ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼
ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਭਾਰਤ ਸ਼ਨਿੱਚਰਵਾਰ ਨੂੰ ਇੱਥੇ ਮਹਿਲਾ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਹੇਠਲੀ ਰੈਂਕਿੰਗ ਦੀ ਟੀਮ ਚਿੱਲੀ ਖ਼ਿਲਾਫ਼ ਟੋਕੀਓ ਓਲੰਪਿਕ ਕੁਆਲੀਫਾਇਰ ਵਿੱਚ ਥਾਂ ਸੁਰੱਖਿਅਤ ਕਰਨ ਲਈ ਉਤਰੇਗਾ। ਨੌਵੀਂ ਰੈਂਕਿੰਗ ਵਾਲੀ ਭਾਰਤੀ ਟੀਮ ਹਾਲੇ ਤੱਕ ਟੂਰਨਾਮੈਂਟ ਵਿੱਚ ਕੋਈ ਮੈਚ ਨਹੀਂ ਹਾਰੀ। ਉਸ ਨੇ ਯੁਰੂਗੁਏ (4-1), ਪੋਲੈਂਡ (5-0) ਅਤੇ ਫਿਜੀ (11-0) ’ਤੇ ਆਸਾਨ ਜਿੱਤ ਦਰਜ ਕੀਤੀ। ਭਾਰਤ ਦੀ ਮੌਜੂਦਾ ਲੈਅ ਅਤੇ ਵਿਸ਼ਵ ਰੈਂਕਿੰਗ ਨੂੰ ਵੇਖਦਿਆਂ ਉਸ ਨੂੰ ਵਿਸ਼ਵ ਕੱਪ ਵਿੱਚ 16ਵੇਂ ਨੰਬਰ ਦੀ ਟੀਮ (ਚਿੱਲੀ) ’ਤੇ ਜਿੱਤ ਦਰਜ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਭਾਰਤ ਟੋਕੀਓ ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ਵਿੱਚ ਥਾਂ ਸੁਰੱਖਿਅਤ ਕਰਨ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਇਸ ਟੂਰਨਾਮੈਂਟ ਤੋਂ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਕੁਆਲੀਫਾਇਰ ਵਿੱਚ ਥਾਂ ਬਣਾਉਣਗੀਆਂ, ਜੋ ਇਸ ਸਾਲ ਦੇ ਅਖ਼ੀਰ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਸਾਰੇ ਮੈਚਾਂ ਵਿੱਚ ਗੋਲ ਕਰਨ ਦੇ ਸ਼ਾਨਦਾਰ ਚੰਗੇ ਮਿਲੇ, ਪਰ ਆਖ਼ਰੀ ਪਲਾਂ ਵਿੱਚ ਖੁੰਝਣ ਕਾਰਨ ਉਹ ਵੱਡੇ ਫ਼ਰਕ ਨਾਲ ਜਿੱਤ ਦਰਜ ਨਹੀਂ ਕਰ ਸਕੀ। ਭਾਰਤ ਨੇ ਪਿਛਲੇ ਮੈਚ ਵਿੱਚ ਫਿਜੀ ਨੂੰ 11-0 ਗੋਲਾਂ ਨਾਲ ਹਰਾਇਆ ਸੀ, ਜਿਸ ਵਿੱਚ ਗੁਰਜੀਤ ਕੌਰ ਨੇ ਚਾਰ ਗੋਲ ਕੀਤੇ ਸਨ। ਭਾਰਤੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਉਹ ਇਸ ਟੀਮ ਨੂੰ ਹਲਕਾ ਸਮਝਣ ਦੀ ਗ਼ਲਤੀ ਨਹੀਂ ਕਰਨਗੇ। ਦੂਜੇ ਪਾਸੇ, ਚਿੱਲੀ ਪੂਲ ਮੈਚ ਵਿੱਚ ਮੈਕਸਿਕੋ (7-0), ਮੇਜ਼ਬਾਨ ਜਾਪਾਨ (3-1) ਅਤੇ ਦੁਨੀਆਂ ਦੀ 25ਵੇਂ ਨੰਬਰ ਦੀ ਟੀਮ ਰੂਸ ਨੂੰ (2-5) ਹਰਾ ਦੂਜੇ ਸਥਾਨ ’ਤੇ ਰਹੀ ਸੀ। ਉਸ ਨੇ ਕਰਾਸ ਓਵਰ ਵਿੱਚ ਯੁਰੂਗੁਏ ’ਤੇ 5-2 ਨਾਲ ਜਿੱਤ ਦਰਜ ਕਰਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ ਹੈ। ਇੱਕ ਹੋਰ ਸੈਮੀ-ਫਾਈਨਲ ਵਿੱਚ ਰੂਸ ਦਾ ਸਾਹਮਣਾ ਵਿਸ਼ਵ ਕੱਪ ਵਿੱਚ 14ਵੇਂ ਨੰਬਰ ਦੀ ਟੀਮ ਜਾਪਾਨ ਨਾਲ ਹੋਵੇਗਾ।