ਬੇਅਦਬੀ ਕਾਂਡ: ਕਲੋਜ਼ਰ ਰਿਪੋਰਟ ਦਾ ਪੁਲੀਸ ਜਾਂਚ ’ਤੇ ਕੋਈ ਅਸਰ ਨਹੀਂ ਪੈਣਾ: ਕੁੰਵਰ ਵਿਜੈ

ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸੀਬੀਆਈ ਵੱਲੋਂ ਕਰੀਬ ਸਾਢੇ ਤਿੰਨ ਸਾਲ ਵੱਖ ਵੱਖ ਪਹਿਲੂਆਂ ’ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਪਿਛਲੇ ਦਿਨੀਂ ਅਚਾਨਕ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਕੇਸ ਖ਼ਤਮ ਕਰਨ ਲਈ ਦਾਇਰ ਕੀਤੀ ਕਲੋਜ਼ਰ ਰਿਪੋਰਟ ਦਾ ਪੰਜਾਬ ਪੁਲੀਸ ਦੀ ਜਾਂਚ ’ਤੇ ਕੋਈ ਅਸਰ ਨਹੀਂ ਪਵੇਗਾ। ਇਹ ਗੱਲ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸੀਨੀਅਰ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਸੀਬੀਬੀਆਈ ਦੀ ਕਲੋਜ਼ਰ ਰਿਪੋਰਟ ਨਾਲ ਪੁਲੀਸ ਦੀ ਜ਼ਿੰਮੇਵਾਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 27 ਮਈ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ‘ਸਿਟ’ ਵੱਲੋਂ ਫਰੀਦਕੋਟ ਅਦਾਲਤ ਵਿੱਚ ਮੁਲਜ਼ਮਾਂ ਖ਼ਿਲਾਫ਼ ਮੁੱਖ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਇਸ ਅਹਿਮ ਦਸਤਾਵੇਜ਼ ਵਿੱਚ ਘਟਨਾਕ੍ਰਮ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਇਸ ਕਾਰਵਾਈ ਨਾਲ ਪੰਜਾਬ ਪੁਲੀਸ ਦੀ ਚਾਰਜਸ਼ੀਟ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਿਟ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਪੁਲੀਸ ਆਪਣੀ ਜਾਂਚ ਨੂੰ ਹੋਰ ਤੇਜ਼ ਕਰੇਗੀ।
ਉਧਰ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਕ ਚੈਨਲ ਨਾਲ ਟਿੰਟਰਵਿਊ ਦੌਰਾਨ ਕਿਹਾ ਕਿ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੀ ਮੌਤ ਨਾਲ ਸਿਟ ਦੀ ਕਾਰਵਾਈ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਕਰੀਬ ਸਾਢੇ ਤਿੰਨ ਸਾਲ ਜਾਂਚ ਕੀਤੀ ਹੈ। ਜੇਕਰ ਸੀਬੀਆਈ ਦੀ ਜਾਂਚ ਕਿਸੇ ਕੰਢੇ ਲੱਗ ਜਾਂਦੀ ਤਾਂ ਪੁਲੀਸ ਨੂੰ ਤਫਤੀਸ਼ ਵਿੱਚ ਇਸ ਦਾ ਕਾਫੀ ਫਾਇਦਾ ਹੋਣਾ ਸੀ।
ਅਧਿਕਾਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦੇਣ ਨਾਲ ਬੇਅਦਬੀ ਮਾਮਲੇ ਦੀ ਜਾਂਚ ਦਾ ਕੰਮ ਬੰਦ ਨਹੀਂ ਹੋਇਆ ਸੀ ਪ੍ਰੰਤੂ ਪੁਲੀਸ ਦੀ ਜਾਂਚ ਕੁਝ ਹੱਦ ਤੱਕ ਠੰਢੀ ਜ਼ਰੂਰ ਪੈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦਾ ਕੁਝ ਹਿੱਸਾ ਹਾਲੇ ਤੱਕ ਅਣਛੂਹਿਆ ਰਹਿ ਗਿਆ ਹੈ। ਇਨ੍ਹਾਂ ਪਹਿਲੂਆਂ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਇਕ ਹੋਰ ਸਪਲੀਮੈਂਟ ਚਲਾਨ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੀ ਦੋ ਅਪਰੈਲ ਨੂੰ ਡੇਰਾਮੁਖੀ ਤੋਂ ਪੁੱਛਗਿੱਛ ਕੀਤੀ ਜਾਣੀ ਸੀ ਪ੍ਰੰਤੂ ਲੋਕ ਸਭਾ ਚੋਣਾਂ ਅਤੇ ਜੇਲ੍ਹ ਅਧਿਕਾਰੀਆਂ ਕਾਰਨ ਇਹ ਗੱਲ ਸਿਰੇ ਨਹੀਂ ਚੜ੍ਹੀ। ਇਸ ਸਬੰਧੀ ਲੋੜ ਪੈਣ ’ਤੇ ਦੁਬਾਰਾ ਯਤਨ ਕੀਤੇ ਜਾਣਗੇ।

Previous articleਫਾਜ਼ਿਲਕਾ ਡਿਸਟ੍ਰੀਬਿਊਟਰੀ ਨਹਿਰ ’ਚ 50 ਫੁੱਟ ਪਾੜ ਪਿਆ, 600 ਏਕੜ ਝੋਨੇ ਦੀ ਫਸਲ ਡੁੱਬੀ
Next articleਬੱਚਿਆਂ ਨਾਲ ਜਿਨਸੀ ਅਪਰਾਧਾਂ ਵਿੱਚ ਮੌਤ ਦੀ ਸਜ਼ਾ ਬਾਰੇ ਬਿੱਲ ਰਾਜ ਸਭਾ ਵਿੱਚ ਪੇਸ਼