‘ਦੀਦੀ ਨੇ ਮੈਨੂੰ ਪ੍ਰਧਾਨ ਮੰਤਰੀ ਨਾ ਮੰਨ ਕੇ ਸੰਵਿਧਾਨ ਦਾ ਨਿਰਾਦਰ ਕੀਤਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਨਾ ਕਰਕੇ ਸੰਵਿਧਾਨ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਮਹਾਮਿਲਾਵਟੀਆਂ’ ਨੇ ਦੇਸ਼ ਦੀ ਸੁਰੱਖਿਆ ਜੋਖ਼ਮ ਵਿੱਚ ਪਾ ਦੇਣਗੇ ਤੇ ‘ਖਿਚੜੀ’ ਸਰਕਾਰ ਬਣਨ ਨਾਲ ਦੇਸ਼ ਵਿੱਚ ਅਸਥਿਰਤਾ ਤੇ ਅਰਾਜਕਤਾ ਫੈਲੇਗੀ।
ਇਥੇ ਬੰਕੁਰਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਦੀਦੀ (ਬੈਨਰਜੀ) ਅਕਸਰ ਜਨਤਕ ਤੌਰ ’ਤੇ ਇਹ ਆਖਦੀ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਾਸ਼ਟਰ ਦੇ ਮੁਖੀ ਵਜੋਂ ਸਵੀਕਾਰ ਨਹੀਂ ਕਰਦੀ, ਪਰ ਉਹ ਪਾਕਿਸਤਾਨ ਦੇ ਪੀਐਮ ਨੂੰ ਉਸ ਮੁਲਕ ਦਾ ਪ੍ਰਧਾਨ ਮੰਤਰੀ ਤਸਦੀਕ ਕਰਨ ਵਿੱਚ ਮਾਣ ਮਹਿਸੂਸ ਕਰਦੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਚੋੋਣਾਂ ਵਿੱਚ ਹਾਰਨ ਦੇ ਤੌਖਲਿਆਂ ਦੇ ਚਲਦਿਆਂ ਮੁੱਖ ਮੰਤਰੀ ਸੰਵਿਧਾਨ ਦਾ ਨਿਰਾਦਰ ਕਰ ਰਹੀ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਚੱਕਰਵਾਤੀ ਤੂਫ਼ਾਨ ਫਾਨੀ ਮਗਰੋਂ ਦੋ ਵਾਰ ਹਾਲਾਤ ਦੇ ਜਾਇਜ਼ੇ ਲਈ ਮਮਤਾ ਦੀਦੀ ਨਾਲ ਰਾਬਤੇ ਦੀ ਕੋਸ਼ਿਸ਼ ਕੀਤੀ, ਪਰ ਮੁੱਖ ਮੰਤਰੀ ਨੇ ਫੋਨ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਸੂਬੇ ਦੀ ਭਲਾਈ ਨਾਲੋਂ ਆਪਣੇ ਪਰਿਵਾਰ, ਭਤੀਜੇ ਤੇ ਤੋਲਾਬਾਜਾਂ ਦੇ ਹਿਤਾਂ ਦੀ ਵਧੇਰੇ ਫ਼ਿਕਰ ਹੈ। ਚੇਤੇ ਰਹੇ ਕਿ ਬੈਨਰਜੀ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਿਆਦ ਪੁਗਾ ਚੁੱਕਾ ਪ੍ਰਧਾਨ ਮੰਤਰੀ’ ਆਖਦੀ ਹੈ।
ਇਸ ਦੌਰਾਨ ਯੂਪੀ ਦੇ ਆਜ਼ਮਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ‘ਮਹਾਮਿਲਾਵਟੀ’ ਵਿਰੋਧੀ ਪਾਰਟੀਆਂ ਦੇਸ਼ ਦੀ ਸੁਰੱਖਿਆ ਨੂੰ ਜੋਖ਼ਮ ਵਿਚ ਪਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਵਿੱਚ ‘ਖਿਚੜੀ’ ਗੱਠਜੋੜ ਨਾਲ ਦੇਸ਼ ਵਿੱਚ ਅਸਥਿਰਤਾ ਤੇ ਅਰਾਜਕਤਾ ਹੀ ਫੈਲੇਗੀ।

Previous article‘ਨਾਮਦਾਰਾਂ’ ਨੇ ਛੁੱਟੀਆਂ ਕੱਟਣ ਲਈ ਵਰਤੀ ਨੇਵਲ ਫਲੀਟ: ਜੇਤਲੀ
Next articleਪੱਛਮੀ ਬੰਗਾਲ ਵਿੱਚ ‘ਥੱਪੜ’ ਅਤੇ ‘ਡੰਡ ਬੈਠਕਾਂ’ ਦੀ ਸਿਆਸਤ