ਸੜਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਤਿੰਨ ਹਲਾਕ

ਨੈਸ਼ਨਲ ਹਾਈਵੇਅ ’ਤੇ ਫੋਕਲ ਪੁਆਇੰਟ ਨੇੜੇ ਇਕ ਤੇਜ਼ ਰਫਤਾਰ ਕਾਰ ਦੇ ਸਾਹਮਣੇ ਲਾਵਾਰਸ ਪਸ਼ੂ ਆਉਣ ਨਾਲ ਵਾਪਰੇ ਹਾਦਸੇ ’ਚ ਪਤੀ-ਪਤਨੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗਗਨਦੀਪ ਸਿੰਘ (33), ਗੁਰਕਿਰਨਦੀਪ ਕੌਰ (31) ਅਤੇ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ ਵਾਸੀ ਨਾਨਕ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੰਘੀ ਰਾਤ ਲੁਧਿਆਣੇ ਤੋਂ ਇਹ ਪਰਿਵਾਰ ਆਪਣੇ ਜੱਦੀ ਪਿੰਡ ਬਿਧੀਪੁਰ ਜਾ ਰਿਹਾ ਸੀ। ਫੋਕਲ ਪੁਆਇੰਟ ਨੇੜੇ ਅਚਾਨਕ ਲਾਵਾਰਸ ਪਸ਼ੂ ਕਾਰ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦਿਆਂ ਕਾਰ ਬੇਕਾਬੂ ਹੋ ਕੇ ਸਟਰੀਟ ਲਾਈਟ ਦੇ ਖੰਭੇ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਗਗਨਦੀਪ ਸਿੰਘ ਤੇ ਉਸ ਦੀ ਪਤਨੀ ਗੁਰਕਿਰਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਮਾਤਾ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਫੋਕਲ ਪੁਆਇੰਟ ਚੌਕੀ ਦੇ ਏਐੱਸਆਈ ਪਰਮਜੀਤ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਗਗਨਦੀਪ ਸਿੰਘ ਪੌਲੀਟੈਕਨਿਕ ਕਾਲਜ ਖਰੜ, ਜ਼ਿਲ੍ਹਾ ਐੱਸਏਐੱਸ ਨਗਰ ਮੁਹਾਲੀ ਵਿੱਚ ਸਰਕਾਰੀ ਲੈਕਚਰਾਰ ਸੀ ਤੇ ਉਸ ਦੀ ਪਤਨੀ ਗੁਰਕਿਰਨਦੀਪ ਕੌਰ ਸਰਕਾਰੀ ਵਿਭਾਗ ਵਿੱਚ ਇੰਜਨੀਅਰ ਵਜੋਂ ਕੰਮ ਕਰਦੀ ਸੀ। ਦੋਵਾਂ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਹੋਇਆ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਕੌਰ ਦੀ ਇੱਛਾ ਸੀ ਕਿ ਵਿਆਹ ਤੋਂ ਬਾਅਦ ਨੂੰਹ-ਪੁੱਤ ਉਨ੍ਹਾਂ ਦੇ ਜੱਦੀ ਪਿੰਡ ਜ਼ਰੂਰ ਜਾਣ ਤੇ ਇਸੇ ਲਈ ਉਹ ਆਪਣੇ ਪਿੰਡ ਨੂੰ ਆ ਰਹੇ ਸਨ ਕਿ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ।

Previous articleਕਰਨਾਟਕ: ਭਰੋਸੇ ਦੇ ਮੱਤ ’ਤੇ ਬਹਿਸ ਮੁਲਤਵੀ
Next articleਫਾਜ਼ਿਲਕਾ ਡਿਸਟ੍ਰੀਬਿਊਟਰੀ ਨਹਿਰ ’ਚ 50 ਫੁੱਟ ਪਾੜ ਪਿਆ, 600 ਏਕੜ ਝੋਨੇ ਦੀ ਫਸਲ ਡੁੱਬੀ