ਧਾਰੀਵਾਲ ਜ਼ਿਮਨੀ ਚੋਣ: ਨਤੀਜਾ ਮੌਕੇ ’ਤੇ ਨਾ ਐਲਾਨਣ ’ਤੇ ਰੋਸ ਪ੍ਰਦਰਸ਼ਨ

ਸ਼ਹਿਰ ਧਾਰੀਵਾਲ ਦੇ ਵਾਰਡ ਨੰਬਰ 2 ਦੀ ਜ਼ਿਮਨੀ ਚੋਣ ਦੇ ਨਤੀਜੇ ਸਮੇਂ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਪੋਲਿੰਗ ਪਾਰਟੀ ਵਲੋਂ ਮੌਕੇ ’ਤੇ ਨਤੀਜਾ ਐਲਾਨੇ ਬਿਨ੍ਹਾ ਹੀ ਈ ਵੀ ਐਮ ਮਸ਼ੀਨ ਅਤੇ ਉਮੀਦਵਾਰਾਂ ਨੂੰ ਚੋਣ ਰਿਟਰਨਿੰਗ ਅਫਸਰ ਗੁਰਦਾਸਪੁਰ ਅਰਵਿੰਦਰ ਪਾਲ ਸਿੰਘ ਦੇ ਦਫਤਰ ਲੈ ਗਏ। ਸ਼ਹਿਰ ਧਾਰੀਵਾਲ ਦੇ ਵਾਰਡ ਨੰਬਰ 2 ਦੀ ਭਾਜਪਾ ਕੌਂਸਲਰ ਸਰੋਜ ਰਾਣੀ ਦੇ ਦੇਹਾਂਤ ਹੋ ਜਾਣ ਤੋਂ ਬਾਅਦ ਲਗਪਗ 15 ਮਹੀਨਿਆਂ ਮਗਰੋਂ ਮੁੜ ਅੱਜ ਇਸ ਵਾਰਡ ਦੀ ਜ਼ਿਮਨੀ ਚੋਣ ਬੂਥ ਨੰਬਰ 33 ਸਥਾਨਕ ਡੀ ਏ ਵੀ ਸਕੂਲ ਧਾਰੀਵਾਲ ਵਿਚ ਹੋ ਰਹੀ ਸੀ। ਇਸ ਚੋਣ ਵਿੱਚ ਭਾਜਪਾ ਉਮੀਦਵਾਰ ਗੌਰੀ ਬਲੱਗਣ ਅਤੇ ਕਾਂਗਰਸ ਉਮੀਦਵਾਰ ਪ੍ਰਵੀਨ ਮਲਹੋਤਰਾ ਅਤੇ ਆਜ਼ਾਦ ਉਮੀਦਵਾਰ ਪੂਨਮ ਚੋਣ ਮੈਦਾਨ ਵਿੱਚ ਸਨ। ਚੋਣ ਦੌਰਾਨ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਦੁਪਿਹਰੇ ਬੂਥ ’ਤੇ ਪਹੁੰਚ ਜਾਇਜ਼ਾ ਲਿਆ ਅਤੇ ਉਥੇ ਲਗਪਗ 15 ਮਿੰਟ ਰਹੇ। ਜਿਸ ਦਾ ਅਕਾਲੀ ਭਾਜਪਾ ਉਮੀਦਵਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ। ਵਿਧਾਇਕ ਬਾਜਵਾ ਦੇ 2:45 ਵਜੇ ਬੂਥ ਤੋਂ ਚਲੇ ਜਾਣ ਮਗਰੋਂ 3:05 ਵਜੇ ਤੱਕ ਪੋਲਿੰਗ ਬੰਦ ਰੱਖੀ ਗਈ। ਪੁਲੀਸ ਅਤੇ ਅਕਾਲੀ ਭਾਜਪਾ ਵਰਕਰਾਂ ਦਰਮਿਆਨ ਤਕਰਾਰਬਾਜ਼ੀ ਹੋਈ। ਅਕਾਲੀ ਭਾਜਪਾ ਵਰਕਰਾਂ ਅਤੇ ਆਗੂਆਂ ਵਲੋਂ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਅਤੇ ਉਨ੍ਹਾਂ ਨੂੰ ਖਦੇੜਣ ਲਈ ਪੁਲੀਸ ਵਲੋਂ ਹਲਕਾ ਲਾਠੀਚਾਰਜ ਕੀਤਾ ਗਿਆ। ਇਸ ਉਪਰੰਤ ਅਕਾਲੀ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਜਥੇਬੰਥਕ ਸਕੱਤਰ ਗੁਰਇਕਬਾਲ ਸਿੰਘ ਮਾਹਲ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਕਿਸਾਨਵਿੰਗ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਜਥੇ.ਰਤਨ ਸਿੰਘ ਜਫਰਵਾਲ, ਜਥੇ.ਗੁਰਿੰਦਰਪਾਲ ਸਿੰਘ ਗੋਰਾ, ਭਾਜਪਾ ਆਗੂ ਗੁਲੂ ਮਲਹੋਤਰਾ ਦੀ ਅਗਵਾਈ ਹੇਠ ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਉਪਰ ਡਡਵਾਂ ਚੌਂਕ ਵਿੱਚ ਰੋਸ ਧਰਨਾ ਲਾ ਕੇ ਇਨਸਾਫ ਦੀ ਮੰਗ ਕੀਤੀ। ਇਸ ਧੱਕੇਸ਼ਾਹੀ ਦੇ ਰੋਸ ਵਜੋਂ 22 ਜੂਨ ਨੂੰ ਸ਼ਹਿਰ ਧਾਰੀਵਾਲ ਦਾ ਬਜ਼ਾਰ ਬੰਦ ਰੱਖਣ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ।

Previous articleਚੰਡੀਗੜ੍ਹੀਆਂ ਨੇ ਸੈਕਟਰ-17 ਦੇ ਪਲਾਜ਼ਾ ’ਤੇ ਯੋਗ ਆਸਣ ਕੀਤੇ
Next articleਭਾਰਤ ਦਾ ਚਿੱਲੀ ਖ਼ਿਲਾਫ਼ ਸੈਮੀ-ਫਾਈਨਲ ਅੱਜ