ਪਿੰਡ ਓਝਾਂ ਵਾਲੀ ਨੇ ਦੱਸਿਆ ਕਿ ਨਹਿਰ ’ਚ ਪਿਛੋਂ ਪਾਣੀ ਵੱਧ ਛੱਡਿਆ ਗਿਆ ਸੀ ਅਤੇ ਅੱਗੇ ਪਿੰਡ ਜੋੜਕੀ ਕੰਕਰਵਾਲੀ ਦਾ ਪੁੱਲ ਘੱਟ ਚੌੜਾ ਹੋਣ ਕਾਰਨ ਨਹਿਰ ’ਚ ਦਬਾਅ ਕਾਫ਼ੀ ਵੱਧ ਗਿਆ ਅਤੇ ਦੂਸਰੇ ਪਾਸੇ ਪੁਲ ’ਚ ਕਲਾਲ ਬੂਟੀ ਵੀ ਕਾਫ਼ੀ ਆ ਰਹੀ ਹੈ। ਬੂਟੀ ਦੇ ਚਲਦੇ ਹੀ ਨਹਿਰ ਟੁੱਟ ਗਈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਹਿਰ ਟੁੱਟਣ ਸਬੰਧੀ ਸਵੇਰੇ ਪਤਾ ਲੱਗਿਆ। ਢਾਣੀ ’ਤੇ ਵਸੇ ਕਿਸਾਨਾਂ ਦੇ ਘਰਾਂ ’ਚ ਵੀ 2-2 ਫੁੱਟ ਪਾਣੀ ਭਰ ਗਿਆ। ਉੁਨ੍ਹਾਂ ਦੱਸਿਆ ਕਿ ਨਹਿਰ ਟੁੱਟਣ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ’ਤੇ ਤੁਰੰਤ ਸੁਚਿਤ ਕੀਤਾ ਗਿਆ ਪਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ । ਨਹਿਰੀ ਵਿਭਾਗ ਦਾ ਕਹਿਣਾ ਹੈ ਕਿ ਨਾਜਾਇਜ਼ ਮੋਘੇ ਹੋਣ ਕਾਰਨ ਇਹ ਨਹਿਰ ਟੁੱਟੀ ਹੈ। ਨਹਿਰ ਟੁੱਟਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀ ਵਿਪੁਲ ਸਚਦੇਵਾ ਨੇ ਦੱਸਿਆ ਕਿ ਪਿੰਡ ਜੋੜਕੀ ਕੰਕਰ ਵਾਲੀ ਦੇ ਪੁੱਲ ‘ਚ ਵੱਡੀ ਮਾਤਰਾ ‘ਚ ਕਲਾਲ ਬੂਟੀ ਆ ਗਈ ਸੀ, ਜਿਸ ਦੇ ਚਲਦੇ ਨਹਿਰ ਟੁੱਟ ਗਈ। ਉਨ੍ਹਾਂ ਦੱਸਿਆ ਕਿ ਦੂਸਰੇ ਪਾਸੇ ਜਿਸ ਸਥਾਨ ਤੋਂ ਨਹਿਰ ਟੁੱਟੀ ਹੈ ਉਸ ਥਾਂ ‘ਤੇ ਪਾਈਪਾਂ ਦੇ ਨਿਸ਼ਾਨ ਸਾਫ਼ ਵੇਖੇ ਜਾ ਸਕਦੇ ਹਨ, ਕਿਉਂਕਿ ਨਹਿਰ ਦੀਆਂ ਸਾਈਡਾਂ ਕਮਜ਼ੋਰ ਸਨ ਅਤੇ ਹੌਲੀ ਹੌਲੀ ਇਕ ਥਾਂ ਤੋਂ ਮਿੱਟੀ ਧਸਣ ਨਾਲ ਨਹਿਰ ਟੁੱਟ ਗਈ । ਨਹਿਰੀ ਵਿਭਾਗ ਦੇ ਐਸਡੀਓ ਪਵਨ ਬਿਸ਼ਨੋਈ ਨੇ ਕਿਹਾ ਕਿ ਵਿਭਾਗ ਵੱਲੋਂ ਪਾਣੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Previous articleਸੜਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਤਿੰਨ ਹਲਾਕ
Next articleਬੇਅਦਬੀ ਕਾਂਡ: ਕਲੋਜ਼ਰ ਰਿਪੋਰਟ ਦਾ ਪੁਲੀਸ ਜਾਂਚ ’ਤੇ ਕੋਈ ਅਸਰ ਨਹੀਂ ਪੈਣਾ: ਕੁੰਵਰ ਵਿਜੈ