ਹਾਸਰਸ ਕਲਾਕਾਰ ਜਗਦੀਪ ਦੀ ਦੇਹ ਸਪੁਰਦ-ਏ-ਖ਼ਾਕ

ਮੁੰਬਈ (ਸਮਾਜਵੀਕਲੀ) :  ਬਾਲੀਵੁੱਡ ਦੇ ਸੀਨੀਅਰ ਹਾਸਰਸ ਅਭਿਨੇਤਾ ਜਗਦੀਪ ਦੀ ਦੇਹ ਨੂੰ ਅੱਜ ਦੁਪਹਿਰ ਇੱਥੇ ਦੱਖਣੀ ਮੁੰਬਈ ਦੇ ਬਾਇਕੁੱਲਾ ਸਥਿਤ ਕਬਰਿਸਤਾਨ ਵਿੱਚ ਸੁਪਰਦ-ਏ-ਖ਼ਾਕ ਕੀਤਾ ਗਿਆ। ਫਿਲਮ ‘ਸ਼ੋਅਲੇ’ ਵਿੱਚ ਸੂਰਮਾ ਭੋਪਾਲੀ ਦਾ ਕਿਰਦਾਰ ਨਿਭਾਊਣ ਲਈ ਜਾਣੇ ਜਾਂਦੇ ਜਗਦੀਪ ਦਾ ਦੇਹਾਂਤ ਬੀਤੀ ਰਾਤ ਮੁੰਬਈ ਵਿੱਚ ਆਪਣੇ ਘਰ ਵਿੱਚ ਹੋਇਆ ਸੀ। ਊਹ 81 ਵਰ੍ਹਿਆਂ ਦੇ ਸਨ।

ਜਗਦੀਪ ਦੀਆਂ ਅੰਤਿਮ ਰਸਮਾਂ ਮੌਕੇ ਕਰੀਬ 10-12 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ ਊਨ੍ਹਾਂ ਦੇ ਪੁੱਤਰ ਜਾਵੇਦ ਜਾਫ਼ਰੀ, ਨਾਵੇਦ ਜਾਫ਼ਰੀ, ਪੋਤਰਾ ਮੀਜ਼ਾਨ ਜਾਫ਼ਰੀ ਅਤੇ ਅਦਾਕਾਰ ਜੌਨੀ ਲੀਵਰ ਆਦਿ ਸ਼ਾਮਲ ਸਨ। ਬਾਲ ਕਲਾਕਾਰ ਵਜੋਂ ਫਿਲਮ ਜਗਤ ਵਿੱਚ ਕਦਮ ਰੱਖਣ ਵਾਲੇ ਜਗਦੀਪ ਦਾ ਅਸਲੀ ਨਾਂ ਸਈਦ ਇਸ਼ਤਿਆਕ ਅਹਿਮਦ ਜ਼ਾਫ਼ਰੀ ਸੀ।

ਊਨ੍ਹਾਂ ਨੇ ਮੁੱਖ ਅਦਾਕਾਰ ਵਜੋਂ ਵੀ ਕੰਮ ਕੀਤਾ ਪ੍ਰੰਤੂ ਊਨ੍ਹਾਂ ਨੂੰ ਸਭ ਤੋਂ ਵੱਧ ਸਫ਼ਲਤਾ ਹਾਸਰਸ ਕਲਾਕਾਰ ਵਜੋਂ ਮਿਲੀ। ਊਨ੍ਹਾਂ ਨੇ ‘ਖਿਲੌਨਾ’, ‘ਬ੍ਰਹਮਚਾਰੀ’, ‘ਪੁਰਾਣਾ ਮੰਦਿਰ’, ‘ਅੰਦਾਜ਼ ਅਪਨਾ ਅਪਨਾ’, ‘ਫੂਲ ਔਰ ਕਾਂਟੇ’ ਆਦਿ ਸਣੇ ਕਰੀਬ 400 ਫਿਲਮਾਂ ਵਿੱਚ ਅਭਿਨੈ ਕੀਤਾ।

ਇਸੇ ਦੌਰਾਨ ਮੈਗਾਸਟਾਰ ਅਮਿਤਾਭ ਬੱਚਨ ਨੇ ਜਗਦੀਪ ਨੂੰ ਯਾਦ ਕਰਦਿਆਂ ਅੱਜ ਆਪਣੇ ਬਲੌਗ ’ਤੇ ਲਿਖਿਆ ਕਿ ਫਿਲਮ ਜਗਤ ਨੇ ਇੱਕ ਹੋਰ ਰਤਨ ਗੁਆ ਦਿੱਤਾ ਹੈ। ਊਨ੍ਹਾਂ ਜਗਦੀਪ ਦੀ ਅਭਿਨੈ ਸ਼ੈਲੀ ਨੂੰ ਵਿਲੱਖਣ ਤੇ ਵਿਅਕਤੀਗਤ ਦੱਸਿਆ। ਊਨ੍ਹਾਂ ‘ਸ਼ੋਅਲੇ’ ਅਤੇ ‘ਸ਼ਹਿਨਸ਼ਾਹ’ ਸਣੇ ਕਈ ਫਿਲਮਾਂ ਵਿੱਚ ਜਗਦੀਪ ਨਾਲ ਕੰਮ ਕੀਤਾ ਸੀ।

Previous articleਨਿਜ਼ਾਮੂਦੀਨ ਮਰਕਜ਼: ਦਿੱਲੀ ਅਦਾਲਤ ਵਲੋਂ 60 ਮਲੇਸ਼ੀਆ ਵਾਸੀ ਰਿਹਾਅ
Next articleਦੇਸ਼ ’ਚ ਰਿਕਾਰਡ 24,879 ਨਵੇਂ ਕੇਸ ਸਾਹਮਣੇ ਆਏ